ਪੰਜਾਬੀ ਯੂਨੀਵਰਸਿਟੀ ਨੇ ਨਵੇਂ ਡਾਇਰੈਕਟਰ ਕਾਂਸਟੀਚੁਐਂਟ ਕਾਲਜ ਦੀ ਨਿਯੁਕਤੀ ਕੀਤੀ

1599

ਪੰਜਾਬੀ ਯੂਨੀਵਰਸਿਟੀ ਨੇ ਨਵੇਂ ਡਾਇਰੈਕਟਰ ਕਾਂਸਟੀਚੁਐਂਟ ਕਾਲਜ ਦੀ ਨਿਯੁਕਤੀ ਕੀਤੀ

ਪਟਿਆਲਾ / ਜਨਵਰੀ 9,2024

ਪੰਜਾਬੀ ਯੂਨੀਵਰਸਿਟੀ ਵਿਖੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਪ੍ਰੋ. ਅਮਰਦੀਪ ਸਿੰਘ ਨੇ ਡਾਇਰੈਕਟਰ, ਕਾਂਸਟੀਚੁਐਂਟ ਕਾਲਜ ਦਾ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਸਮੇਂ ਉਪ-ਕੁਲਪਤੀ ਪ੍ਰੋ. ਅਰਵਿੰਦ ਮੌਕੇ ਉੱਤੇ ਪੁੱਜੇ।

ਪ੍ਰੋ. ਅਰਵਿੰਦ ਨੇ ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਲਵੇ ਦੇ ਪੇਂਡੂ ਖੇਤਰਾਂ ਤੱਕ ਉਚੇਰੀ ਸਿੱਖਿਆ ਦੀ ਪਹੁੰਚ ਯਕੀਨੀ ਬਣਾਉਣ ਦੇ ਮਕਸਦ ਨਾਲ਼ ਸ਼ੁਰੂ ਕੀਤੇ ਗਏ ਪੰਜਾਬੀ ਯੂਨੀਵਰਸਿਟੀ ਦੇ ਇਹ ਕਾਂਸਟੀਚੁਐਂਟ ਕਾਲਜ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਪੱਧਰ ਉੱਤੇ ਇਨ੍ਹਾਂ ਕਾਲਜਾਂ ਰਾਹੀਂ ਮਿਆਰੀ ਅਕਾਦਮਿਕ ਗਤੀਵਿਧੀਆਂ ਅਤੇ ਖੋਜ ਨੂੰ ਪ੍ਰਫੁੱਲਿਤ ਕਰਨ ਲਈ ਯੂਨੀਵਰਸਿਟੀ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰੋ. ਅਮਰਦੀਪ ਸਿੰਘ ਇੰਜਨੀਅਰਿੰਗ ਖੇਤਰ ਨਾਲ਼ ਸੰਬੰਧਤ ਹਨ, ਇਸ ਲਈ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾਵੇਗੀ ਕਿ ਉਹ ਇਨ੍ਹਾਂ ਕਾਲਜਾਂ ਦੀ ਬਿਹਤਰੀ ਲਈ ਨਵੇਂ ਪੱਖਾਂ ਤੋਂ ਵੀ ਕਾਰਜਸ਼ੀਲ ਰਹਿਣਗੇ।

ਪ੍ਰੋ. ਅਮਰਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਇਹ ਕਾਲਜ ਵਧੀਆ ਤਰੀਕੇ ਨਾਲ਼ ਚੱਲ ਰਹੇ ਹਨ ਪਰ ਫਿਰ ਵੀ ਕੁੱਝ ਖੇਤਰਾਂ ਵਿੱਚ ਇਨ੍ਹਾਂ ਦੀ ਕਾਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਤਬਦੀਲੀਆਂ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਤਕਨੀਕ ਦੇ ਪੱਖ ਤੋਂ ਤਬਦੀਲੀਆਂ ਕੀਤੇ ਜਾਣ ਉੱਤੇ ਵਿਸ਼ੇਸ਼ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਤਕਨੀਕ ਦੇ ਖੇਤਰ ਵਿੱਚ ਕੁੱਝ ਕੋਰਸ ਸ਼ੁਰੂ ਕਰਨ ਦੀ ਵੀ ਕੋਸਿ਼ਸ਼ ਹੋਵੇਗੀ।

ਪੰਜਾਬੀ ਯੂਨੀਵਰਸਿਟੀ ਨੇ ਨਵੇਂ ਡਾਇਰੈਕਟਰ, ਕਾਂਸਟੀਚੁਐਂਟ ਕਾਲਜ ਦੀ ਨਿਯੁਕਤੀ ਕੀਤੀ

ਜਿ਼ਕਰਯੋਗ ਹੈ ਕਿ ਪ੍ਰੋ. ਅਮਰਦੀਪ ਸਿੰਘ ਨੂੰ 25 ਸਾਲਾਂ ਤੋਂ ਵਧੇਰੇ ਅਧਿਆਪਨ ਦਾ ਤਜਰਬਾ ਹਾਸਿਲ ਹੈ। ਉਹ 2011 ਤੋਂ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ।ਇਸ ਤੋਂ ਪਹਿਲਾਂ ਉਹ ਥਾਪਰ ਯੂਨੀਵਰਸਿਟੀ ਪਟਿਆਲਾ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ। ਪੰਜਾਬੀ ਯੂਨੀਵਰਸਿਟੀ ਵਿੱਚ ਉਹ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਇੰਜਨੀਅਰਿੰਗ ਖੇਤਰ ਦੀ ਖੋਜ ਦਾ ਵਿਸ਼ਾਲ ਤਜਰਬਾ ਰੱਖਦੇ ਹੋਏ, ਉਨ੍ਹਾਂ 60 ਪੋਸਟ ਗਰੈਜੂਏਟ ਵਿਦਿਆਰਥੀਆਂ ਅਤੇ 10 ਡਾਕਟਰੇਟ ਡਿਗਰੀ ਦੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਹੈ। ਬਹੁਤ ਸਾਰੇ ਨਾਮਵਰ ਪ੍ਰਕਾਸ਼ਨ ਅਤੇ ਯੂ.ਜੀ.ਸੀ. ਅਤੇ ਡੀ.ਐੱਸ.ਟੀ. ਵੱਲੋਂ ਸਪਾਂਸਰ ਕੀਤੇ ਵੱਖ-ਵੱਖ ਖੋਜ ਪ੍ਰੋਜੈਕਟ ਵੀ ਉਨ੍ਹਾਂ ਦੇ ਹਿੱਸੇ ਆਏ ਹਨ। ਉਹ ਲੀਪ ਅਕਾਦਮਿਕ ਪ੍ਰੋਗਰਾਮ ਰਾਹੀਂ ਹਾਰਵਰਡ ਯੂਨੀਵਰਸਿਟੀ, ਅਮਰੀਕਾ ਨਾਲ ਵੀ ਜੁੜੇ ਰਹੇ ਹਨ। ਉਹ ਯੂ.ਜੀ.ਸੀ. ਦੇ ਮੇਜਰ ਗ੍ਰਾਂਟ ਫੰਡਿੰਗ ਪ੍ਰੋਜੈਕਟਸ ਵਿੱਚ ਬਤੌਰ ਮੈਂਬਰ ਜੁੜੇ ਹੋਣ ਦੇ ਨਾਲ਼ ਨਾਲ਼ ਵੱਖ-ਵੱਖ ਅਹਿਮ ਕਮੇਟੀਆਂ ਅਤੇ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਵੀ ਹਨ।