ਪੰਜਾਬੀ ਯੂਨੀਵਰਸਿਟੀ ਦੇ ‘ਵਿਗਿਆਨ ਹਫ਼ਤਾ ਰੋਜ਼ਨਾਮਚਾ’ ਅਤੇ ‘ਸਾਇੰਸ ਵੀਕ ਕਰੋਨੀਕਲ’ ਦੇ ਚਾਰੇ ਪਾਸੇ ਚਰਚੇ

178

ਪੰਜਾਬੀ ਯੂਨੀਵਰਸਿਟੀ ਦੇ ‘ਵਿਗਿਆਨ ਹਫ਼ਤਾ ਰੋਜ਼ਨਾਮਚਾ’ ਅਤੇ ‘ਸਾਇੰਸ ਵੀਕ ਕਰੋਨੀਕਲ’ ਦੇ ਚਾਰੇ ਪਾਸੇ ਚਰਚੇ

ਪਟਿਆਲਾ, 28-02-2022
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵਿਗਿਆਨ ਹਫ਼ਤੇ ਦੇ ਸਮਾਗਮਾਂ ਦੇ ਸੰਪੰਨ ਹੋਣ ਮੌਕੇ ਜਿੱਥੇ ਇੱਕ ਪਾਸੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੁਆਂਟਮ ਭੌਤਿਕ ਵਿਗਿਆਨ ਦੇ ਵਿਸ਼ੇ ਉੱਤੇ ਦਿੱਤੇ ਭਾਸ਼ਣ ਕਾਰਨ ਤਾੜੀਆਂ ਵੱਜ ਰਹੀਆਂ ਸਨ ਤਾਂ ਦੂਜੇ ਪਾਸੇ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਨਿਊਜ਼-ਲੈਟਰ ਦੀ ਚਰਚਾ ਹੋ ਰਹੀ ਸੀ। ਜਿੱਥੇ ਇੱਕ ਪਾਸੇ ਪ੍ਰੋ. ਅਰਵਿੰਦ ਸਾਇੰਸ ਆਡੀਟੋਰੀਅਮ ਵਿੱਚ ਵਿਦਿਆਰਥੀਆਂ ਨੂੰ ਸਵਾਲ ਪੁੱਛਣ ਲਈ ਉਕਸਾ ਰਹੇ ਸਨ ਉੱਥੇ ਹੀ ਦੂਜੇ ਪਾਸੇ ਬਾਹਰ ਇਹੀ ਕਾਰਜ ਨਿਊਜ਼-ਲੈਟਰ ਵਿੱਚ ਪ੍ਰਕਾਸਿ਼ਤ ਸਮੱਗਰੀ ਕਰ ਰਹੀ ਸੀ।

ਵਿਗਿਆਨ ਹਫ਼ਤੇ ਦੌਰਾਨ ਪ੍ਰਕਾਸਿ਼ਤ ਹੋਏ ਨਿਊਜ਼ ਲੈਟਰ ਦਾ ਪੰਜਾਬੀ ਅਤੇ ਅੰਗਰੇਜ਼ੀ ਰੂਪ ਆਪਣੀ ਸਮੱਗਰੀ ਦੇ ਮਿਆਰ ਅਤੇ ਵੰਨ-ਸੁਵੰਨਤਾ ਕਾਰਨ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ‘ਵਿਗਿਆਨ ਹਫ਼ਤਾ ਰੋਜ਼ਨਾਮਚਾ’ ਅਤੇ ‘ਸਾਇੰਸ ਵੀਕ ਕਰੋਨੀਕਲ’ ਨਾਮਕ ਇਨ੍ਹਾਂ ਦੋਹਾਂ ਰੂਪਾਂ ਰਾਹੀਂ ਪ੍ਰਕਾਸ਼ਿਤ ਹੋਈ ਅਜਿਹੀ ਮਿਆਰੀ ਸਮੱਗਰੀ ਦੇ ਰੂਪ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਗਿਆਨ ਸਮੱਗਰੀ ਦੇ ਪ੍ਰਕਾਸ਼ਨ ਖੇਤਰ ਵਿੱਚ ਇੱਕ ਦਸਤਾਵੇਜ਼ੀ ਕਾਰਜ ਕਰ ਵਿਖਾਇਆ ਹੈ।

ਪੰਜਾਬੀ ਯੂਨੀਵਰਸਿਟੀ ਦੇ 'ਵਿਗਿਆਨ ਹਫ਼ਤਾ ਰੋਜ਼ਨਾਮਚਾ' ਅਤੇ 'ਸਾਇੰਸ ਵੀਕ ਕਰੋਨੀਕਲ' ਦੇ ਚਾਰੇ ਪਾਸੇ ਚਰਚੇ

ਡਾਇਰੈਕਟਰ, ਲੋਕ ਸੰਪਰਕ ਦਲਜੀਤ ਅਮੀ ਦੀ ਸੰਪਾਦਨਾ ਅਤੇ ਅੰਗਰੇਜ਼ੀ ਵਿਭਾਗ ਤੋਂ ਡਾ. ਨਵਜੋਤ ਖੋਸਲਾ ਦੀ ਸਹਿ ਸੰਪਾਦਨਾ ਹੇਠ ਵੱਖ-ਵੱਖ 10 ਵਿਭਾਗਾਂ ਦੇ ਵਿਦਿਆਰਥੀਆਂ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਇਸ ਨਿਊਜ਼-ਲੈਟਰ ਦੇ ਸੱਤ ਅੰਕ ਜਾਰੀ ਹੋਏ। ਸਾਰੇ ਹੀ ਅੰਕਾਂ ਵਿੱਚ ਪ੍ਰਕਾਸ਼ਿਤ ਰਚਨਾਵਾਂ ਦਾ ਮਿਆਰ ਅਤੇ ਵਿਸ਼ੇ ਅਨੁਸਾਰ ਵੰਨ-ਸੁਵੰਨਤਾ ਬਰਕਰਾਰ ਰਹੇ। ਇਨ੍ਹਾਂ ਵਿੱਚ ਜਿੱਥੇ ਕੌਮਾਂਤਰੀ ਪੱਧਰ ਦੇ ਵਿਗਿਆਨੀਆਂ ਬਾਰੇ ਲਿਖਤਾਂ ਰਾਹੀਂ ਉਨ੍ਹਾਂ ਦੇ ਕੰਮ ਨੂੰ ਯਾਦ ਕੀਤਾ ਗਿਆ ਉੱਥੇ ਹੀ ਪੰਜਾਬ ਦੀ ਵਿਗਿਆਨਕ ਵਿਰਾਸਤ ਦੇ ਹਵਾਲੇ ਨਾਲ ਵਿਸ਼ੇਸ਼ ਅਹਿਮੀਅਤ ਰੱਖਣ ਵਾਲੀਆਂ ਲਿਖ਼ਤਾਂ ਨੂੰ ਸਾਹਮਣੇ ਲਿਆਂਦਾ ਗਿਆ। ਪੰਜਾਬ ਦੇ ਹਵਾਲੇ ਨਾਲ ਸਿਰਫ਼ ਵਿਰਾਸਤ ਵਿਚਲੇ ਵਿਗਿਆਨੀਆਂ ਦੇ ਕਾਰਜਾਂ ਨੂੰ ਹੀ ਯਾਦ ਨਹੀਂ ਕੀਤਾ ਗਿਆ ਬਲਕਿ ਮੌਜੂਦਾ ਸਮੇਂ ਵਿਗਿਆਨ ਦੇ ਖੇਤਰ ਵਿੱਚ ਮਾਣਮੱਤਾ ਸਥਾਨ ਰੱਖਣ ਵਾਲੀਆਂ ਪ੍ਰੋ. ਗਗਨਦੀਪ ਕੰਗ ਜਿਹੀਆਂ ਸ਼ਖ਼ਸੀਅਤਾਂ ਦੇ ਹਵਾਲੇ ਨਾਲ ਵੀ ਗੱਲ ਕੀਤੀ ਗਈ। ਇਸ ਨਿਊਜ਼-ਲੈਟਰ ਦੀ ਇੱਕ ਵਿਲੱਖਣਤਾ ਇਸ ਵਿਚਲੀ ਸਮੱਗਰੀ ਦੀ ਵੰਨ-ਸੁਵੰਨਤਾ ਸੀ। ਹਾਲਾਂਕਿ ਇਸ ਦਾ ਕੇਂਦਰੀ ਨੁਕਤਾ ਸਿਰਫ਼ ਇੱਕੋ ਵਿਸ਼ੇ(ਵਿਗਿਆਨ) ਉੱਤੇ ਅਧਾਰਿਤ ਹੋਣ ਕਾਰਨ ਵੰਨ-ਸੁਵੰਨਤਾ ਸਿਰਜੇ ਜਾਣ ਦੀ ਗੁੰਜਾਇਸ਼ ਸੀਮਿਤ ਸੀ ਪਰ ਇਸ ਟੀਮ ਦੀ ਸੰਪਾਦਨਾ-ਸੂਝ ਨੇ ਇਸ ਚੁਣੌਤੀ ਨੂੰ ਸਵੀਕਾਰਿਆ ਅਤੇ ਪੰਜਾਬੀ ਯੂਨੀਵਰਸਿਟੀ ਦੀ ਲਾਇਬਰੇਰੀ ਸਮੇਤ ਵੱਖ-ਵੱਖ ਸਰੋਤਾਂ ਨੂੰ ਇੱਕ ਇੱਕ ਕਰ ਕੇ ਹੰਘਾਲਿਆ ਅਤੇ ਵਿਗਿਆਨ ਦੇ ਵਿਸ਼ੇ ਨਾਲ ਸੰਬੰਧਤ ਕਵਿਤਾਵਾਂ ਅਤੇ ਹੋਰ ਸਮੱਗਰੀ ਲੱਭੀ ਜਿਸ ਦੇ ਆਸਰੇ ਵਿਧਾ ਅਤੇ ਵਿਸ਼ੇ ਪੱਖੋਂ ਵੰਨ-ਸੁਵੰਨਤਾ ਪੈਦਾ ਹੋ ਸਕੇ। ਇਸ ਤੋਂ ਇਲਾਵਾ ਵਿਗਿਆਨਕ ਵਿਸ਼ੇ ਅਤੇ ਮਹੱਤਵ ਵਾਲੀਆਂ ਵੱਖ-ਵੱਖ ਫ਼ਿਲਮਾਂ ਬਾਰੇ ਜਾਣਕਾਰੀ ਦਿੱਤੀ ਗਈ।

‘ਨਾਮਵਰ ਪੰਜਾਬੀ’, ‘ਨਾਰੀ ਨਜ਼ਰ’, ‘ਸਮਕਾਲੀ ਲੇਖ’, ‘ਰੌਚਿਕ ਤੱਥ’, ‘ਮਿਸਲ’, ‘ਅਜੂਬੇ’, ‘ਮਹਿਮਾਨ ਵਿਗਿਆਨੀ’, ‘ਵਿਗਿਆਨ ਦੀ ਪਰਦਾਪੇਸ਼ੀ’, ‘ਹਸਤੀਆਂ’, ‘ਸਰਗਰਮੀਆਂ’, ‘ਬੁੱਝੋ’, ‘ਨਜ਼ਮਿ ਵਿਗਿਆਨ’, ‘ਫ਼ੋਟੋ ਗੈਲਰੀ’, ‘ਵਿਗਿਆਨ ਕੋਸ਼’ ਆਦਿ ਵੱਖ-ਵੱਖ ਸਿਰਲੇਖਾਂ ਅਧੀਨ ਹਰ ਦਿਨ ਨਿਵੇਕਲੀ, ਰੌਚਿਕ ਅਤੇ ਮਿਆਰੀ ਸਮੱਗਰੀ ਪੇਸ਼ ਕੀਤੀ ਗਈ।

‘ਨਾਮਵਰ ਪੰਜਾਬੀ’ ਸਿਰਲੇਖ ਅਧੀਨ ਪ੍ਰਸਿੱਧ ਵਿਗਿਆਨੀ ਹਰ ਗੋਬਿੰਦ ਖੁਰਾਣਾ ਤੋਂ ਲੈ ਕੇ ਡਾ. ਅਬਦੁਸ ਸਲਾਮ, ਪ੍ਰੋ. ਗਗਨਦੀਪ ਕੰਗ, ਔਤਾਰ ਸਿੰਘ ਪੈਂਟਲ, ਬੀਰਬਲ ਸਾਹਨੀ ਆਦਿ ਬਾਰੇ ਲਿਖਤਾਂ ਸ਼ਾਮਿਲ ਕੀਤੀਆਂ ਗਈਆਂ।  ‘ਨਾਰੀ ਨਜ਼ਰ’ ਸਿਰਲੇਖ ਅਧੀਨ ਆਸਿਮਾ ਚੈਟਰਜੀ ਤੋਂ ਲੈ ਕੇ ਕੁਲਜੀਤ ਕੌਰ, ਅੰਨਾ ਮਨੀ, ਚੰਚਲ ਉਬਰਾਏ, ਸੁਖਵੀਰ ਕੌਰ, ਡਾ. ਦਰਸ਼ਨ (ਮਾਰਕਨ) ਰੰਗਾਨਾਥਨ ਆਦਿ ਬਾਰੇ ਸਮੱਗਰੀ ਪੇਸ਼ ਕੀਤੀ ਗਈ। ‘ਸਮਕਾਲੀ ਲੇਖ’ ਅਧੀਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਸਮੇਤ ਹਰਜਿੰਦਰ ਸਿੰਘ,ਬਲਰਾਜ ਸਿੰਘ ਸੈਣੀ, ਹਿਮੇਂਦਰ ਭਾਰਤੀ, ਐੱਨ.ਜੀ. ਪ੍ਰਸਾਦ, ਸੁਰਿੰਦਰ ਪਾਲ ਸਿੰਘ ਆਦਿ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ। ‘ਮਿਸਲ’ ਸਿਰਲੇਖ ਅਧੀਨ ਰੁਚੀ ਰਾਮ ਸਾਹਨੀ, ਆਈਨਸਟਾਈਨ, ਆਨੰਦੀ ਗੋਪਾਲ, ਸਟੀਫ਼ਨ ਹਾਕਿੰਗ, ਗੋਪਾਲਸਮੁਦਰਮ ਨਰਾਇਣ ਰਾਮਾਚੰਦਰਨ ਆਦਿ ਨਾਲ ਸੰਬੰਧਤ ਦਸਤਾਵੇਜ਼ੀ ਲਿਖਤਾਂ ਪੇਸ਼ ਕੀਤੀਆਂ ਗਈਆਂ। ‘ਹਸਤੀਆਂ’ ਸਿਰਲੇਖ ਅਧੀਨ ਸੁਕਰਾਤ, ਅਲ-ਰਾਜ਼ੀ, ਆਰੀਆ ਭੱਟ, ਬੱਬਾ ਬਰੂਨੋ ਆਦਿ ਬਾਰੇ ਰੌਚਿਕ ਸਮੱਗਰੀ ਪੇਸ਼ ਹੋਈ ਅਤੇ ‘ਨਜ਼ਮਿ-ਵਿਗਿਆਨ’ ਸਿਰਲੇਖ ਅਧੀਨ ਪਰਮਵੀਰ ਸਿੰਘ, ਬਾਵਾ ਬਲਵੰਤ, ਅਮ੍ਰਿਤਾ ਪ੍ਰੀਤਮ, ਸਿ਼ਵ ਕੁਮਾਰ ਬਟਾਲਵੀ, ਲਾਲ ਸਿੰਘ ਦਿਲ ਆਦਿ ਕਵੀਆਂ ਦੀਆਂ ਵਿਗਿਆਨਕ ਮਹੱਤਵ ਵਾਲੀਆਂ ਰਚਨਾਵਾਂ ਨੂੰ ਲੱਭ ਕੇ ਸ਼ਾਮਿਲ ਕੀਤਾ ਗਿਆ।

ਅਜਿਹੀ ਸਮੱਗਰੀ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਕਾਰਨ ਇਸ ਨਿਊਜ਼ ਲੈਟਰ ਨੂੰ ਚੁਫ਼ੇਰਿਉਂ ਚਰਚਾ ਹਾਸਿਲ ਹੋਈ। ਆਈ.ਆਈ.ਐੱਸ.ਈ.ਆਰ. ਤੋਂ ਪ੍ਰੋ. ਐੱਨ. ਜੀ. ਪ੍ਰਸਾਦ ਨੇ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਵਿਗਿਆਨ ਹਫ਼ਤੇ ਦੇ ਸਬੱਬ ਨਾਲ ਇੱਕ ਦਸਤਾਵੇਜ਼ੀ ਕਾਰਜ ਕੀਤਾ ਹੈ।

ਪ੍ਰੋ. ਬਲਰਾਜ ਸੈਣੀ ਵੱਲੋਂ ਸ਼ਲਾਘਾ ਕਰਦਿਆਂ ਇੱਛਾ ਪ੍ਰਗਟਾਈ ਕਿ ਇਹ ਨਿਊਜ਼-ਲੈਟਰ ਭਵਿੱਖ ਵਿੱਚ ਵੀ ਜਾਰੀ ਰਹਿਣਾ ਚਾਹੀਦਾ ਹੈ। ਭਾਵੇਂ ਰੋਜ਼ਾਨਾ ਦੀ ਬਜਾਇ ਇਸ ਨੂੰ ਹਫ਼ਤਾਵਾਰੀ ਜਾਂ ਮਾਸਿਕ ਹੀ ਕਰ ਲਿਆ ਜਾਵੇ ਪਰ ਜੇਕਰ ਇਹ ਨਿਰੰਤਰ ਚਲਦਾ ਰਹੇ ਤਾਂ ਨਿਸ਼ਚੇ ਹੀ ਇਹ ਇੱਕ ਲਾਭਦਾਇਕ ਕਦਮ ਸਾਬਿਤ ਹੋਵੇਗਾ।

ਡਾ. ਹਿਮੇਂਦਰ ਭਾਰਤੀ ਨੇ ਕਿਹਾ ਕਿ ਨੌਜਵਾਨਾਂ ਵਿੱਚ ਵਿਗਿਆਨ ਪ੍ਰਤੀ ਪ੍ਰੇਰਣਾ ਪੈਦਾ ਕਰਨ ਵਾਲਾ ਇਹ ਨਿਊਜ਼-ਲੈਟਰ ਸਮਕਾਲੀ ਵਿਗਿਆਨਕ ਵਿਸਿ਼ਆਂ ਦੀ ਗੱਲ ਕਰਨ ਦੇ ਨਾਲ ਨਾਲ ਸਾਡੇ ਵਿਗਿਆਨਕ ਇਤਿਹਾਸ ਦਾ ਵੀ ਇੱਕ ਚੰਗਾ ਪ੍ਰਸੰਗ ਸਿਰਜ ਗਿਆ ਹੈ ਜੋ ਇੱਕ ਸਲਾਹੁਣਯੋਗ ਪਹਿਲਕਦਮੀ ਹੈ।

ਉਧਰ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਵਿਖੇ ਵਿਗਿਆਨ ਹਫ਼ਤੇ ਦੇ ਹਵਾਲੇ ਨਾਲ ਹੋਏ ਪ੍ਰੋਗਰਾਮ ਸਫਲਤਾ ਪੂਰਵਕ ਆਯੋਜਨ ਉਪਰੰਤ ਸੰਪੰਨ ਹੋ ਗਏ। ਇਨ੍ਹਾਂ ਸਮਾਗਮਾਂ ਦੇ ਸਮਾਪਨ ਸਮੇਂ ਦਿਲਚਸਪ ਗੱਲ ਇਹ ਵਾਪਰੀ ਕਿ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਜੋ ਕਿ ਮੂਲ ਰੂਪ ਵਿੱਚ ਵਿਗਿਆਨੀ ਹਨ, ਵੱਲੋਂ ਇਸ ਮੌਕੇ ਪ੍ਰਧਾਨਗੀ ਭਾਸ਼ਣ ਦੀ ਬਜਾਇ ਆਪਣੇ ਵਿਸ਼ੇ ਦੇ ਹਵਾਲੇ ਨਾਲ ਇੱਕ ਸੰਪੂਰਨ ਭਾਸ਼ਣ ਦਿੱਤਾ ਗਿਆ ਜੋ ਕਿ ਬੇਹੱਦ ਰੌਚਿਕ ਹੋ ਨਿੱਬੜਿਆ।

ਪੰਜਾਬੀ ਯੂਨੀਵਰਸਿਟੀ ਦੇ 'ਵਿਗਿਆਨ ਹਫ਼ਤਾ ਰੋਜ਼ਨਾਮਚਾ' ਅਤੇ 'ਸਾਇੰਸ ਵੀਕ ਕਰੋਨੀਕਲ' ਦੇ ਚਾਰੇ ਪਾਸੇ ਚਰਚੇ

ਪ੍ਰੋ. ਅਰਵਿੰਦ ਨੇ ਕੁਆਂਟਮ ਭੌਤਿਕ ਵਿਗਿਆਨ ਦੇ ਹਵਾਲੇ ਨਾਲ ਕਿਹਾ ਕਿ ਵਿਗਿਆਨ ਕਦੇ ਵੀ ਖ਼ਤਮ ਨਹੀਂ ਹੁੰਦੀ। ਹਰ ਦਿਨ ਪੈਦਾ ਹੁੰਦੇ ਨਵੇਂ ਸਵਾਲ ਵਿਗਿਆਨ ਨੂੰ ਜ਼ਿੰਦਾ ਰਖਦੇ ਹਨ। ਉਨ੍ਹਾਂ ਕੁਆਂਟਮ ਭੌਤਿਕ ਵਿਗਿਆਨ ਦੀ ਸੂਖ਼ਮ, ਅਦਭੁਤ ਅਤੇ ਵਿਲੱਖਣ ਦੁਨੀਆਂ ਬਾਰੇ ਬਹੁਤ ਸਾਰੇ ਰੌਚਿਕ ਨੁਕਤੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਹ ਇਕ ਬਹੁਤ ਹੀ ਸੂਖ਼ਮ ਵਰਤਾਰਾ ਹੈ ਜਿਸ ਨੂੰ ਸਾਡੇ ਆਮ ਦਿਖਦੇ ਵਰਤਾਰੇ ਨਾਲ ਤੁਲਨਾਉਣਾ ਆਸਾਨ ਨਹੀਂ ਹੈ। ਇਸ ਦੇ ਬਹੁਤ ਸਾਰੇ ਨੇਮ ਓਵੇਂ ਲਾਗੂ ਨਹੀਂ ਹੋ ਸਕਦੇ ਜਿਵੇਂ ਕਿ ਆਮ ਦੁਨਿਆਵੀ ਵਰਤਾਰੇ ਦੇ ਹੋ ਸਕਦੇ ਹਨ। ਇੱਕ ਮੌਲੀਕਿਊਲ ਦੀ ਉਦਹਾਰਨ ਨਾਲ ਉਨ੍ਹਾਂ ਬਾਖ਼ੂਬੀ ਸਮਝਾਇਆ ਕਿ ਇੱਕੋ ਮੌਲੀਕਿਊਲ ਨੂੰ ਜੇ ਉਸ ਦੀ ਸਥਿਤੀ ਬਾਰੇ ਦੋ ਵਾਰ ਪੁੱਛਿਆ ਜਾਵੇ ਤਾਂ ਉਹ ਦੋਹੇਂ ਵਾਰ ਵੱਖਰਾ ਜਵਾਬ ਦੇ ਸਕਦਾ ਹੈ ਜੋ ਆਪਸ ਵਿੱਚ ਮੇਲ ਨਹੀਂ ਖਾਵੇਗਾ। ਇਸ ਸੂਖ਼ਮ ਸੰਸਾਰ ਦੀ ਫਿ਼ਤਰਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੁਆਂਟਮ ਦੀ ਇਹ ਦੁਨੀਆਂ ਬਹੁਤ ਅਲੱਗ ਤਰ੍ਹਾਂ ਦੀ ਹੈ। ਕਿਣਕਿਆਂ ਦੀ ਇਸ ਦੁਨੀਆਂ ਦੇ ਅਜਿਹੇ ਹੀ ਵੱਖਰੇ ਨੇਮਾਂ ਦੀ ਗੱਲ ਕਰਦਿਆਂ ਉਨ੍ਹਾਂ ਸਮਝਾਇਆ ਕਿ ਇੱਕੋ ਮੌਲੀਕੂਲ ਦੇ ਵੱਖ-ਵੱਖ ਪਾਰਟੀਕਲ ਇੱਕੋ ਸਮੇਂ ਇੱਕ ਤੋਂ ਵਧੇਰੇ ਥਾਵਾਂ ਉੱਤੇ ਹੋਂਦ ਰੱਖ ਸਕਦੇ ਹਨ ਜਦੋਂ ਕਿ ਸਾਡੀ ਆਮ ਦੁਨੀਆਂ ਵਿੱਚ ਅਜਿਹਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਹ ਇੱਕ ਵੱਡਾ ਸਵਾਲ ਹੈ ਕਿ ਜੇਕਰ ਸਾਰੀ ਦੁਨੀਆਂ ਉਨ੍ਹਾਂ ਬਰੀਕ ਕਣਾਂ ਦੇ ਜੋੜ ਨਾਲ ਹੀ ਬਣੀ ਹੈ ਜੋ ਕੁਆਂਟਮ ਭੌਤਿਕ ਵਿਗਿਆਨ ਦੇ ਕਣ ਹਨ, ਤਾਂ ਇਸ ਵੱਡੀ ਦੁਨੀਆਂ ਉੱਪਰ ਓਹੀ ਨੇਮ ਬਿਲਕੁਲ ਓਸੇ ਤਰ੍ਹਾਂ ਲਾਗੂ ਕਿਉਂ ਨਹੀਂ ਹੁੰਦੇ। ਇਸ ਸਵਾਲ ਨੂੰ ਅਧਾਰ ਬਣਾ ਕੇ ਬਹੁਤ ਸਾਰੇ ਵਿਗਿਆਨ ਖੋਜ ਕਰ ਰਹੇ ਹਨ ਕਿ ਵਿਸ਼ਾਲ ਦਿਖਾਈ ਦਿੰਦੀ ਦੁਨੀਆਂ ਦੇ ਨੇਮ ਇਸ ਦੀ ਬੁਨਿਆਦ ਵਿਚਲੀ ਸੂਖ਼ਮ ਦੁਨੀਆਂ ਤੋਂ ਬਦਲ ਕਿਉਂ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਭਵਿੱੱਖ ਵਿੱਚ ਜੇਕਰ ਸਫਲਤਾ ਸਹਿਤ ਬਿਹਤਰ ਕੁਆਂਟਮ ਕੰਪਿਊਟਰ ਬਣਾ ਲਏ ਜਾਂਦੇ ਹਨ ਤਾਂ ਇਸ ਸੂਖ਼ਮ ਦੁਨੀਆਂ ਦੇ ਨਾਲ ਗਣਿਤ ਅਤੇ ਡੈਟਾ ਵਿਗਿਆਨ ਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਕਿਹਾ ਜਾਂਦਾ ਸੀ ਕਿ ਕੁਆਂਟਮ ਕੰਪਿਊਟਰ ਕਦੇ ਵੀ ਤਿਆਰ ਨਹੀਂ ਹੋ ਸਕਦੇ, ਫਿਰ ਕਿਹਾ ਜਾਣ ਲੱਗਾ ਕਿ ਸੌ ਸਾਲ ਲੱਗ ਸਕਦੇ ਹਨ ਅਤੇ ਅੱਜ ਕਲ੍ਹ ਇਹ ਧਾਰਨਾ ਹੈ ਕਿ ਆਉਂਦੇ ਵੀਹ-ਤੀਹ ਸਾਲਾਂ ਵਿੱਚ ਅਜਿਹਾ ਸੰਭਵ ਹੋ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਕੁਆਂਟਮ ਭੌਤਿਕ ਵਿਗਿਆਨ ਨਾਲ ਗਿਆਨ ਵਿਗਿਆਨ ਦੀ ਦੁਨੀਆਂ ਵਿੱਚ ਹੋਰ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ।

ਇਸ ਆਖਰੀ ਦਿਨ ਉਚੇਚੇ ਤੌਰ ਉੱਤੇ ਪਹੁੰਚੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਡਾ. ਨੀਲਮ ਜੇਰਠ ਵੱਲੋਂ ਆਪਣਾ ਵਿਦਾਇਗੀ ਵਿਸ਼ੇਸ਼ ਭਾਸ਼ਣ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਗਈ।