ਚੰਦੂਮਾਜਰਾ ਤੇ ਰੱਖੜਾ ਨੇ 30 ਸਾਲਾਂ ਤੋਂ ਪਟਿਆਲਾ ’ਚ ਪਾਰਟੀ ਨੂੰ ਡੋਬਣ ਦਾ ਕੰਮ ਕੀਤਾ; ਖਹਿੜਾ ਛੁਟਣ ’ਤੇ ਲੱਡੂ ਵੰਡ ਕੇ ਮਨਾਈ ਖੁਸ਼ੀ: ਸੁਖਵਿੰਦਰਪਾਲ ਸਿੰਘ ਮਿੰਟਾ

258

ਚੰਦੂਮਾਜਰਾ ਤੇ ਰੱਖੜਾ ਨੇ 30 ਸਾਲਾਂ ਤੋਂ ਪਟਿਆਲਾ ’ਚ ਪਾਰਟੀ ਨੂੰ ਡੋਬਣ ਦਾ ਕੰਮ ਕੀਤਾ; ਖਹਿੜਾ ਛੁਟਣ ’ਤੇ ਲੱਡੂ ਵੰਡ ਕੇ ਮਨਾਈ ਖੁਸ਼ੀ: ਸੁਖਵਿੰਦਰਪਾਲ ਸਿੰਘ ਮਿੰਟਾ

ਪਟਿਆਲਾ, 28 ਜੂਨ,2024:

ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਕਿਹਾ ਹੈ ਕਿ  ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਪਿਛਲੇ 30 ਸਾਲਾਂ ਤੋਂ ਪਟਿਆਲਾ ’ਚ ਪਾਰਟੀ ਨੂੰ ਡੋਬਣ ਦਾ ਕੰਮ ਕੀਤਾ ਹੈ ਤੇ ਸਿਰਫ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਕੀਤੀ ਹੈ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਕਿਹਾ ਕਿ  ਚੰਦੂਮਾਜਰਾ ਤੇ ਸੁਰਜੀਤ ਰੱਖੜਾ ਨੇ ਪਾਰਟੀ ਵਿਚ ਰਹਿੰਦਿਆਂ ਆਪਣੀਆਂ ਮਨਮਰਜ਼ੀਆਂ ਚਲਾਈਆਂ ਤੇ ਹਮੇਸ਼ਾ ਛੋਟੇ ਵਰਕਰਾਂ ਤੇ ਆਗੂਆਂ ਨੂੰ ਰੋਲ ਕੇ ਰੱਖਿਆ ਹੈ ਤੇ ਉਹਨਾਂ ਨੂੰ ਖਰਚੇ ਦੀ ਵਗਾਰਾਂ ਪਾ ਕੇ ਆਪਣੀ ਰਾਜਨੀਤੀ ਚਮਕਾਈ ਹੈ। ਉਹਨਾਂ ਕਿਹਾ ਕਿ 30 ਸਾਲਾਂ ਤੋਂ ਦੋਵਾਂ ਆਗੂਆਂ ਦੇ ਕਾਰਣ ਪਟਿਆਲਾ ਲੋਕ ਸਭਾ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਹੁੰਦੀ ਆ ਰਹੀ ਹੈ ਤੇ ਇਸ ਵਾਰ ਹੋਈ ਹੈ। ਉਹਨਾਂ ਕਿਹਾ ਕਿ ਚੰਦੂਮਾਜਰਾ ਤੇ ਰੱਖੜਾ ਪਰਿਵਾਰ ਅਤੇ ਢੀਂਡਸਾ ਪਰਿਵਾਰ ਦੀ ਭਾਜਪਾ ਨਾਲ ਨਜ਼ਦੀਕੀ ਕਿਸੇ ਤੋਂ ਲੁਕੀ ਨਹੀਂ ਹੈ। ਇਸ ਵਾਰ ਵੀ ਇਹਨਾਂ ਲੋਕਾਂ ਨੇ ਭਾਜਪਾ ਨੂੰ ਵੋਟਾਂ ਪੁਆਈਆਂ ਹਨ, ਇਸੇ ਕਾਰਣ ਭਾਜਪਾ ਦਾ ਵੋਟ ਸ਼ੇਅਰ ਪੰਜਾਬ ਵਿਚ ਵਧਿਆ ਹੈ। ਉਹਨਾਂ ਕਿਹਾ ਕਿ ਤਿੰਨਾਂ ਰੱਖੜਾ ਭਰਾਵਾਂ ਦੀ ਅਮਿਤ ਸ਼ਾਹ ਨਾਲ ਮੀਟਿੰਗ ਦੀਆਂ ਤਸਵੀਰਾਂ ਸਭ ਨੇ ਵੇਖੀਆਂ ਹਨ। ਉਹਨਾਂ ਕਿਹਾ ਕਿ ਰੱਖੜਾ ਨੇ ਤਾਂ ਪਾਰਟੀ ਵਿਚੋਂ ਹਰਪਾਲ ਜੁਨੇਜਾ, ਹਰਮੀਤ ਸਿੰਘ ਪਠਾਣਮਾਜਰਾ, ਰਵਿੰਦਰ ਸਿੰਘ ਜੌਨੀ ਕੋਹਲੀ, ਅਜੀਤਪਾਲ ਸਿੰਘ ਕੋਹਲੀ ਵਰਗੇ ਅਨੇਕਾਂ ਆਗੂਆਂ ਨੂੰ ਭਜਾਉਣ ਦਾ ਕੰਮ ਕੀਤਾ ਹੈ।

ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਰਕਰ ਰੱਖੜਾ ਦੀ ਕੋਠੀ ਜਾਂਦਾ ਸੀ ਤਾਂ ਚੰਦੂਮਾਜਰਾ ਧੜਾ ਔਖਾ ਹੋ ਜਾਂਦਾ ਸੀ ਤੇ ਜੇਕਰ ਕੋਈ ਚੰਦੂਮਾਜਰਾ ਧੜੇ ਵਿਚ ਜਾਂਦਾ ਸੀ ਤਾਂ ਰੱਖੜਾ ਗਰੁੱਪ ਔਖਾ ਹੋ ਜਾਂਦਾ ਸੀ। ਉਹਨਾਂ ਕਿਹਾ ਕਿ ਹੁਣ ਦੋਵਾਂ ਨੇ ਹੱਥ ਮਿਲਾ ਕੇ ਅਕਾਲੀ ਦਲ ਦਾ ਨੁਕਸਾਨ ਕਰਨ ਦਾ ਕੰਮ ਕੀਤਾ ਹੈ।

ਚੰਦੂਮਾਜਰਾ ਤੇ ਰੱਖੜਾ ਨੇ 30 ਸਾਲਾਂ ਤੋਂ ਪਟਿਆਲਾ ’ਚ ਪਾਰਟੀ ਨੂੰ ਡੋਬਣ ਦਾ ਕੰਮ ਕੀਤਾ; ਖਹਿੜਾ ਛੁਟਣ ’ਤੇ ਲੱਡੂ ਵੰਡ ਕੇ ਮਨਾਈ ਖੁਸ਼ੀ: ਸੁਖਵਿੰਦਰਪਾਲ ਸਿੰਘ ਮਿੰਟਾ। ਮਿੰਟਾ ਨੇ ਕਿਹਾ ਕਿ ਦੋਵਾਂ ਦੀ ਬਗਾਵਤ ਤੋਂ ਪਾਰਟੀ ਦੇ ਆਮ ਆਗੂਆਂ ਤੇ ਵਰਕਰਾਂ ਦੀ ਖੁਸ਼ੀ ਦੀ ਲਹਿਰ ਹੈ ਕਿ ਇਹਨਾਂ ਤੋਂ ਹੁਣ ਖਹਿੜਾ ਛੁੱਟ ਗਿਆ ਹੈ ਤੇ ਹੁਣ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅੱਗੇ ਆਮ ਵਰਕਰਾਂ ਦੀ ਵੁੱਕਤ ਵਧੇਗੀ ਤੇ ਪਾਰਟੀ ਵਿਚ ਨਵੀਂ ਰੂਹ ਫੂਕੀ ਜਾਵੇਗੀ।

ਉਹਨਾਂ ਕਿਹਾ ਕਿ ਅਕਾਲੀ ਦਲ ਦੇ ਸਮੁੱਚੇ ਵਰਕਰ ਤੇ ਆਗੂ ਪੂਰੀ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਨ ਅਤੇ ਪਾਰਟੀ ਦੀ ਮਜ਼ਬੂਤੀ ਵਾਸਤੇ ਦਿਨ ਰਾਤ ਇਕ ਕਰ ਦੇਣਗੇ।ਉਹਨਾਂ ਕਿਹਾ ਕਿ ਅਜਿਹੇ ਗੱਦਾਰਾਂ ਕਾਰਣ ਪਾਰਟੀ ਦਾ ਨੁਕਸਾਨ ਹੋ ਰਿਹਾਸੀ  ਤੇ ਹੁਣ ਇਹਨਾਂ ਦੇ ਬਾਗੀ ਹੋਣ ਨਾਲ ਅੰਦਰਖਾਤੇ ਹੋ ਰਿਹਾ ਨੁਕਸਾਨ ਵੀ ਰੁਕੇਗਾ ਤੇ ਪਾਰਟੀ ਮਜ਼ਬੂਤ ਵੀ ਹੋਵੇਗੀ।

ਇਸ ਮੌਕੇ ਉਹਨਾਂ ਚੰਦੂਮਾਜਰਾ ਤੇ ਰੱਖੜਾ ਤੋਂ ਖਹਿੜਾ ਛੁੱਟਣ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ।