ਪੂਟਾ ਪ੍ਰਧਾਨ ਵਿਰੁੱਧ ਤਿੰਨ ਮਹਿਲਾਵਾਂ ਵੱਲੋਂ ਗੰਭੀਰ ਦੋਸ਼, ਅਧਿਆਪਕ ਇਜਲਾਸ ਵਿੱਚ ਪੂਟਾ ਦੀ ਕਾਰਗੁਜ਼ਾਰੀ ਤੇ ਜਵਾਬਦੇਹੀ ‘ਤੇ ਤਿੱਖੀ ਚਰਚਾ, ਹਾਊਸ ਅਧੂਰਾ ਛੱਡਿਆ ਗਿਆ

210

ਪੂਟਾ ਪ੍ਰਧਾਨ ਵਿਰੁੱਧ ਤਿੰਨ ਮਹਿਲਾਵਾਂ ਵੱਲੋਂ ਗੰਭੀਰ ਦੋਸ਼, ਅਧਿਆਪਕ ਇਜਲਾਸ ਵਿੱਚ ਪੂਟਾ ਦੀ ਕਾਰਗੁਜ਼ਾਰੀ ਤੇ ਜਵਾਬਦੇਹੀ ‘ਤੇ ਤਿੱਖੀ ਚਰਚਾ, ਹਾਊਸ ਅਧੂਰਾ ਛੱਡਿਆ ਗਿਆ

ਪਟਿਆਲਾ /royalpatiala.in News/ 13 ਫ਼ਰਵਰੀ 2026

11 ਫ਼ਰਵਰੀ 2026 ਨੂੰ ਪੰਜਾਬੀ ਯੂਨੀਵਰਸਿਟੀ ਦੇ ਸੰਨੀ ਉਬਰਾਏ ਆਡੀਟੋਰਿਅਮ ਵਿੱਚ ਅਧਿਆਪਕਾਂ ਦਾ ਇੱਕ ਇਜਲਾਸ ਬੁਲਾਇਆ  ਗਿਆ ਸੀ । ਪਰ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਮੌਜੂਦਾ  ਪ੍ਰਧਾਨ ਵਿਰੁੱਧ ਤਿੰਨ ਮਹਿਲਾਵਾਂ ਵੱਲੋਂ ਗੰਭੀਰ ਦੋਸ਼ ਲਗਾਏ ਗਏ।

ਇਨ੍ਹਾਂ ਵਿੱਚੋਂ ਦੋ ਯੂਨੀਵਰਸਿਟੀ ਦੀਆਂ ਅਧਿਆਪਕਾਵਾਂ ਹਨ, ਜਦਕਿ ਇੱਕ ਨਾਨ-ਟੀਚਿੰਗ ਵਰਗ ਨਾਲ ਸੰਬੰਧਿਤ ਮਹਿਲਾ ਕਰਮਚਾਰੀ ਹੈ। ਇਜਲਾਸ ਦੌਰਾਨ ਨਾਨ ਟੀਚਿੰਗ ਦੀ ਇੱਕ ਮਹਿਲਾ ਮੁਲਾਜ਼ਮ ਵੱਲੋਂ ਗੰਭੀਰ ਦੋਸ਼ ਲਗਾਏ ਗਏ ਅਤੇ ਪੂਟਾ ਦੇ ਮੌਜੂਦਾ ਪ੍ਰਧਾਨ ਵਿਰੁੱਧ ਰੋਸ ਕੀਤਾ ਗਿਆ ਅਤੇ ਇਹ ਮਾਮਲਾ ਕਿਰਦਾਰਕੁਸ਼ੀ ਅਤੇ ਜਵਾਬਦੇਹੀ ਨਾਲ ਸਿੱਧੇ ਤੌਰ ‘ਤੇ ਸੰਬੰਧਿਤ ਹੈ।

ਖਾਸ ਤੌਰ ‘ਤੇ ਇਹ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਪੂਟਾ ਦੇ ਕਿਸੇ ਵੀ ਪ੍ਰਧਾਨ ਵਿਰੁੱਧ ਕਿਸੇ ਨਾਨ-ਟੀਚਿੰਗ ਕਰਮਚਾਰੀ ਵੱਲੋਂ ਇਸ ਤਰਾਂ ਦੇ ਇਲਜ਼ਾਮ ਲਗਾਏ ਗਏ ਹੋਣ। ਇਸ ਸੰਦਰਭ ਵਿੱਚ ਇੱਕ ਅਧਿਆਪਕਾ ਨੇ ਅਧਿਆਪਕ ਇਜਲਾਸ ਵਿੱਚ ਇਹ ਵੀ ਘੋਸ਼ਣਾ ਕੀਤੀ ਕਿ ਉਹ ਆਪਣੀ ਮਾਣਹਾਨੀ ਸੰਬੰਧੀ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰੇਗੀ ।

ਇਸ ਇਜਲਾਸ ਦੌਰਾਨ ਕੁਝ ਪ੍ਰੋਫੈਸਰਾਂ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਪੂਟਾ ਦੀ ਕਾਰਗੁਜ਼ਾਰੀ ‘ਤੇ ਗੰਭੀਰ ਅਸੰਤੋਸ਼ ਪ੍ਰਗਟ ਕੀਤਾ ਗਿਆ ਸੀ।

“ਇੱਕ ਅਧਿਆਪਕ ਧੜੇ ਵੱਲੋਂ ਪੂਟਾ ਦੀ ਸੰਗਠਨਾਤਮਕ ਜਵਾਬਦੇਹੀ ਨੂੰ ਲੈ ਕੇ ਕਈ ਤਿੱਖੇ ਸਵਾਲ ਉਠਾਏ। ਮੁੱਖ ਤੌਰ ‘ਤੇ ਇਹ ਮਸਲਾ ਚਰਚਾ ਦਾ ਕੇਂਦਰ ਰਿਹਾ ਕਿ ਪਿਛਲੇ ਪੂਰੇ ਸੈਸ਼ਨ ਦੌਰਾਨ ਸੰਵਿਧਾਨਕ ਕੈਲੰਡਰ ਦੀ ਉਲੰਘਣਾ ਹੋਈ ਅਤੇ ਇੱਕ ਵੀ ਜਨਰਲ ਹਾਊਸ ਮੀਟਿੰਗ ਨਹੀਂ ਬੁਲਾਈ ਗਈ” ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ

“ਇਸ ਸਬੰਧੀ ਸੈਕਟਰੀ ਪੂਟਾ ਵੱਲੋਂ ਸੰਤੋਸ਼ਜਨਕ ਜਵਾਬ ਪੇਸ਼ ਨਹੀਂ ਕੀਤਾ ਗਿਆ। ਗੌਰਤਲਬ ਹੈ ਕਿ ਇਹ ਵੀ ਇੱਕ ਪੂਟਾ ਦੇ ਇਤਿਹਾਸ ਦੀ ਪਹਿਲੀ ਘਟਨਾ ਰਹੀ ਕਿ ਇਜਲਾਸ ਪੂਰੀ ਤਰ੍ਹਾਂ ਸੰਪੰਨ ਹੋਣ ਤੋਂ ਪਹਿਲਾਂ ਹੀ ਅਧਿਆਪਕ ਹਾਊਸ ਛੱਡ ਕੇ ਚਲੇ ਗਏ, ਜੋ ਪੂਟਾ ਪ੍ਰਤੀ ਗਹਿਰੇ ਅਸੰਤੋਸ਼ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ”  ਡਾ ਰਾਜਿੰਦਰ ਸਿੰਘ ਨੇ ਕਿਹਾ

ਇਸ ਪੂਰੇ ਮਾਮਲੇ ਨੇ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦੀ ਸੰਸਥਾਗਤ ਜਵਾਬਦੇਹੀ ਬਾਰੇ ਗੰਭੀਰ ਚਰਚਾ ਨੂੰ ਜਨਮ ਦਿੱਤਾ ਹੈ।