ਰੋਟਰੀ ਕਲੱਬ ਧੂਰੀ ਵੱਲੋਂ ਯੂਨੀਵਰਸਿਟੀ ਕਾਲਜ ਬੇਨੜਾ ਦੇ ਲੋੜਵੰਦ ਵਿਦਿਆਰਥੀਆਂ ਦੀ ਮਦਦ
ਧੂਰੀ, 18 ਦਸੰਬਰ, 2024:
ਰੋਟਰੀ ਕਲੱਬ ਧੂਰੀ ਵੱਲੋਂ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਯੂਨੀਵਰਸਿਟੀ ਕਾਲਜ ਬੇਨੜਾ ਦੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੀ ਮਦਦ ਲਈ 75380 ਰੁਪਏ ਦੀ ਰਕਮ ਫੀਸ ਦੇ ਰੂਪ ਵਿੱਚ ਪ੍ਰਦਾਨ ਕੀਤੀ ਗਈ। ਉਪਰੋਕਤ ਰਾਸ਼ੀ ਦਾ ਚੈੱਕ ਮੱਖਣ ਲਾਲ ਗਰਗ ਦੁਆਰਾ ਰੋਟਰੀ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਸਿੱਧੂ ਅਤੇ ਵਿੱਤ ਸੈਕਟਰੀ ਹੁਕਮ ਚੰਦ ਸਿੰਗਲਾ ਦੀ ਮੌਜੂਦਗੀ ਵਿੱਚ ਡਾ. ਹਰਵਿੰਦਰ ਸਿੰਘ ਮੰਡ ਨੂੰ ਦਿੱਤਾ ਗਿਆ।
ਇਹ ਪ੍ਰੋਗਰਾਮ ਕਾਲਜ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਸਰਪ੍ਰਸਤੀ ਹੇਠ ਹੋਇਆ। ਡਾ. ਹਰਵਿੰਦਰ ਸਿੰਘ ਮੰਡ ਨੇ ਰੋਟਰੀ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਯਤਨ ਲੋੜਵੰਦ ਵਿਦਿਆਰਥੀਆਂ ਦੀ ਪੜਾਈ ਨੂੰ ਜਾਰੀ ਰੱਖਣ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸਹਿਕਾਰੀ ਯਤਨਾਂ ਦੀ ਸਾਰੇ ਸਮਾਜ ਨੂੰ ਲੋੜ ਹੈ, ਤਾਂ ਜੋ ਕੋਈ ਵੀ ਵਿਦਿਆਰਥੀ ਪੜਾਈ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਤੇ ਕਾਲਜ ਦੇ ਸਟਾਫ਼ ਮੈਂਬਰ ਡਾ. ਅਸ਼ੋਕ ਕੁਮਾਰ ਅਤੇ ਡਾ. ਗਗਨਦੀਪ ਸਿੰਘ ਨੇ ਵੀ ਵਿਦਿਆਰਥੀਆਂ ਦੇ ਲਈ ਕੀਤੇ ਗਏ ਇਸ ਯੋਗਦਾਨ ਦੀ ਸ਼ਲਾਘਾ ਕੀਤੀ।
ਰੋਟਰੀ ਕਲੱਬ ਧੂਰੀ ਦੇ ਪ੍ਰਧਾਨ ਬਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਰੋਟਰੀ ਕਲੱਬ ਹਮੇਸ਼ਾ ਸਮਾਜ ਸੇਵਾ ਦੇ ਕੰਮਾਂ ਵਿੱਚ ਅੱਗੇ ਰਿਹਾ ਹੈ ਅਤੇ ਇਹ ਯਤਨ ਵੀ ਇਸ ਕੜੀ ਦਾ ਹਿੱਸਾ ਹੈ। ਮੱਖਣ ਲਾਲ ਗਰਗ, ਹੁਕਮ ਚੰਦ ਸਿੰਗਲਾ, ਅਤੇ ਡਾ. ਰਮੇਸ਼ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਹੌਸਲਾ ਦੇਣਾ ਅਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਉਣਾ ਕਲੱਬ ਦੀ ਪਹਿਲ ਰਹੀ ਹੈ।
ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਿੱਖਿਆ ਪ੍ਰਤੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਾਰੇ ਮੈਂਬਰਾਂ ਨੇ ਵਚਨ ਦਿੱਤਾ ਕਿ ਅਜਿਹੇ ਸਮਾਜਿਕ ਕਾਰਜਾਂ ਨੂੰ ਹਮੇਸ਼ਾ ਜਾਰੀ ਰੱਖਿਆ ਜਾਵੇਗਾ।
