ਰੂਪਨਗਰ ਪੁਲਿਸ ਵੱਲੋਂ ਚਾਈਨਾ ਡੋਰ ਖਿਲਾਫ਼ ਕਾਰਵਾਈ ਕਰਦਿਆਂ 150 ਰੋਲਾਂ ਦੀ ਖੇਪ ਕੀਤੀ ਬਰਾਮਦ
ਬਹਾਦਰਜੀਤ ਸਿੰਘ /ਰੂਪਨਗਰ, 1 ਫਰਵਰੀ,2025
ਰੂਪਨਗਰ ਪੁਲਿਸ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਸਖਤੀ ਨਾਲ ਕਾਰਵਾਈ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਅੱਜ ਲਗਭਗ 150 ਦੇ ਕਰੀਬ ਰੋਲਾਂ ਦੀ ਖੇਪ ਰੂਪਨਗਰ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਥਾਣਾ ਸਿਟੀ ਰੂਪਨਗਰ ਪਵਨ ਚੌਧਰੀ ਨੇ ਦੱਸਿਆ ਕਿ 4 ਲੋਕਾਂ ਨੂੰ ਚਾਈਨਾ ਡੋਰ ਸਮੇਤ ਕਾਬੂ ਕੀਤਾ ਹੈ ਜਿਨ੍ਹਾਂ ਵਿੱਚ ਜਗਦੀਸ਼ ਵਸਨੀਕ ਕਾਲਜ ਰੋਡ ਰੋਪੜ, ਮੌਂਟੀ ਵਾਸੀ ਮੁਹੱਲਾ ਫੂਲ ਚੱਕਰ ਰੂਪਨਗਰ, ਭਜਨ ਸਿੰਘ ਵਾਸੀ ਬਹਿਰਾਮਪੁਰ ਕਲੋਨੀ ਸਿੰਘ ਭਗਵੰਤਪੁਰ ਅਤੇ ਭੋਲਾ ਵਾਸੀ ਪਿਆਰਾ ਸਿੰਘ ਕਲੋਨੀ ਰੂਪਨਗਰ ਨੂੰ ਡੋਰ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਲਾਫ਼ ਵਾਤਵਰਨ ਸੁਰੱਖਿਆ ਐਕਟ ਤੇ ਜੰਗਲੀ ਜੀਵ ਸੁਰੱਖਿਆ ਐਕਟ ਤੇ ਹੋਰ ਧਰਾਵਾਂ ਸ਼ਾਮਿਲ ਕਰਕੇ ਗੈਰ ਜਮਾਨਤੀ ਧਾਰਾਵਾਂ ਲਗਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਬਸੰਤ ਵਾਲੇ ਦਿਨ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰ ਰਹੇ ਲੋਕਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਅੱਜ ਬਸੰਤ ਦੇ ਤਿਉਹਾਰ ਦੇ ਮੱਦਨਜ਼ਰ ਸਿਟੀ ਪੁਲਿਸ ਵੱਲੋਂ 8 ਦੇ ਲਗਭਗ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ ਅਤੇ ਡਰੋਨ ਦੇ ਨਾਲ ਵੀ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਤੇ ਨਜ਼ਰ ਰੱਖੀ ਜਾਵੇਗੀ।
ਪਵਨ ਚੌਧਰੀ ਨੇ ਦੱਸਿਆ ਕਿ ਹੁਣ ਤੱਕ ਰੂਪਨਗਰ ਪੁਲਿਸ ਵੱਲੋਂ 350 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਪੁਲਿਸ ਵੱਲੋਂ ਫੜਕੇ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ। ਥਾਣਾ ਸਿਟੀ ਐਸਐਚਓ ਪਵਨ ਕੁਮਾਰ ਨੇ ਕਿਹਾ ਕਿ ਇਹ ਡੋਰ ਕਾਫੀ ਮਜ਼ਬੂਤ ਅਤੇ ਤੇਜ਼ਧਾਰ ਹੁੰਦੀ ਹੈ ਜਿਸ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥ, ਉਗਲਾਂ ਅਤੇ ਕੰਨ ਕੱਟੇ ਜਾਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸ ਡੋਰ ਦੇ ਨਾਲ ਸੜਕ ਹਾਦਸੇ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਇਸ ਦੇ ਨਾਲ ਹੀ ਜੀਵ ਜੰਤੂਆਂ ਦਾ ਵੀ ਨੁਕਸਾਨ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇਹ ਚਾਈਨਾ ਡੋਰ ਸਿਰਫ਼ ਇਨਸਾਨਾਂ ਲਈ ਹੀ ਖਤਰਨਾਕ ਨਹੀਂ ਸਗੋਂ ਕਿ ਪੰਛੀਆਂ ਲਈ ਵੀ ਬਹੁਤ ਜ਼ਿਆਦਾ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਇਸਦੀ ਲਪੇਟ ਵਿੱਚ ਆ ਕੇ ਪੰਛੀਆਂ ਦੇ ਖੰਭ ਕੱਟੇ ਜਾਂਦੇ ਹਨ ਤੇ ਹੋਰ ਵੀ ਬਹੁਤ ਜਿਆਦਾ ਪੰਛਿਆਂ ਦਾ ਨੁਕਸਾਨ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਚਾਈਨਾ ਡੋਰ ਵੇਚਦਾ ਦਾ ਵਰਤੋਂ ਕਰਦਾ ਹੈ ਤਾਂ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਉਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।