ਜੇਕਰ ਰੋਪੜ ਥਰਮਲ ਪਲਾਂਟ ਦੇ ਇੰਜੀਨੀਅਰ ਸੰਘਰਸ਼ ਦਾ ਰਸਤਾ ਅਖਤਿਆਰ ਕਰਦੇ ਹਨ ਤਾਂ ਲਹਿਰਾ ਮੁਹੱਬਤ ਦੇ ਇੰਜੀਨੀਅਰ ਉਹਨਾਂ ਨੂੰ ਪੂਰਨ ਸਹਿਯੋਗ ਦੇਣਗੇ- ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ
ਲਹਿਰਾ ਮੁਹੱਬਤ/ ਬਠਿੰਡਾ /8 ਜਨਵਰੀ, 2024
ਲਹਿਰਾ ਮੁਹੱਬਤ ਥਰਮਲ ਪਲਾਂਟ ਵਿਖੇ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਦੀ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਰੋਪੜ ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਜੋ ਕਿ ਮਾਈਕਰੋਹਾਈਡਲ ਪਲਾਂਟ ਤੇ ਪਏ ਨੁਕਸ ਨੂੰ ਦੂਰ ਕਰਨ ਦੇ ਕੰਮ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਪਹੁੰਚੇ ਸਨ ਅਤੇ ਉਹਨਾਂ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ, ਦੇ ਮਾਮਲੇ ਨੂੰ ਵਿਚਾਰਿਆ ਗਿਆ।
ਮੀਟਿੰਗ ਦੌਰਾਨ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਸ਼ਰਾਰਤੀ ਅਨਸਰਾਂ ਦੀ ਇਸ ਹਰਕਤ ਦੀ ਨਿੰਦਾ ਕੀਤੀ ਗਈ ਅਤੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਹਮਲਾਵਰਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪੁਲਿਸ ਪ੍ਰਸ਼ਾਸਨ ਵੱਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੀ ਦੇਰੀ ਕਾਰਨ ਜੇਕਰ ਰੋਪੜ ਥਰਮਲ ਪਲਾਂਟ ਦੇ ਇੰਜੀਨੀਅਰ ਸੰਘਰਸ਼ ਦਾ ਰਸਤਾ ਅਖਤਿਆਰ ਕਰਦੇ ਹਨ ਤਾਂ ਇਸ ਵਿੱਚ ਲਹਿਰਾ ਮੁਹੱਬਤ ਦੇ ਇੰਜੀਨੀਅਰ ਉਹਨਾਂ ਨੂੰ ਪੂਰਨ ਸਹਿਯੋਗ ਦੇਣਗੇ।
ਪੀਐਸ ਪੀ ਸੀ ਐਲ ਦੇ ਅਧਿਕਾਰੀ ਅਤੇ ਕਰਮਚਾਰੀ ਪੰਜਾਬ ਦੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹਨ, ਜਿਸ ਲਈ ਉਹ ਦਿਨ ਰਾਤ ਆਪਣੀ ਡਿਊਟੀ ਨਿਭਾਉਂਦੇ ਹਨ। ਡਿਊਟੀ ਦੌਰਾਨ ਕਰਮਚਾਰੀਆਂ ਅਧਿਕਾਰੀਆਂ ਉੱਪਰ ਜਾਨਲੇਵਾ ਹਮਲਾ ਹੋਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਅਤੇ ਜੇਕਰ ਮੁੱਖ ਇੰਜਨੀਅਰ ਪੱਧਰ ਦਾ ਅਧਿਕਾਰੀ ਵੀ ਸੁਰੱਖਿਤ ਨਹੀਂ ਹੈ ਤਾਂ ਇੰਨੇ ਮਾੜੇ ਹਾਲਾਤਾਂ ਵਿੱਚ ਹੇਠਲੇ ਪੱਧਰ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੇ ਡਿਊਟੀ ਪੂਰੀ ਤਨਦੇਹੀ ਨਾਲ ਨਹੀਂ ਨਿਭਾ ਸਕਣਗੇ।
ਇਸ ਲਈ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਮਿਸਾਲੀ ਸਜਾ ਦਿੱਤੀ ਜਾਵੇ ਤਾਂ ਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ।