ਵਿਦਿਆਰਥੀਆਂ ਵੱਲੋਂ ਲਏ ਸੁਪਨੇ ਸਾਕਾਰ ਕਰਨਗੇ ਪੰਜਾਬ ਦੇ ਸਰਕਾਰੀ ਸਕੂਲ-ਡਾ. ਬਲਬੀਰ ਸਿੰਘ

83

ਵਿਦਿਆਰਥੀਆਂ ਵੱਲੋਂ ਲਏ ਸੁਪਨੇ ਸਾਕਾਰ ਕਰਨਗੇ ਪੰਜਾਬ ਦੇ ਸਰਕਾਰੀ ਸਕੂਲ-ਡਾ. ਬਲਬੀਰ ਸਿੰਘ

ਪਟਿਆਲਾ, 11 ਅਪ੍ਰੈਲ, 2025:

ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਪਟਿਆਲਾ ਦਿਹਾਤੀ ਹਲਕੇ ਦੇ 4 ਸਰਕਾਰੀ ਸਕੂਲਾਂ ਵਿਖੇ 24.87 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਵੱਖ-ਵੱਖ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ।

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਕੂਲਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਕਦਰ ਸਮਰੱਥ ਤੇ ਵਿਕਸਤ ਬਣਾ ਦਿੱਤਾ ਗਿਆ ਹੈ ਕਿ ਹੁਣ ਸਾਡੇ ਸਰਕਾਰੀ ਸਕੂਲ ਵਿਦਿਆਰਥੀਆਂ ਵੱਲੋਂ ਲਏ ਗਏ ਸੁਪਨੇ ਸਾਕਾਰ ਕਰਨ ਲਈ ਰਾਹ ਦਸੇਰੇ ਸਾਬਤ ਹੋਣਗੇ। ਇਸ ਦੌਰਾਨ ਸਿਹਤ ਮੰਤਰੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਇੰਦਰਾ ਕਲੋਨੀ, ਹਰਦਾਸਪੁਰ, ਕਰਮਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕੇਸ਼ੋ ਵਿਖੇ ਨਵੇਂ ਕਲਾਸ ਰੂਮ, ਚਾਰਦੀਵਾਰੀ, ਸਾਇੰਸ ਲੈਬ ਸਮੇਤ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਰਾਜ ‘ਚ ਗੈਂਗਸਟਰਵਾਦ, ਨਸ਼ੇ ਤੇ ਬੇਰੁਜ਼ਗਾਰੀ ਲਿਆਂਦੀ ਤੇ ਸੂਬੇ ਨੂੰ ਰੋਲ ਕੇ ਰੱਖ ਦਿੱਤਾ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੌਜੂਦਾ ਪੰਜਾਬ ਸਰਕਾਰ ਨੇ ਰਾਜ ‘ਚ ਸਿਹਤ, ਸਿੱਖਿਆ ਅਤੇ ਰੋਜ਼ਗਾਰ ਦੀ ਕ੍ਰਾਂਤੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ‘ਸਾਨੂੰ ਰਾਜਨੀਤੀ ਨਹੀਂ ਬਲਕਿ ਸਕੂਲ ਤੇ ਹਸਪਤਾਲ ਬਣਾਉਣੇ ਆਉਂਦੇ ਹਨ ਅਤੇ ਸਿਹਤ ਤੇ ਸਿੱਖਿਆ ਸਾਡੀ ਪਹਿਲੀ ਤਰਜੀਹ ਹੈ।’

ਇਸ ਮੌਕੇ ਪੁੱਜੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪੰਜਾਬ ਸਿੱਖਿਆ ਕ੍ਰਾਂਤੀ ਲਿਆ ਕੇ ਰਾਜ ਦੇ ਸਰਕਾਰੀ ਸਕੂਲਾਂ ਨੂੰ ਅਜਿਹੀ ਸਿੱਖਿਆ ਦੇਣ ਦੇ ਕਾਬਲ ਬਣਾਇਆ ਹੈ ਕਿ ਹੁਣ ਸਾਡੇ ਨੌਜਵਾਨ ਬਾਹਰਲੇ ਮੁਲਕਾਂ ਵਿੱਚੋਂ ਹੱਥਕੜੀਆਂ ਲਗਾ ਕੇ ਵਾਪਸ ਨਹੀਂ ਆਉਣਗੇ, ਸਗੋਂ ਉਹ ਡਾਕਟਰ, ਇੰਜੀਨੀਅਰ ਤੇ ਅਧਿਆਪਕ ਬਣਨਗੇ। ਉਨ੍ਹਾਂ ਕਿਹਾ ਕਿ, ‘ਅਸੀਂ, ਇਕੱਲੇ-ਇਕੱਲੇ ਪਿੰਡ ਵਿੱਚ ਦਵਾਈ ਤੇ ਪੜ੍ਹਾਈ ਪਹੁੰਚਾ ਰਹੇ ਹਾਂ ਪਰੰਤੂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਬਰਬਾਦ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।’

ਵਿਦਿਆਰਥੀਆਂ ਵੱਲੋਂ ਲਏ ਸੁਪਨੇ ਸਾਕਾਰ ਕਰਨਗੇ ਪੰਜਾਬ ਦੇ ਸਰਕਾਰੀ ਸਕੂਲ-ਡਾ. ਬਲਬੀਰ ਸਿੰਘ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਜਿਹੇ ਪ੍ਰਬੰਧ ਕਰ ਰਹੀ ਹੈ ਕਿ ਸਾਡੇ ਬੱਚਿਆਂ ਨੂੰ ਮੈਡੀਕਲ ਸਮੇਤ ਹੋਰ ਉਚੇਰੀ ਸਿੱਖਿਆ ਤੇ ਨੌਕਰੀਆਂ ਲਈ ਬਾਹਰ ਨਾ ਜਾਣਾ ਪਵੇ ਸਗੋਂ ਸਾਡੇ ਪੰਜਾਬ ਵਿੱਚ ਹੀ ਹਰ ਤਰ੍ਹਾਂ ਦੇ ਮੌਕੇ ਪ੍ਰਦਾਨ ਹੋਣ। ਉਨ੍ਹਾਂ ਸੱਦਾ ਦਿੱਤਾ ਕਿ ਲੋਕ ਪੰਜਾਬ ਸਰਕਾਰ ਦਾ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸਾਥ ਦੇਣ।

ਇਸ ਮੌਕੇ ਜਸਬੀਰ ਸਿੰਘ ਗਾਂਧੀ, ਐਡਵੋਕੇਟ ਰਾਹੁਲ ਸੈਣੀ, ਡਿਪਟੀ ਮੇਅਰ ਜਗਤਾਰ ਸਿੰਘ ਜੱਗਾ, ਸੁਰੇਸ਼ ਰਾਏ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼ਾਲੂ ਮਹਿਰਾ, ਬੀ.ਪੀ.ਈ.ਓ. ਪ੍ਰਿਥੀ ਸਿੰਘ, ਸੀ.ਐਚ.ਟੀ. ਸੁਰੇਸ਼ ਕੁਮਾਰ, ਅਧਿਆਪਕ ਸੁਖਵੀਰ ਕੌਰ, ਜਸਵਿੰਦਰ ਕੌਰ, ਜਸਬੀਰ ਕੌਰ, ਭੁਪਿੰਦਰ ਸਿੰਘ, ਇੰਜ. ਅਮਰਜੀਤ ਸਿੰਘ ਤੇ ਪ੍ਰਿੰਸੀਪਲ ਜਸਪਾਲ ਸਿੰਘ, ਭੁਪਿੰਦਰ ਸਿੰਘ ਝਿੱਲ, ਹਰਪਾਲ ਸਿੰਘ ਵਿਰਕ, ਸਤਨਾਮ ਸਿੰਘ, ਜਸਵਿੰਦਰ ਸਿੰਘ ਡੀਸੀ, ਆਸ਼ਾ ਰਾਣੀ ਤੇ ਸੋਹਨ ਲਾਲ ਕਰਮਗੜ੍ਹ ਆਦਿ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।