ਓਪਨ ਯੂਨੀਵਰਸਿਟੀ ਵੱਲੋਂ ਪੀ.ਐਚ.ਡੀ. ਪ੍ਰੋਗਰਾਮ ਦਾ ਆਗਾਜ਼; ਵਾਈਸ-ਚਾਂਸਲਰ, ਵੱਲੋਂ ਪੀ.ਐਚ.ਡੀ. ਪ੍ਰੋਸਪੈਕਟਸ ਜਾਰੀ
ਪਟਿਆਲਾ / royalpatiala.in News/ 18 ਦਸੰਬਰ 2025
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ (JGNDPSOU), ਪਟਿਆਲਾ ਵੱਲੋਂ ਪ੍ਰੋ. (ਡਾ.) ਰਤਨ ਸਿੰਘ, ਵਾਈਸ-ਚਾਂਸਲਰ, ਦੀ ਯੋਗ ਅਗਵਾਈ ਹੇਠ ਜਨਵਰੀ 2026 ਲਈ ਯੂ.ਜੀ.ਸੀ. ਰੈਗੂਲੇਸ਼ਨਸ, 2022 ਦੇ ਅਧੀਨ ਪੀਐਚਡੀ ਪ੍ਰੋਗਰਾਮਦੀ ਸ਼ੁਰੂਆਤ ਕੀਤੀ। ਪ੍ਰੋ. (ਡਾ.) ਰਤਨ ਸਿੰਘ, ਵਾਈਸ-ਚਾਂਸਲਰ, ਵੱਲੋਂ ਪੀ.ਐਚ.ਡੀ. ਪ੍ਰੋਸਪੈਕਟਸ ਜਾਰੀ ਕੀਤਾ ਗਿਆ।
ਪ੍ਰੋ. (ਡਾ.) ਰਤਨ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਉਦੇਸ਼ ਗੁਣਵੱਤਾ-ਅਧਾਰਿਤ ਖੋਜ ਨੂੰ ਪ੍ਰੋਤਸਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੀ.ਐਚ.ਡੀ. ਪ੍ਰੋਗਰਾਮ ਵਿਦਿਆਰਥੀਆਂ ਨੂੰ ਇੰਟਰਡਿਸਿਪਲੀਨਰੀ ਖੋਜ ਦੇ ਬਿਹਤਰੀਨ ਮੌਕੇ ਪ੍ਰਦਾਨ ਕਰੇਗਾ। ਯੂਨੀਵਰਸਿਟੀ ਵੱਲੋਂ ਰਿਸਰਚ ਸਕੋਲਰਾਂ ਨੂੰ ਆਧੁਨਿਕ ਸੁਵਿਧਾਵਾਂ ਅਤੇ ਮਾਹਰ ਅਕਾਦਮਿਕਾਂ ਵੱਲੋਂ ਉਚਿਤ ਮਾਰਗਦਰਸ਼ਨ ਮੁਹੱਈਆ ਕਰਵਾਇਆ ਜਾਵੇਗਾ।
ਇਸ ਮੌਕੇ ਡਾ. ਨਵਲੀਨ ਮੁਲਤਾਨੀ, ਡੀਨ ਰਿਸਰਚ, ਨੇ ਕਿਹਾ ਕਿ ਯੂਨੀਵਰਸਿਟੀ ਖੋਜ ਨੈਤਿਕਤਾ, ਨਵੀਨਤਾ ਅਤੇ ਗੁਣਵੱਤਾ ‘ਤੇ ਵਿਸ਼ੇਸ਼ ਜ਼ੋਰ ਦੇਵੇਗੀ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਖੋਜ ਦੇ ਖੇਤਰ ਵਿੱਚ ਉੱਚ ਮਿਆਰ ਸਥਾਪਿਤ ਕਰਨ ਲਈ ਵਚਨਬੱਧ ਹੈ।
ਪ੍ਰੋ. ਬਲਜੀਤ ਸਿੰਘ ਖਹਿਰਾ, ਰਜਿਸਟਰਾਰ; ਡਾ. ਅਮਿਤੋਜ ਸਿੰਘ, ਐਸੋਸੀਏਟ ਡੀਨ ਅਕਾਦਮਿਕ ਮਾਮਲੇ; ਡਾ. ਕੁਲਦੀਪ ਵਾਲੀਆ, ਡਾਇਰੈਕਟਰ, CIQA ਸਮੇਤ ਯੂਨੀਵਰਸਿਟੀ ਦੀ ਫੈਕਲਟੀ ਹਾਜ਼ਰ ਸੀ। ਯੂਨੀਵਰਸਿਟੀ ਵੱਲੋਂ ਪੀ.ਐਚ.ਡੀ. ਪ੍ਰੋਗਰਾਮ ਅਧੀਨ ਅੰਗਰੇਜ਼ੀ, ਪੰਜਾਬੀ, ਕੰਪਿਊਟਰ, ਇਤਿਹਾਸ, ਸਮਾਜਸ਼ਾਸਤਰ, ਅਰਥਸ਼ਾਸਤਰ, ਪ੍ਰਬੰਧਨ ਅਤੇ ਵਪਾਰ (ਮੈਨੇਜਮੈਂਟ ਐਂਡ ਕਾਮਰਸ) ਵੱਖ-ਵੱਖ ਵਿਸ਼ਿਆਂ ਵਿੱਚ ਦਾਖ਼ਲੇ ਕੀਤੇ ਜਾਣਗੇ।

ਯੂਨੀਵਰਸਿਟੀ ਦੇ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਦੇ ਅਧੀਨ ਸਥਾਪਿਤ ਸੈਂਟਰ ਫ਼ਾਰ ਜੈਂਡਰ ਐਂਡ ਕਲਚਰ ਸਟਡੀਜ਼ ਰਾਹੀਂ ਵੱਖ-ਵੱਖ ਵਰਕਸ਼ਾਪਾਂ, ਸੈਮੀਨਾਰ, ਕਾਨਫਰੰਸਾਂ ਅਤੇ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਹ ਗਤੀਵਿਧੀਆਂ ਰਿਸਰਚ ਸਕੋਲਰਾਂ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਦੇ ਖੋਜ ਕਾਰਜਾਂ ਵਿੱਚ ਨਿਖਾਰ ਲਿਆਉਣ ਵਿੱਚ ਸਹਾਇਕ ਸਾਬਤ ਹੋਣਗੀਆਂ। ਪੀ.ਐਚ.ਡੀ. ਦਾਖ਼ਲਿਆਂ ਲਈ ਉਮੀਦਵਾਰ ਯੂਨੀਵਰਸਿਟੀ ਦੀ ਵੈੱਬਸਾਈਟ https://psouadm.samarth.edu.in/phd/test.phpਰਾਹੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।












