“ਲੈਂਡ ਪੂਲਿੰਗ” ਨੀਤੀ ਵਿਰੁੱਧ ਰੂਪਨਗਰ ਬਾਈਪਾਸ ‘ਤੇ ਕਿਸਾਨਾਂ ਨਾਲ ਮਿਲ ਕੇ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦਾ ਜ਼ੋਰਦਾਰ ਪ੍ਰਦਰਸ਼ਨ
ਬਹਾਦਰਜੀਤ ਸਿੰਘ /ਰੂਪਨਗਰ, 25 ਜੁਲਾਈ 2025
ਰੂਪਨਗਰ ਦੇ ਬਾਈਪਾਸ ‘ਤੇ ਸਥਿਤ ਸੁਰਜੀਤ ਹਸਪਤਾਲ ਨੇੜੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ‘ਚ ਲੈਂਡ ਪੂਲਿੰਗ ਨੀਤੀ ਖਿਲਾਫ਼ ਭਾਰੀ ਰੋਸ ਪ੍ਰਗਟਾਇਆ ਗਿਆ। ਇਸ ਪ੍ਰਦਰਸ਼ਨ ‘ਚ ਸ਼ਾਮਪੁਰਾ, ਰੈਲੋਂ ਕਲਾ, ਗੁਰਦਾਸਪੁਰਾ, ਸਮਰਾਲਾ ਆਦਿ ਪਿੰਡਾਂ ਦੇ ਪ੍ਰਭਾਵਿਤ ਕਿਸਾਨ ਵੱਡੀ ਗਿਣਤੀ ‘ਚ ਸ਼ਾਮਿਲ ਹੋਏ।
ਲਾਲਪੁਰਾ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਦਿੱਲੀ ਦੇ ਆਪ ਆਗੂਆਂ — ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਹੋਰ ਹਾਰੇ ਹੋਏ ਆਗੂਆਂ ਦੇ ਇਸ਼ਾਰਿਆਂ ‘ਤੇ ਚੱਲ ਰਹੀ ਹੈ। ਭਗਵੰਤ ਮਾਨ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਹਨ, ਪਰ ਅਸਲ ਹਕੂਮਤ ਦਿੱਲੀ ਤੋਂ ਚਲ ਰਹੀ ਹੈ।
ਉਨ੍ਹਾਂ ਕਿਹਾ ਕਿ “ਰੂਪਨਗਰ ਦੇ ਲੋਕ ਅੱਜ ਜਿਸ ਦਰਦ ਵਿੱਚੋਂ ਲੰਘ ਰਹੇ ਹਨ, ਉਹ 2022 ਦੀ ਗਲਤ ਚੋਣ ਦਾ ਨਤੀਜਾ ਹੈ। ਅਸੀਂ ਗਲਤ ਵਿਧਾਇਕ ਚੁਣੇ, ਹੁਣ ਸਜ਼ਾ ਕੱਟ ਰਹੇ ਹਾਂ। ਲੈਂਡ ਪੂਲਿੰਗ ਇੱਕ ਐਸੀ ਨੀਤੀ ਹੈ ਜੋ ਪਿੰਡਾਂ ਨੂੰ ਨਸ਼ਟ ਕਰ ਦੇਵੇਗੀ। ਇਹ ਕੋਈ ਕਾਨੂੰਨ ਨਹੀਂ, ਸਿਰਫ਼ ਕਾਗਜ਼ਾਂ ਦੀ ਖੇਡ ਹੈ। ਕਿਸਾਨਾਂ ਨੂੰ ਕੋਈ ਪੱਕਾ ਮੁਆਵਜ਼ਾ ਨਹੀਂ ਮਿਲਣਾ।”
ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਨੇ ਪਹਿਲਾਂ ਵੀ ਦਾਵਾ ਕੀਤਾ ਸੀ ਕਿ “ਮੁਰਗੀਆਂ ਦੀ ਕੀਮਤ ਵੀ ਮਿਲੇਗੀ”, ਪਰ ਹਕੀਕਤ ‘ਚ ਕਿਸਾਨਾਂ ਨਾਲ ਧੋਖਾ ਹੋਇਆ। “ਅਸੀਂ ਮੂਰਖ ਨਹੀਂ, ਅਸੀਂ ਪੰਜਾਬੀ ਹਾਂ। ਸਰਕਾਰ ਵੱਡੀਆਂ ਜ਼ਮੀਨਾਂ ਲੈ ਰਹੀ ਹੈ ਤੇ ਬਦਲੇ ‘ਚ ਨਕਸ਼ਿਆਂ ‘ਚ ਛੋਟੇ-ਛੋਟੇ ਪਲਾਟ। ਕੀ ਇਹੀ ਇਨਸਾਫ਼ ਹੈ?” — ਲਾਲਪੁਰਾ ਨੇ ਸਵਾਲ ਪੁੱਛਿਆ।
ਉਨ੍ਹਾਂ ਕਿਹਾ ਕਿ ਜਦ ਤੱਕ ਰੂਪਨਗਰ ਸ਼ਹਿਰ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦਾ, ਤਦ ਤੱਕ ਨਵੇਂ ਜ਼ੋਨ ਬਣਾਉਣ ਦੀ ਗੱਲ ਠੱਗੀ ਤੋਂ ਘੱਟ ਨਹੀਂ। ਉਨ੍ਹਾਂ ਸ਼ਹਿਰ ਦੀ ਟੱਟੀ ਸੜਕਾਂ, ਨਿਕੰਮੀ ਸਿਹਤ ਸੇਵਾਵਾਂ, ਅਸਥਾਈ ਸਟਾਫ਼ ਵਾਲੇ ਸਕੂਲ ਤੇ ਖਾਲੀ ਪਏ ਅਹੁਦੇ ਆਦਿ ਦੱਸ ਕੇ ਸਰਕਾਰ ਦੀ ਨੀਅਤ ‘ਤੇ ਸਵਾਲ ਉਠਾਏ।
ਲਾਲਪੁਰਾ ਨੇ ਸਥਾਨਕ ਵਿਧਾਇਕ ‘ਤੇ ਵੀ ਗੰਭੀਰ ਦੋਸ਼ ਲਾਏ ਅਤੇ ਕਿਹਾ ਕਿ ਜੇ ਉਹ ਵਾਕਈ ਕਿਸਾਨਾਂ ਦੇ ਹਿੱਤੈਸ਼ੀ ਹਨ ਤਾਂ ਤੁਰੰਤ ਅਸਤੀਫ਼ਾ ਦੇਣ ਜਾਂ ਆਪਣੀ ਪਾਰਟੀ ਦੇ ਆਗੂਆਂ ਨੂੰ ਕਹਿਣ ਕਿ ਪਹਿਲਾਂ ਉਹ ਆਪਣੀਆਂ ਜ਼ਮੀਨਾਂ ਲੈਂਡ ਪੂਲਿੰਗ ‘ਚ ਦੇਣ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਕ ਮਾਹਿਰ ਕਾਨੂੰਨੀ ਟੀਮ ਹੈ ਜੋ ਲੋੜ ਪੈਣ ‘ਤੇ ਕਿਸਾਨਾਂ ਦੀ ਹਰ ਤਰ੍ਹਾਂ ਮਦਦ ਕਰੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕੁਝ ‘ਬਰਸਾਤੀ ਡੱਡੂ’ ਜੋ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਚੋਣਾਂ ਹਾਰ ਗਏ, ਹੁਣ ਪਿੰਡਾਂ ‘ਚ ਸਰਗਰਮ ਹੋ ਗਏ ਹਨ। “ਪਿਛਲੇ ਤਿੰਨ ਸਾਲਾਂ ‘ਚ ਇਹ ਕਿੱਥੇ ਸਨ?”, ਉਨ੍ਹਾਂ ਪੁੱਛਿਆ।
ਇਸ ਮੌਕੇ ‘ਤੇ ਰੂਪਨਗਰ ਸ਼ਹਿਰ ਭਾਜਪਾ ਪ੍ਰਧਾਨ ਜਗਦੀਸ਼ ਚੰਦਰ ਕਜਲਾ ਨੇ ਕਿਹਾ, “ਇਹ ਨੀਤੀ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੈ।”
ਰਾਕੇਸ਼ ਚੋਪੜਾ ਨੇ ਕਿਹਾ, “ਇਹ ਸਕੀਮ ਸਿਰਫ਼ ਰੀਅਲ ਅਸਟੇਟ ਮਾਫੀਆ ਲਈ ਬਣਾਈ ਗਈ ਹੈ।”
ਕੇਹਰ ਸਿੰਘ ਨੇ ਕਿਹਾ, “ਇਹ ਕਿਸਾਨ ਦੀ ਜ਼ਮੀਨ ਲੁੱਟਣ ਦੀ ਸਰਕਾਰੀ ਸਾਜ਼ਿਸ਼ ਹੈ।”
ਜਗਮੰਦੀਪ ਸਿੰਘ ਪੜੀ ਨੇ ਕਿਹਾ, “ਅਸੀਂ ਆਪਣੀ ਜ਼ਮੀਨ ਕਿਸੇ ਵੀ ਕੀਮਤ ‘ਤੇ ਨਹੀਂ ਦੇਵਾਂਗੇ।”
ਕਿਸਾਨਾਂ ਨੇ ਵੀ ਇਕਸੁਰ ਹੋ ਕੇ ਐਲਾਨ ਕੀਤਾ ਕਿ ਜਦ ਤੱਕ ਇਹ ਨੀਤੀ ਵਾਪਸ ਨਹੀਂ ਲੈਂਦੇ, ਉਹ ਚੁੱਪ ਨਹੀਂ ਬੈਠਣਗੇ।
ਇਸ ਵਿਰੋਧ ‘ਚ ਸਤਬੀਰ ਰਾਣਾ, ਹਿੰਮਤ ਸਿੰਘ ਗਿਰਨ, ਜਸਪਾਲ ਸਿੰਘ ਖੈਰਾਬਾਦ, ਗੁਰਪ੍ਰੀਤ ਸਿੰਘ ਰਸੂਲਪੁਰ, ਹਰਪ੍ਰੀਤ ਸਿੰਘ, ਮਨਦੀਪ ਸਿੰਘ ਸੈਣੀ, ਪ੍ਰਭਜੋਤ ਕੌਰ ਗੁਰਦਾਸਪੁਰਾ, ਟੋਨੀ ਵਰਮਾ, ਹਜ਼ੂਰਾ ਸਿੰਘ, ਬਿਕਰਮ ਸਿੰਘ, ਜੈਦੇਵ ਸਿੰਘ ਆਦਿ ਵੱਡੀ ਗਿਣਤੀ ‘ਚ ਸ਼ਾਮਿਲ ਹੋਏ।