ਸ੍ਰੀ ਅਨੰਦਪੁਰ ਸਾਹਿਬ ਨੂੰ ਜਿਲਾ ਬਣਾਉਣ ਸਬੰਧੀ ਪਹਿਲਾਂ ਰਾਇਸ਼ੁਮਾਰੀ ਕਰਵਾਈ ਜਾਵੇਗੀ – ਹਰਜੋਤ ਸਿੰਘ ਬੈਂਸ
ਬਹਾਦਰਜੀਤ ਸਿੰਘ/ ਰੂਪਨਗਰ, 16 ਮਾਰਚ,2024
ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜਿਲਾ ਬਣਾਉਣ ਸਬੰਧੀ ਪਹਿਲਾਂ ਰਾਇਸ਼ੁਮਾਰੀ ਕਰਵਾਈ ਜਾਵੇਗੀ ਇਸ ਮਗਰੋਂ ਪੰਜਾਬ ਸਰਕਾਰ ਸਬੰਧਤ ਲੋਕਾਂ ਅਤੇ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਹੀ ਯੋਗ ਫੈਸਲਾ ਲਵੇਗੀ।
ਅੱਜ ਰੂਪਨਗਰ ਪ੍ਰੈਸ ਕਲੱਬ ਵਿਖੇ ਪ੍ਰੈਸ ਨੂੰ ਮਿਲੋ’ ਪ੍ਰੋਗਰਾਮ ਅਧੀਨ ਗੱਲਬਾਤ ਕਰਦਿਆਂ ਪੰਜਾਬ ਦੇ ਸਿੱਖਿਆ, ਉਦਯੋਗਿਕ ਸਿਖਲਾਈ ਅਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜਿਲਾ ਬਣਾਉਣ ਦੀ ਮੰਗ ਕਾਫੀ ਸਮੇਂ ਤੋਂ ਲੋਕਾਂ ਵਲੋਂ ਕੀਤੀ ਜਾ ਰਹੀ ਹੈ ਪਰ ਸਰਕਾਰ ਕੋਈ ਵੀ ਫੈਸਲਾ ਲੈਣ ਤੋ ਪਹਿਲਾਂ ਸਾਰੇ ਲੋਕਾਂ ਨੂੰ ਵਿਸ਼ਵਾਸ਼ ਵਿਚ ਲੈ ਕੇ ਅਗਲੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸਾਰੇ ਲੋਕਾਂ ਦੀ ਰਾਏ ਨੂੰ ਮਹੱਤਵ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਗਰੋਂ ਪੰਜਾਬ ਦੇ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਪਹਿਲਾਂ ਨਾਲੋਂ ਵਧਿਆ ਹੈ ਅਤੇ ਹੁਣ ਲੋਕੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਰਹੇ ਹਨ ।
ਉਨਾਂ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਪ੍ਰਾਈਵੇਟ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਸਿੱਖਿਆ ਲਈ ਦਾਖਲ ਕਰਵਾਉਦੇ ਸਨ ਪਰ ਹੁਣ ਇਹ ਅਧਿਕਾਰੀ ਅਤੇ ਹੋਰ ਲੋਕ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਸਿੱਖਿਆ ਦਿਵਾਉਣ ਵਿਚ ਤਰਜੀਹ ਦੇ ਰਹੇ ਹਨ। ਉਨਾਂ ਕਿਹਾ ਕਿ ਉਨਾਂ ਦੀ ਜਾਣਕਾਰੀ ਅਨੁਸਾਰ ਪੰਜਾਬ ਦੇ ਇੱਕ ਡਿਪਟੀ ਕਮਿਸ਼ਨਰ ਦਾ ਬੱਚਾ ਸਰਕਾਰੀ ਸਕੂਲ ਦਾ ਵਿਦਿਆਰਥੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਵਿਚ ਸਕੂਲ ਆਫ਼ ਐਮੀਨੈੰਸ ਖੋਲੇ ਗਏ ਹਨ ਜਿੱਥੇ ਵੱਡੀ ਗਿਣਤੀ ਵਿਚ ਵਿਦਿਆਰਥੀ ਦਾਖਲੇ ਲਈ ਅੱਗੇ ਆ ਰਹੇ ਹਨ। ਇਸ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਇਕ ਪੋਰਟਲ ਖੋਲਿਆ ਗਿਆ ਹੈ ਜਿਸ ਉੱਤੇ ਸਬੰਧਤ ਵਿਦਿਆਰਥੀ ਅਪਲਾਈ ਕਰ ਸਕਦੇ ਹਨ ਅਤੇ ਉਸ ਮਗਰੋਂ ਦਾਖਲਾ ਕੇਵਲ ਮੈਰਿਟ ਦੇ ਅਧਾਰ ਉੱਤੇ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਾਰੀਆਂ ਮੁਢਲੀਆਂ ਸਹੂਲਤਾਂ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਚਾਰ ਦਿਵਾਰੀ, ਪਾਣੀ ਦਾ ਪ੍ਰਬੰਧ, ਖੇਡਾਂ, ਕਲਾਸ ਰੂਮਾਂ ਦੀ ਉਸਾਰੀ ਆਦਿ ਸ਼ਾਮਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਸਹੀ ਅਰਥਾਂ ਵਿਚ ਬਣਾਉਣ ਅਤੇ ਲਾਗੂ ਕਰਨ ਲਈ ਜਿਲਾ ਪੱਧਰੀ ਅਤੇ ਰਾਜ ਪੱਧਰੀ ਅਧਿਕਾਰਤ ਕਮੇਟੀ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਹੋਰ ਤਰਜੀਹ ਦਿੱਤੀ ਜਾ ਸਕੇ। ਉਨਾਂ ਕਿਹਾ ਕਿ ਰਾਜ ਦਾ ਰੂਪਨਗਰ ਜਿਲਾ ਕੁਦਰਤੀ ਤੌਰ ਤੇ ਬਹੁਤ ਹੀ ਸੰੁਦਰ ਜਿਲਾ ਹੈ ਅਤੇ ਇਸ ਜਿਲੇ ਵਿਚ ਸੈਰ ਸਪਾਟੇ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਹਨ ਜਿਸ ਨਾਲ ਇਸ ਜਿਲੇ ਵਿਚ ਰੋਜਗਾਰ ਦੇ ਹੋਰ ਸਾਧਨ ਵਧਣਗੇ। ਉਨਾਂ ਇਹ ਵੀ ਦੱਸਿਆ ਕਿ ਸਰਕਾਰ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਹੋਰ ਮੁਢਲੀਆਂ ਸਹੂਲਤਾਂ ਦਾ ਵਿਕਾਸ ਕਰ ਰਹੀ ਹੈ ਅਤੇ ਇਸ ਜਿਲੇ ਵਿਚ ਹੋਟਲ ਕੰਪਨੀਆਂ ਨੂੰ ਵੀ ਬੁਲਾਇਆ ਜਾ ਰਿਹਾ ਹੈ ਤਾਂ ਕਿ ਜਿਲੇ ਵਿਚ ਯਾਤਰੀਆਂ ਲਈ ਰਿਹਾਇਸ਼ ਦਾ ਲੋੜੀਂਦਾ ਪ੍ਰਬੰਧ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਜਿਲੇ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵੀ ਬਹੁਤ ਵਧੀਆ ਸਾਧਨ ਪੈਦਾ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਖਾਲਸੇ ਦੀ ਇਸ ਜਨਮ ਭੂਮੀ ਦੇ ਦਰਸ਼ਨਾਂ ਲਈ ਆਉਣ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ -ਖਾਲਸਾ ਦਾ ਮਹੱਤਤਾ ਨੂੰ ਹੋਰ ਉਜਾਗਰ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਵਿਦੇਸ਼ ਤੋ ਲੋਕ ਇਸਦੀ ਮਹੱਤਤਾ ਨੂੰ ਹੋਰ ਜਾਣਨ। ਉਨ੍ਹਾਂ ਕਿਹਾ ਕਿ ਰੂਪਨਗਰ ਜਿਲੇ ਅਤੇ ਪਠਾਨਕੋਟ ਖੇਤਰ ਵਿਚ ਰੇਤਾ, ਪੱਥਰ ਅਤੇ ਮਾਈਨਿੰਗ ਦੀਆਂ ਸਭ ਤੋਂ ਵੱਧ ਖੱਡਾਂ ਹਨ ਜਿਸ ਉੱਤੇ ਸਰਕਾਰੀ ਕੰਟਰੋਲ ਪੂਰੀ ਤਰਾਂ ਕੀਤਾ ਜਾ ਰਿਹਾ ਹੈ ਤਾਂ ਕਿ ਨਜਾਇਜ ਮਾਈਨਿੰਗ ਨੂੰ ਠੱਲ੍ਹ ਪਾਈ ਜਾ ਸਕੇ। ਸਮਾਰੋਹ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਪ੍ਰੈੱਸ ਕਲੱਬ ਆਪਣੀ ਵਧੀਆ ਪੱਤਰਕਾਰੀ ਲਈ ਜਾਣਿਆ ਜਾਂਦਾ ਹੈ ਅਤੇ ਇਹ ਪ੍ਰੈਸ ਕਲੱਬ ਪੱਤਰਕਾਰੀ ਤੋ ਇਲਾਵਾ ਸਮਾਜਿਕ ਅਤੇ ਹੋਰ ਗਤੀਵਿਧੀਆਂ ਵਿਚ ਭਾਗ ਲੈ ਰਿਹਾ ਹੈ ਅਤੇ ਜਿਲੇ ਦੇ ਵਿਕਾਸ ਵਿਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਮੌਕੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰੈਸ ਕਲੱਬ ਦੇ ਵਿਕਾਸ ਲਈ ਆਪਣੇ ਅਖਤਿਆਰੀ ਫੰਡ ਵਿਚੋ 10 ਲੱਖ ਰੁਪਇਆ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਮੰਤਰੀ ਹਰਜੋਤ ਬੈਂਸ ਅਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਦਾ ਸਵਾਗਤ ਕਰਦਿਆਂ ਰੂਪਨਗਰ ਪ੍ਰੈਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਕਿਹਾ ਕਿ ਇਸ ਪ੍ਰੈਸ ਕਲੱਬ ਆਪਣੀਆਂ ਉੱਚ ਕਦਰਾਂ ਕੀਮਤਾਂ ਬਣਾਉਣ ਲਈ ਜਾਣਿਆ ਜਾਂਦਾ ਹੈ ਅਤੇ ਕਲੱਬ ਦੀ ਇਹ ਕੋਸ਼ਿਸ਼ ਹੈ ਕਿ ਸੱਚੀ ਸੁੱਚੀ ਪੱਤਰਕਾਰੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਸਭਤੋਂ ਵਧੀਆ ਪ੍ਰੈਸ ਕਲੱਬ ਹੈ ਜਿਸ ਵਿਚ ਹੋਰ ਸਹੂਲਤਾਂ ਜਲਦ ਹੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪ੍ਰੈਸ ਕਲੱਬਾਂ ਲਈ ਵਿਸੇਸ਼ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ। ਅੱਜ ਦੇ ਇਸ ਸਮਾਰੋਹ ਦੀ ਸਟੇਜ ਦਾ ਸੰਚਾਲਨ ਪ੍ਰੈਸ ਦੇ ਸਕੱਤਰ ਸਤਨਾਮ ਸਿੰਘ ਸੱਤੀ ਵਲੋਂ ਕੀਤਾ ਗਿਆ ਉਨ੍ਹਾਂ ਨੇ ਇਸ ਮੌਕੇ ਤੇ ਪ੍ਰੈਸ ਕਲੱਬ ਦੀ ਉਸਾਰੀ ਦੇ ਪਿਛੋਕੜ ਅਤੇ ਇਸਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਪ੍ਰੈਸ ਕਲੱਬ ਰਾਂਹੀ ਪੱਤਰਕਾਰਾਂ ਨੂੰ ਆਪਣੀ ਭੂਮਿਕਾ ਨਿਭਾਉਣ ਵਿਚ ਸਹਾਇਤਾ ਤੇ ਅਗਵਾਈ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਰੂਪਨਗਰ ਪ੍ਰੈਸ ਕਲੱਬ ਪੱਤਰਕਾਰੀ ਤੋ ਇਲਾਵਾ ਸਮਾਜ ਸੇਵਾ ਦੇ ਖੇਤਰ ਵਿਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ ਅਤੇ ਸਮੇਂ ਸਮੇਂ ਤੇ ਪ੍ਰੈਸ ਕਲੱਬ ਵਿਚ ਮੈਡੀਕਲ ਕੈਂਪ ਆਦਿ ਆਯੋਜਿਤ ਕੀਤੇ ਜਾ ਰਹੇ ਹਨ।
ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਧਾਇਕ ਦਿਨੇਸ਼ ਚੱਢਾ ਅਤੇ ਆਏ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਲੱਬ ਦੇ ਸੀਨੀਅਰ ਪੱਤਰਕਾਰ ਅਤੇ ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ ਨੇ ਕਿਹਾ ਕਿ ਇਹ ਪ੍ਰੈਸ ਕਲੱਬ ਸਰਕਾਰ ਤੇ ਲੋਕਾਂ ਵਿਚਕਾਰ ਇਕ ਪੁਲ ਦਾ ਕੰਮ ਕਰ ਰਿਹਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਪ੍ਰੈਸ ਕਲੱਬਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ । ਇਸ ਮੌਕੇ ਹੋਰਨਾਂ ਤੋ ਇਲਾਵਾ ਮੰਤਰੀ ਹਰਜੋਤ ਸਿੰਘ ਬੈਂਸ ਦੇ ਮੀਡੀਆ ਕੋਆਰਡੀਨੇਟਰ ਦੀਪਕ ਸੋਨੀ ਅਤੇ ਕਲੱਬ ਦੇ ਆਨਰੇਰੀ ਮੈਂਬਰ ਰਾਜੇਸ਼ ਵਾਸੂਦੇਵਾ ਵੀ ਹਾਜਰ ਸਨ।