ਰੂਪਨਗਰ ਪੁਲਿਸ ਨੇ ਨੋਧੇਮਾਜਰਾ ਵਿਖੇ ਹੋਏ ਔਰਤ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਦਿਆ ਦੋਸ਼ੀ ਨੂੰ 36 ਘੰਟਿਆਂ ‘ਚ ਕੀਤਾ ਗ੍ਰਿਫ਼ਤਾਰ
ਬਹਾਦਰਜੀਤ ਸਿੰਘ / ਰੋਯਾਲਪਟਿਆਲਾ.ਇਨ / ਰੂਪਨਗਰ, 25 ਅਗਸਤ,2025
ਰੂਪਨਗਰ ਪੁਲਿਸ ਨੇ ਨੂਰਪੁਰ ਬੇਦੀ ਨੇੜਲੇ ਪਿੰਡ ਨੋਧੇਮਾਜਰਾ ਵਿਖੇ ਇੱਕ ਔਰਤ ਦੇ ਕੀਤੇ ਗਏ ਕਤਲ ਦੇ ਮਾਮਲੇ ਨੂੰ 36 ਘੰਟੇ ਵਿੱਚ ਸੁਲਝਾਉਦਿਆ ਦੋਸ਼ੀ ਨੂੰ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਇਸ ਸੰਬਧੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਕਪਤਾਨ ਪੁਲਿਸ (ਡਿਟੈਕਟਿਵ) ਰੂਪਨਗਰ ਗੁਰਦੀਪ ਸਿੰਘ ਗੋਸਲ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਵੱਲੋਂ ਲਾਅ ਐਡ ਆਰਡਰ ਤੇ ਕਾਨੂੰਨੀ ਵਿਵਸਥਾ ਕਾਇਮ ਰੱਖਣ, ਸ਼ੱਕੀ ਵਿਅਕਤੀਆਂ, ਭੈੜੈ ਅਨਸਰਾਂ ਅਤੇ ਇਲਾਕੇ ਵਿੱਚ ਹੀਨੀਅਸ ਕਰਾਈਮ, ਚੋਰੀ/ਲੁੱਟ/ਖੋਹ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਪ੍ਰਾਪਤ ਹੋਏ ਸਨ।
ਉਨ੍ਹਾਂ ਦੱਸਿਆ ਕਿ ਇੱਕ ਔਰਤ ਦੀ ਲਾਸ਼ ਪਿੰਡ ਨੋਧੇਮਾਜਰਾ ਥਾਣਾ ਨੂਰਪੁਰ ਬੇਦੀ ਜੰਗਲ ਵਾਲੀ ਸਾਈਡ ਪਈ ਮਿਲੀ ਜਿਸ ਦੇ ਤੁਰੰਤ ਬਾਅਦ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਅਤੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੁਲਿਸ ਨੇ ਕਬਜੇ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਭੈਣ ਬਲਵਿੰਦਰ ਕੌਰ ਪੁੱਤਰੀ ਗੁਰਮੁੱਖ ਸਿੰਘ ਵਾਸੀ ਨੋਧੇਮਾਜਰਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਦੇ ਬਿਆਨ ਦੇ ਅਧਾਰ ਤੇ ਨਾ ਮਾਲੂਮ ਵਿਅਕਤੀ ਖਿਲਾਫ ਮੁਕੱਦਮਾ ਨੰਬਰ 103 ਮਿਤੀ 22.08.2025 ਅ/ਧ 103 ਬੀ.ਐਨ.ਐਸ. ਥਾਣਾ ਨੂਰਪੁਰ ਬੇਦੀ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਕਪਤਾਨ ਪੁਲਿਸ (ਡਿਟੈਕਟਿਵ) ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਨੂਰਪੁਰ ਬੇਦੀ ਸੁਨੀਲ ਕੁਮਾਰ ਨੇ ਦੌਰਾਨੇ ਤਫਤੀਸ਼ ਅੰਨਾ ਕਤਲ ਹੋਣ ਕਾਰਣ ਖੁਫੀਆ ਤਰੀਕੇ ਅਤੇ ਟੈਕਨੀਕਲ ਤਰੀਕੇ ਨਾਲ ਮੁਕੱਦਮਾ ਉਕਤ ਵਿੱਚ ਦੋਸ਼ੀ ਦਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਨੋਧੇ ਮਾਜਰਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਨੂੰ 36 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀ ਨੂੰ ਟਰੇਸ ਕਰਕੇ ਨਾਮਜਦ ਕੀਤਾ ਤੇ ਮਿਤੀ 23 ਅਗਸਤ ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਪਾਸੋਂ ਵਾਰਦਾਤ ਵਿੱਚ ਵਰਤਿਆ ਹਥਿਆਰ ਕੁਹਾੜੀ ਬਰਾਮਦ ਕਰਵਾ ਲਿਆ ਗਿਆ। ਇਸ ਉਪਰੰਤ 24 ਅਗਸਤ ਨੂੰ ਦੋਸ਼ੀ ਦਵਿੰਦਰ ਸਿੰਘ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਮੁਕੱਦਮੇ ਦੀ ਤਫਤੀਸ਼ ਡੂੰਘਾਈ ਨਾਲ ਜਾਰੀ ਹੈ।
ਗੁਰਦੀਪ ਸਿੰਘ ਗੋਸਲ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਕਰਨ ਵਾਲੇ ਵਿਅਕਤੀ/ਵਿਅਕਤੀਆ ਨੂੰ ਨਹੀ ਬਖਸ਼ਿਆ ਜਾਵੇਗਾ ਅਤੇ ਉਨ੍ਹਾਂ ਵੱਲੋਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਆਪਣੇ ਆਸ-ਪਾਸ ਜੇਕਰ ਕੋਈ ਮਾੜੇ ਅਨਸਰ, ਗੈਰ ਕਾਨੂੰਨੀ ਗਤੀਵਿਧੀ ਜਾਂ ਸ਼ੱਕੀ ਵਿਅਕਤੀ ਹੋਣ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਲੋਕਲ ਪੁਲਿਸ ਨੂੰ ਦਿੱਤੀ ਜਾਵੇ।