ਸਿਹਤ ਮੰਤਰੀ ਦੇ ਪਰਿਵਾਰਕ ਮੈਂਬਰ ਦੱਸ ਕੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਾ ਝਾਂਸਾ ਦੇਣ ਵਾਲੇ 2 ਵਿਅਕਤੀ ਕਾਬੂ
ਬਹਾਦਰਜੀਤ ਸਿੰਘ/ਰੂਪਨਗਰ, 25 ਜੂਨ ,2025
ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਥਾਣਾ ਨੂਰਪੁਰ ਬੇਦੀ ਦੇ ਇਲਾਕੇ ਵਿੱਚ ਕੁੱਝ ਅਣ-ਪਛਾਤੇ ਵਿਅਕਤੀਆ ਵੱਲੋਂ ਸਿਹਤ ਮੰਤਰੀ, ਪੰਜਾਬ ਦੇ ਪਰਿਵਾਰਕ ਮੈਂਬਰ ਦੱਸ ਕੇ ਲੋਕਾਂ ਨੂੰ ਸਰਕਾਰੀ ਨੌਕਰੀਆਂ ‘ਤੇ ਲਗਵਾਉਣ ਦਾ ਕਹਿ ਕੇ ਪੈਸਿਆ ਦੀ ਮੰਗ ਕਰਨ ਸਬੰਧੀ ਸੂਚਨਾ ਮਿਲੀ ਸੀ।
ਗੁਲਨੀਤ ਸਿੰਘ ਖੁਰਾਣਾ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇੰਚਾਰਜ ਸੀ.ਆਈ.ਏ. ਸਟਾਫ ਰੂਪਨਗਰ ਇੰਸ. ਮਨਫੂਲ ਸਿੰਘ ਵਲੋਂ ਇਸ ਸੂਚਨਾ ਦੀ ਡੂੰਘਾਈ ਨਾਲ ਛਾਣਬੀਣ ਕੀਤੀ ਗਈ ਤਾਂ ਛਾਣਬੀਣ ਕਰਨ ਤੇ ਇਹ ਫੋਨ ਕਰਨ ਵਾਲਿਆ ਦੀ ਪਹਿਚਾਣ ਅਰਸ਼ਵੀਰ ਸਿੰਘ ਉਰਫ ਅਰਸ਼ੀ ਵਾਸੀ ਪਿੰਡ ਆਜਮਪੁਰ ਅਤੇ ਤਨੁਜ ਵਾਸੀ ਪਿੰਡ ਜੱਟਪੁਰ ਥਾਣਾ ਨੂਰਪੁਰਬੇਦੀ ਵਜੋਂ ਹੋਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਤਲਬ ਕਰਕੇ ਮੁੱਢਲੀ ਪੁੱਛ-ਪੜਤਾਲ ਕੀਤੀ ਗਈ ਹੈ। ਮੁੱਢਲੀ ਪੁੱਛ-ਪੜਤਾਲ ਤੋਂ ਖੁਲਾਸਾ ਹੋਇਆ ਕਿ ਦੋਨਾਂ ਵਲੋਂ ਲੋਕਾਂ ਨੂੰ ਆਪਣੀ ਗਲਤ ਪਹਿਚਾਣ ਦੱਸ ਕੇ ਫੋਨ ਕੀਤੇ ਜਾਂਦੇ ਸਨ ਅਤੇ ਇਸ ਸੰਬੰਧੀ ਇੰਨ੍ਹਾਂ ਵਿਅਕਤੀਆਂ ਤੋਂ ਹੋਰ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁੱਛ-ਪੜਤਾਲ ਤੋਂ ਮਗਰੋਂ ਜੇਕਰ ਇਨ੍ਹਾਂ ਵਲੋਂ ਲੋਕਾਂ ਤੋਂ ਪੈਸਿਆਂ ਦੀ ਠੱਗੀ ਮਾਰਨ ਬਾਰੇ ਕੋਈ ਗੱਲ ਸਾਬਤ ਹੁੰਦੀ ਹੈ ਤਾਂ ਇਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ. ਰੂਪਨਗਰ ਵੱਲੋਂ ਜ਼ਿਲ੍ਹੇ ਦੀ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਨੂੰ ਵੀ ਕੋਈ ਅਜਿਹਾ ਅਣ-ਪਛਾਤਾ ਫੋਨ ਆਉਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਅਤੇ ਨਾਲ ਹੀ ਜ਼ਿਲ੍ਹੇ ਵਿੱਚ ਤਾਇਨਾਤ ਸਰਕਾਰੀ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਅਜਿਹੇ ਅਣ-ਪਛਾਤੇ ਫੋਨਾਂ ਤੋਂ ਸੁਚੇਤ ਰਿਹਾ ਜਾਵੇ।
