ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਲਗਾਉਣ ਨਾਲ ਪੰਜਾਬ ਦੇ ਖ਼ਜਾਨੇ ਉੱਤੇ ਆਰਥਿਕ ਬੋਝ ਵਧੇਗਾ:- ਪ੍ਰੋ. ਚੰਦੂਮਾਜਰਾ
ਬਹਾਦਰਜੀਤ ਸਿੰਘ /ਰੂਪਨਗਰ, 1 ਸਤੰਬਰ,2022:
ਅੱਜ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਨਿਯੁਕਤ ਕੀਤੇ 14 ਚੇਅਰਮੈਨਾਂ ਨੂੰ ਪੰਜਾਬ ਦੇ ਖ਼ਜਾਨੇ ਉੱਤੇ ਵੱਡਾ ਆਰਥਿਕ ਬੋਝ ਕਰਾਰ ਦਿੱਤਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਚੋਣਾਂ ਤੋਂ ਪਹਿਲਾਂ ਜੋ ਫ਼ਜੂਲ ਦੇ ਖਰਚੇ ਘਟਾਉਣ ਦਾ ਵਅਦਾ ਕੀਤਾ ਗਿਆ ਸੀ, ਅੱਜ ਆਪ ਸਰਕਾਰ ਉਨ੍ਹਾਂ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਉਨਾਂ ਆਖਿਆ ਕਿ ਖ਼ਾਸ ਤੌਰ ‘ਤੇ ਮੁੱਖ ਮੰਤਰੀ ਵੱਲੋਂ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਨੂੰ ਪੱਕੇ ਤੌਰ ‘ਤੇ ਬੰਦ ਕਰਨ ਦੀ ਗੱਲ ਕੀਤੀ ਗਈ ਸੀ, ਪ੍ਰੰਤੂ ਅਚਾਨਕ ਦਰਜਨ ਤੋਂ ਵੀ ਵੱਧ ਚੇਅਰਮੈਨਾਂ ਦੀ ਨਿਯੁਕਤੀ ਸੂਬੇ ਦੇ ਲੋਕਾਂ ਨਾਲ ਕੀਤੀ ਵਾਅਦਾਖ਼ਿਲਾਫੀ ਦੀ ਮਿਸ਼ਾਲ ਹੈ। ਉਨ੍ਹਾਂ ਆਖਿਆ ਕਿ ਪੰਜਾਬ ਪਹਿਲਾਂ ਤੋਂ ਹੀ ਕਰਜ਼ੇ ਦੇ ਭਾਰ ਹੇਠ ਦੱਬਿਆ ਹੋਇਆ ਹੈ, ਪ੍ਰੰਤੂ ਅਜਿਹੇ ਸਮੇਂ ਆਪ ਸਰਕਾਰ ਵੱਲੋਂ ਚੇਅਰਮੈਨਾਂ ਦੀ ਨਿਯੁਕਤੀਆਂ ਕਰਨਾ ਸੂਬੇ ਨੂੰ ਹੋਰ ਆਰਥਿਕ ਮਾਰ ਝੱਲਣ ਲਈ ਮਜ਼ਬੂਰ ਕਰੇਗਾ।

ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਦੂਜੇ ਪਾਸੇ ਸੂਬੇ ਅੰਦਰ ਕੁਦਰਤੀ ਆਫ਼ਤਾਂ ਕਰਕੇ ਹੋਏ ਫ਼ਸਲਾਂ ਦੇ ਨੁਕਸਾਨ ਦੀ ਸਮੀਖਿਆ ਕਰਨ ਲਈ ਸਰਕਾਰ ਵੱਲੋਂ ਕੋਈ ਕਮੇਟੀ ਗਠਿਤ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਸੂਬੇ ਵਿੱਚ ਹੜ੍ਹਾਂ ਅਤੇ ਬੇਮੌਸਮੀ ਬਰਸਾਤ ਕਰਕੇ ਹੋਏ ਕਣਕ, ਝੋਨੇ ਅਤੇ ਸਬਜੀਆਂ ਦੇ ਨੁਕਸਾਨ ਦਾ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਮਾਲਵੇ ‘ਚ ਚਿੱਟੀ ਮੱਖੀ ਨਾਲ ਹੋਏ ਨੁਕਸਾਨ ਦੇ ਨਰਮੇ ਅਤੇ ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਿਸਮਤ ਦੇ ਸਹਾਰੇ ਰੁੱਲਣ ‘ਤੇ ਛੱਡ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਆਪ ਸਰਕਾਰ ਝੂਠ ਨੂੰ ਸੱਚ ਬਣਾਉਣ ਲਈ ਫੋਕੀ ਸੌਹਰਤ ਹਾਸਿਲ ਕਰਨ ਲਈ ਇਸਤਿਹਾਰਬਾਜ਼ੀ ‘ਤੇ ਕਰੋੜਾਂ ਰੁਪਏ ਖਰਚ ਕਰਕੇ ਪੰਜਾਬ ਦੇ ਖ਼ਜਾਨੇ ਨੂੰ ਖ਼ੋਰਾ ਲਾ ਰਹੀ ਹੈ।
