ਰੂਪਨਗਰ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ‘ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਬਰਾਮਦਗੀਆਂ ਕੀਤੀਆਂ
ਬਹਾਦਰਜੀਤ ਸਿੰਘ /royalpatiala.in News/ ਰੂਪਨਗਰ,5 ਫਰਵਰੀ,2026
ਰੂਪਨਗਰ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਬਰਾਮਦਗੀਆਂ ਕੀਤੀਆਂ ਹਨ।
ਇਨ੍ਹਾਂ ਮਾਮਲਿਆਂ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਮਨਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਡੀਆਈਜੀ ਰੂਪਨਗਰ ਰੇਂਜ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਇਹ ਨਿਰੰਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਮਨਿੰਦਰ ਸਿੰਘ ਨੇ ਦੱਸਿਆ ਕਿ ਰੂਪਨਗਰ ਪੁਲਿਸ ਨੇ ਮੋਰਿੰਡਾ ਨੇੜੇ ਹੋਈ ਹਾਈਵੇਅ ਲੁੱਟ ਅਤੇ ਅਗਵਾ ਦੀ ਇੱਕ ਸਨਸਨੀਖੇਜ ਵਾਰਦਾਤ ਨੂੰ ਸਫ਼ਲਤਾਪੂਰਵਕ ਸੁਲਝਾ ਲਿਆ ਹੈ। ਇੱਕ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਲੁੱਟਿਆ ਹੋਇਆ ਟਰੈਕਟਰ ਬਰਾਮਦ ਕਰ ਲਿਆ ਹੈ ਅਤੇ ਗਿਰੋਹ ਦੇ ਇੱਕ ਮੁੱਖ ਮੈਂਬਰ ਗੁਰਪ੍ਰੀਤ ਸਿੰਘ ਉਰਫ ਸੁੱਖਾ ਉਰਫ ਡਰੋਲ ਵਾਸੀ ਧੂਰਕੋਟ ਚੜਤ ਸਿੰਘ ਵਾਲਾ, ਥਾਣਾ ਮਹਿਣਾ, ਜ਼ਿਲ੍ਹਾ ਮੋਗਾ ਨੂੰ ਕਾਬੂ ਕੀਤਾ ਹੈ ਅਤੇ ਦੋ ਹੋਰ ਸਾਥੀਆਂ ਦੀ ਰਸਮੀ ਤੌਰ ‘ਤੇ ਪਛਾਣ ਕਰ ਲਈ ਗਈ ਹੈ, ਜੇ ਇਸ ਵੇਲੇ ਫ਼ਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਇਸ ਸੰਬਧੀ ਥਾਣਾ ਮੋਰਿੰਡਾ ਵਿਖੇ (ਬੀਐਨਐਸ) 2023 ਦੀਆਂ ਧਰਾਵਾਂ 310 (2) (ਲੁੱਟ ਖੋਹ), 140(3) (ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਅਗਵਾ), 126(2) (ਗਲਤ ਤਰੀਕੇ ਨਾਲ ਰੋਕਣਾ) ਅਤੇ 304 (ਖੋਹ) ਤਹਿਤ ਮੁਕੱਦਮਾ ਨੰਬਰ 09/2026 ਦਰਜ ਕੀਤਾ ਗਿਆ ਹੈ।
ਦੂਜੇ ਮੁਕੱਦਮੇ ਸੰਬਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਰੂਪਨਗਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦੇ ਹੋਏ 01 ਕਿੱਲੋ ਹੈਰੋਇਨ ਸਮੇਤ ਇੱਕ ਮੁਲਜ਼ਮ ਤਰਨਵੀਰ ਸਿੰਘ ਉਰਫ਼ ਤਨੂੰ ਵਾਸੀ ਪਿੰਡ ਰਾਮਪੁਰ ਸੁਨੜਾ, ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਨੂੰ ਕਾਬੂ ਕੀਤਾ ਹੈ ਤੇ ਇਸ ਸੰਬਧੀ ਥਾਣਾ ਸਿਟੀ ਰੂਪਨਗਰ ਵਿਖੇ ਮੁਕੱਦਮਾ ਨੰਬਰ 27 ਮਿਤੀ 04.02.2026 ਐਨਡੀਪੀਐੱਸ ਐਕਟ ਦੀ ਧਾਰਾ 21 ਤਹਿਤ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਪੂਰਥਲਾ ਦਾ ਇਹ ਸਰਗਰਮ ਨਸ਼ਾ ਤਸਕਰ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਜਨਤਕ ਆਵਾਜਾਈ (ਬੱਸ) ਰਾਹੀਂ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਰੂਪਨਗਰ ਦੇ ਨਵੇਂ ਬੱਸ ਸਟੈਂਡ ਨੇੜੇ ਸਪਲਾਈ ਦੇਣ ਆ ਰਿਹਾ ਸੀ। ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮ ਵੱਲੋਂ ਮਿੰਨੀ ਬਾਈਪਾਸ ਰੂਪਨਗਰ ਕੋਲ ਇੱਕ ਰਣਨੀਤਕ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਬੈਗ ਲੈ ਕੇ ਆਉਂਏ ਇੱਕ ਸ਼ੱਕੀ ਨੌਜਵਾਨ ਨੂੰ ਦੇਖਿਆ ਗਿਆ। ਪੁਲਿਸ ਨੂੰ ਦੇਖ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਰੋਕਸ ਟੀਮ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ।
ਇਸੇ ਤਰ੍ਹਾਂ ਤੀਜੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਰੂਪਨਗਰ ਪੁਲਿਸ ਵੱਲੋਂ ਨਾਜਾਇਜ਼ ਅਸਲਾ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 03 ਪਿਸਤੌਲਾਂ ਅਤੇ 04 ਜਿੰਦਾ ਰੋਂਦਾਂ ਸਮੇਤ 03 ਮੁਲਜਮਾਂ ਆਜੂਬ ਅਲੀ ਵਾਸੀ ਪਿੰਡ ਗੋਸਲਾਂ ਥਾਣਾ ਸਿੰਘ ਭਗਵੰਤਪੁਰ ਜ਼ਿਲ੍ਹਾ ਰੂਪਨਗਰ, ਵਰਿੰਦਰਜੀਤ ਸਿੰਘ ਵਾਸੀ ਸੰਤ ਨਗਰ ਮੋਰਿੰਡਾ ਥਾਣਾ ਸਿਟੀ ਮੋਰਿੰਡਾ ਜ਼ਿਲ੍ਹਾ ਰੂਪਨਗਰ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਪੀਕੇ ਵਾਲੀ ਥਾਣਾ ਸਦਰ ਜੀਰਾ ਜ਼ਿਲ੍ਹਾ ਫਿਰੋਜਪੁਰ ਨੂੰ ਕਾਬੂ ਕੀਤਾ ਹੈ ਤੇ ਇਸ ਸਬੰਧੀ ਥਾਣਾ ਸਿੰਘ ਭਗਵੰਤਪੁਰ ਵਿਖੇ ਮੁਕੱਦਮਾ ਨੰਬਰ 15 ਮਿਤੀ 01.02.2026 ਅਸਲਾ ਐਕਟ ਦੀਆਂ ਧਾਰਾਵਾਂ 25-54-59 ਤਹਿਤ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ 01 ਫਰਵਰੀ 2026 ਦੀ ਰਾਤ ਨੂੰ ਪੁਲਿਸ ਟੀਮ ਨੇ ਪਿੰਡ ਲੋਹਾਰੀ ਨੇੜੇ ਆਜੂਬ ਅਲੀ ਨੂੰ ਰੋਕਿਆ ਜਿਸ ਕੋਲੋਂ ਤਲਾਸ਼ੀ ਦੌਰਾਨ ਉਸ ਕੋਲੋਂ ਇੱਕ .32 ਬੋਰ ਦਾ ਪਿਸਤੌਲ ਅਤੇ 02 ਜਿੰਦਾ ਰੌਂਦ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਆਜੂਬ ਅਲੀ ਨੇ ਖੁਲਾਸਾ ਕੀਤਾ ਕਿ ਉਸ ਨੇ ਇਹ ਹਥਿਆਰ ਵਰਿੰਦਰਜੀਤ ਸਿੰਘ ਤੋਂ ਲਿਆ ਸੀ, ਜਿਸ ਤੋਂ ਬਾਅਦ ਵਰਿੰਦਰਜੀਤ ਸਿੰਘ ਨੂੰ 03 ਫਰਵਰੀ 2026 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋ ਇੱਕ .32 ਬੋਰ ਦਾ ਪਿਸਤੌਲ ਅਤੇ 01 ਜਿੰਦਾ ਰੱਦ ਬਰਾਮਦ ਹੋਇਆ। ਵਰਿੰਦਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਹ ਅਤੇ ਉਸ ਦਾ ਸਾਥੀ ਮਨਪ੍ਰੀਤ ਸਿੰਘ ਨਾਜਾਇਜ ਵਿਕਰੀ ਲਈ ਉੱਤਰ ਪ੍ਰਦੇਸ਼ (ਯੂਪੀ) ਤੋਂ ਹਥਿਆਰ ਲਿਆਉਂਦੇ ਸਨ। ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਮਨਪ੍ਰੀਤ ਸਿੰਘ ਨੂੰ 03 ਫਰਵਰੀ 2026 ਨੂੰ ਪਿੰਡ ਗੋਸਲਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਸ ਪਾਸੋਂ ਇੱਕ ਹੋਰ .32 ਬੋਰ ਦਾ ਪਿਸਤੌਲ ਅਤੇ 01 ਜਿੰਦਾ ਰੌਂਦ ਬਰਾਮਦ ਹੋਇਆ ।
ਉਨ੍ਹਾਂ ਦੱਸਿਆ ਕਿ ਤਫਤੀਸ਼ ਗ੍ਰਿਫ਼ਤਾਰ ਮੁਲਜਮ ਇਸ ਵੇਲੇ ਪੁਲਿਸ ਰਿਮਾਂਡ ‘ਤੇ ਹਨ। ਉੱਤਰ ਪ੍ਰਦੇਸ਼ ਵਿੱਚ ਹਥਿਆਰਾਂ ਦੇ ਅਸਲ ਸਰੋਤ ਦਾ ਪਤਾ ਲਗਾਉਣ ਅਤੇ ਇਸ ਨਾਜਾਇਜ਼ ਅਸਲਾ ਤਸਕਰੀ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੇਰੀ ਪੁੱਛਗਿੱਛ ਜਾਰੀ ਹੈ ।
ਇਸ ਪ੍ਰੈੱਸ ਕਾਨਫਰੰਸ ਮੌਕੇ ਐੱਸਪੀ ਅਰਵਿੰਦ ਮੀਨਾ, ਐੱਸਪੀ ਗੁਰਦੀਪ ਸਿੰਘ ਗੋਸਲ ਅਤੇ ਡੀਐੱਸਪੀ ਜਤਿੰਦਰ ਚੌਹਾਨ ਹਾਜ਼ਰ ਸਨ।











