ਰੂਪਨਗਰ ਪੁਲਿਸ ਪ੍ਰਸ਼ਾਸਨ ਅਤੇ ਮੀਡੀਆ ਵੱਲੋਂ “ਦੌੜ ਨਸ਼ਿਆ ਵਿਰੁੱਧ” ਦਾ ਆਯੋਜਨ
ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ 20 ਜੁਲਾਈ,2025
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਸ਼ੇ ਦਾ ਜੜ੍ਹ ਤੋ ਖਾਤਮਾ ਕਰਨ ਲਈ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਸੁਰੂ ਕੀਤੀ ਹੋਈ ਹੈ।
ਸੈਂਕੜੇ ਨਸ਼ਾ ਤਸਕਰ ਜੇਲ੍ਹਾਂ ਵਿਚ ਡੱਕੇ ਹਨ, ਕਰੋੜਾ ਰੁਪਏ ਦੀ ਡਰੱਗ ਬਰਾਮਦ ਹੋਈ ਹੈ, ਸੈਂਕੜੇ ਨਸ਼ਾ ਤਸਕਰਾਂ ਦੀਆਂ ਕਾਲੀ ਕਮਾਈ ਨਾਲ ਉਸਾਰਿਆਂ ਜਾਇਦਾਦਾਂ ਜ਼ਮੀਨ ਦੋਜ ਕਰ ਦਿੱਤੀਆ ਹਨ। ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ਤੇ ਅਸਰਦਾਰ ਢੰਗ ਨਾਲ ਸੂਬੇ ਦੇ ਕੋਨੇ ਕੋਨੇ ਵਿੱਚ ਸਫਲ ਕਰਨ ਲਈ ਹਰ ਵਰਗ ਦਾ ਸਹਿਯੌਗ ਬੇਹੱਦ ਜਰੂਰੀ ਹੈ।
ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਅੱਜ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਪ੍ਰੈਸ ਕਲੱਬ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਸਾਝੇ ਤੌਰ ਤੇ ਦੌੜ ਨਸ਼ਿਆ ਵਿਰੁੱਧ ਪ੍ਰੋਗਰਾਮ ਤਹਿਤ ਭਾਗ ਲੈ ਰਹੇ ਸੈਂਕੜੇ ਨੌਜਵਾਨਾਂ, ਪ੍ਰਸਾਸ਼ਨ ਅਤੇ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਉਨ੍ਹਾਂ ਨੇ ਕਿਹਾ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ, ਜਿੱਥੇ ਤੋਂ ਨਸ਼ਿਆ ਖਿਲਾਫ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋ ਹਮੇਸ਼ਾ ਹੀ ਜੁਲਮ ਖਿਲਾਫ ਆਵਾਜ ਉਠਾਈ ਗਈ ਹੈ। ਉਨ੍ਹਾਂ ਨੇ ਨਸ਼ਿਆ ਵਿਰੁੱਧ ਦੌੜ ਨੂੰ ਝੰਡੀ ਦੇ ਕੇ ਰਵਾਨਾ ਕਰਨ ਤੋ ਪਹਿਲਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਸ਼ਿਆ ਵਿਰੁੱਧ ਡਟਣ ਦੀ ਜਰੂਰਤ ਹੈ। ਨਸ਼ਿਆ ਦਾ ਖਾਤਮਾਂ ਕਰਨ ਲਈ ਪਿੰਡ ਅਤੇ ਸ਼ਹਿਰ ਪੱਧਰ ਤੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ, ਓਟ ਕਲੀਨਿਕ ਖੋਲੇ ਗਏ ਹਨ, ਮਾਹਰ ਕੋਸਲਰ ਨਸ਼ਿਆ ਦੀ ਗ੍ਰਿਫਤ ਵਿਚ ਆਏ ਨੌਜਵਾਨਾਂ ਨੂੰ ਨਸ਼ੇ ਦੀ ਲਾਹਨਤ ਨੂੰ ਛੱਡਣ ਤੇ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ, ਪ੍ਰੰਤੂ ਜਦੋਂ ਤੱਕ ਨਸ਼ਿਆ ਦੇ ਸੋਦਾਗਰ ਪੂਰੀ ਤਰਾਂ ਜੇਲ੍ਹਾਂ ਡੱਕ ਕੇ ਸਪਲਾਈ ਲਾਈਨ ਨੂੰ ਤੋੜਨ ਵਿੱਚ ਅਸੀ ਸਫਲ ਨਹੀ ਹੋ ਜਾਂਦੇ, ਉਦੋਂ ਤੱਕ ਅਸੀ ਸੋ ਪ੍ਰਤੀਸ਼ਤ ਸਫਲ ਹੋਣ ਲਈ ਯਤਨ ਕਰਦੇ ਰਹਾਂਗੇ। ਹਰ ਨਸ਼ੇ ਦਾ ਸੇਵਨ ਕਰਨ ਵਾਲਾ ਹਮਦਰਦੀ ਨਾਲ ਹੀ ਇਸ ਤੋ ਦੂਰ ਕੀਤਾ ਜਾ ਸਕਦਾ ਹੈ। ਸਮਾਜ ਦੇ ਸਹਿਯੋਗ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ, ਪੁਲਿਸ ਵਿਭਾਗ, ਪ੍ਰੈਸ ਕਲੱਬ, ਮੀਡੀਆ ਮੈਂਬਰਾਂ, ਸਿੱਖਿਆ ਸੰਸਥਾਵਾਂ ਅਤੇ ਨੌਜਵਾਨਾਂ ਦਾ ਇਸ ਤਰਾਂ ਦੇ ਪ੍ਰੋਗਰਾਮ ਸੁਰੂ ਕਰਨ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।
ਡਿਪਟੀ ਕਮਿਸ਼ਨਰ ਵਰਜੀਤ ਵਾਲੀਆਂ ਨੇ ਕਿਹਾ ਕਿ ਅਸੀ ਪੂਰੀ ਤਰਾਂ ਨਸ਼ਿਆ ਵਿਰੁੱਧ ਮੁਹਿੰਮ ਨੂੰ ਅਸਰਦਾਰ ਬਣਾ ਰਹੇ ਹਾਂ, ਸਾਡੀਆ ਡਿਫੈਂਸ ਕਮੇਟੀਆਂ ਨਾਲ ਪ੍ਰਸਾਸ਼ਨ ਦਾ ਪੂਰਾ ਤਾਲਮੇਲ ਹੈ। ਗੁਲਨੀਤ ਸਿੰਘ ਖੁਰਾਨਾ ਐਸ.ਐਸ.ਪੀ ਰੂਪਨਗਰ ਨੇ ਕਿਹਾ ਕਿ 350 ਸਾਲਾ ਸ਼ਹੀਦੀ ਸਮਾਗਮਾਂ ਮੌਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਮੁਕੰਮਲ ਤੌਰ ਤੇ ਨਸ਼ਾ ਮੁਕਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕੋਨੇ ਕੋਨੇ ਵਿਚੋਂ ਨਸ਼ਿਆ ਦਾ ਨਾਮੋ ਨਿਸ਼ਾਨ ਜੜ੍ਹ ਤੋ ਮੁਕਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਅਤੇ ਮੀਡੀਆ ਵੱਲੋਂ ਸਾਝੇ ਤੌਰ ਤੇ ਕੀਤੇ ਇਸ ਉਪਰਾਲੇ ਦਾ ਅਸਰ ਜ਼ਮੀਨੀ ਪੱਧਰ ਤੇ ਨਜ਼ਰ ਆਵੇਗਾ। ਇਸ ਤਰਾਂ ਦੀਆਂ ਕੋਸ਼ਿਸ਼ਾਂ ਅੱਗੇ ਤੋ ਵੀ ਜਾਰੀ ਰੱਖਾਂਗੇ। ਪ੍ਰੈਸ ਕਲੱਬ ਨੇ ਸਮਾਜ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਇਸ ਮੌਕੇ ਦੌੜ ਨਸ਼ਿਆ ਵਿਰੁੱਧ ਨੂੰ ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਝੰਡੀ ਦੇ ਕੇ ਰਵਾਨਾ ਕੀਤਾ, ਇਹ ਦੌੜ ਪ੍ਰੈਸ ਕਲੱਬ ਚੋਂਕ ਸ੍ਰੀ ਅਨੰਦਪੁਰ ਸਾਹਿਬ ਤੋਂ ਸੁਰੂ ਹੋ ਕੇ ਪੰਜ ਪਿਆਰਾ ਪਾਰਕ ਰਾਹੀ ਮੁੜ ਪ੍ਰੈਸ ਕਲੱਬ ਚੋਂਕ ਵਿੱਚ ਸਮਾਪਤ ਹੋਈ। ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨਸ਼ਿਆ ਵਿਰੁੱਧ ਦੌੜ ਦੀ ਟੀਸ਼ਰਟ ਪਹਿਨੀ ਹੋਈ ਸੀ, ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਤੇ ਆਯੋਜਕਾਂ ਨੂੰ ਸ਼ਾਨਦਾਰ ਰਿਫਰੈਸਮੈਂਟ ਦਿੱਤੀ ਗਈ। ਇਸ ਦੌੜ ਨਸ਼ਿਆ ਵਿਰੁੱਧ ਦੀ ਰਜਿਸਟ੍ਰੇਸ਼ਨ ਲਈ ਲਗਭਗ 700 ਨੌਜਵਾਨਾਂ ਨੇ ਆਪਣਾ ਨਾਮ ਦਰਜ ਕਰਵਾਇਆ ਪ੍ਰੰਤੂ ਦੋੜ ਵਿਚ ਉਸ ਤੋ ਕਾਫੀ ਜਿਆਦਾ ਗਿਣਤੀ ਵਿਚ ਸਥਾਨਕ ਵਾਸੀ ਪਹੁੰਚੇ ਹੋਏ ਸਨ।
ਇਸ ਮੌਕੇ ਅਰਵਿੰਦ ਮੀਨਾ ਆਈਪੀਐਸ ਸੁਪਰਡੈਂਟ ਆਫ ਪੁਲਿਸ, ਜਸਪ੍ਰੀਤ ਸਿੰਘ ਐਸਡੀਐਮ ਸ੍ਰੀ ਅਨੰਦਪੁਰ ਸਾਹਿਬ, ਅਜੇ ਸਿੰਘ ਡੀ.ਐਸ.ਪੀ, ਪ੍ਰੈਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਅਹੁਦੇਦਾਰ ਤੇ ਮੈਂਬਰ, ਸ਼ਹਿਰ ਦੇ ਪਤਵੰਤੇ, ਐਨ.ਸੀ.ਸੀ ਕੈਡਿਟ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ।