ਤਰਕਸ਼ੀਲ ਸੁਸਾਇਟੀ ਦੀ ਮੀਟਿੰਗ ਹੋਈ
ਬਹਾਦਰਜੀਤ ਸਿੰਘ /ਰੂਪਨਗਰ,21 ਜਨਵਰੀ,2022
ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਚੰਡੀਗੜ੍ਹ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ੋਨ ਦੇ ਜਥੇਬੰਦਕ ਮੁਖੀ ਸੇਵਾ-ਮੁਕਤ ਪ੍ਰਿੰਸੀਪਲ ਗੁਰਮੀਤ ਖਰੜੀ ਦੀ ਰਹਿਨੁਮਾਈ ਹੇਠ ਸੁਸਾਇਟੀ ਦਫ਼ਤਰ,ਰੂਪਨਗਰ ਵਿਖੇ ਹੋਈ ਜਿਸ ਵਿੱਚ ਵਿਦਿਆਰਥੀਆਂ ਦਾ ਨਜ਼ਰੀਆ ਵਿਗਿਆਨਿਕ ਬਣਾਉਣ ਦੇ ਮਕਸਦ ਨਾਲ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਸਬੰਧੀ ਯੋਜਨਾਬੰਦੀ ਕੀਤੀ ਗਈ।
ਜਥੇਬੰਦੀ ਦੇ ਮੀਡੀਆ ਇੰਚਾਰਜ ਅਜੀਤ ਪ੍ਰਦੇਸੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਫ਼ਿਲਮੀ ਹੀਰੋਆਂ ਦੀ ਥਾਂ ’ਤੇ ਸਮਾਜ ਦੇ ਅਸਲ ਨਾਇਕਾਂ, ਸੂਰਬੀਰਾਂ ਅਤੇ ਯੋਧਿਆਂ ਨਾਲ ਜਾਣ-ਪਛਾਣ ਕਰਵਾਉਣ, ਉਸਾਰੂ ਕਦਰਾਂ-ਕੀਮਤਾਂ ਬਾਰੇ, ਮਨੁੱਖੀ ਸ਼ਖ਼ਸੀਅਤਾਂ ਦਾ ਸੱਚ, ਸਮਾਜ ਵਿੱਚ ਆਏ ਅਨੇਕਾਂ ਵਿਗਾੜਾਂ ਪ੍ਰਤੀ ਜਾਗਰੂਕ ਕਰਨ ਅਤੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਜਥੇਬੰਦੀ ਨੇ ਵਿਦਿਆਰਥੀਆਂ ਦੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਦਾ ਫ਼ੈਸਲਾ ਕੀਤਾ ਹੋਇਆ ਹੈ। ਇਹ ਪਰਖ਼ ਪ੍ਰੀਖਿਆ ਸਕੂਲਾਂ ਵਿੱਚ ਸਾਜ਼ਗਾਰ ਮਾਹੌਲ ਦੌਰਾਨ ਹੀ ਕਰਵਾਈ ਜਾਵੇਗੀ ਜਿਸ ਵਿੱਚ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀ ਹੀ ਭਾਗ ਲੈ ਸਕਣਗੇ।
ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਲੱਗਭੱਗ ਤੀਹ ਕੁ ਹਜ਼ਾਰ ਵਿਦਿਆਰਥੀਆਂ ਨੇ ਇਸ ਪਰਖ ਪ੍ਰੀਖਿਆ ਲਈ ਆਪਣੇ ਨਾਂ ਨੋਟ ਕਰਵਾਏ ਹਨ। ਉਨ੍ਹਾਂ ਸਕੂਲ ਮੁਖੀਆਂ ਨੂੰ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਪਰਖ਼ ਪ੍ਰੀਖਿਆ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ ਤਾਂ ਕਿ ਬੱਚੇ ਆਪਣੇ ਪੈਰਾਂ ਸਿਰ ਹੋ ਕੇ ਆਤਮ- ਨਿਰਭਰ ਹੋ ਸਕਣ ਅਤੇ ਸਿਰ ਉਠਾ ਕੇ ਜੀਉਣ ਦੀ ਜਾਂਚ ਸਿੱਖ ਸਕਣ। ਮੀਟਿੰਗ ਵਿੱਚ ਸਰਵਸਿਰੀ ਗੁਰਮੀਤ ਖਰੜ, ਕੁਲਵਿੰਦਰ ਨਗਾਰੀ, ਸ਼ਮਸ਼ੇਰ ੁੋਹਾਲੀ, ਅਜੀਤ ਪ੍ਰਦੇਸੀ, ਅਸ਼ੋਕ ਰੂਪਨਗਰ ਅਤੇ ਸ਼ੈਲਿੰਦਰ ਸੁਹਾਲੀ ਹਾਜ਼ਰ ਸਨ।