ਰੂਪਨਗਰ ਬਾਜ਼ਾਰ ਤੋਂ ਸਰਹਿੰਦ ਨਹਿਰ ‘ਤੇ ਉੱਚ ਪੱਧਰੀ ਪੁਲ ਨੂੰ ਸੁਰੱਖਿਆ ਦੇ ਮੱਦੇਨਜ਼ਰ ਹਰ ਤਰ੍ਹਾਂ ਦੀ ਆਵਾਜਾਈ ਲਈ ਬੰਦ
ਬਹਾਦਰਜੀਤ ਸਿੰਘ/ ਰੂਪਨਗਰ, 16 ਫਰਵਰੀ,2025
ਸਬ ਡਿਵੀਜ਼ਨਲ ਮੈਜਿਸਟਰੇਟ ਸਚਿਨ ਪਾਠਕ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਰੋਪੜ ਬਾਜ਼ਾਰ ਤੋਂ ਸਰਹਿੰਦ ਨਹਿਰ ‘ਤੇ ਸਥਿਤ ਪੁਲ ਨੂੰ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰ ਤਰ੍ਹਾਂ ਦੀ ਆਵਾਜਾਈ ਲਈ ਅਗਲੇ ਜਨਤਕ ਨੋਟਿਸ ਤੱਕ ਬੰਦ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਰੂਪਨਗਰ ਦੇ ਨਾਗਰਿਕਾਂ ਵੱਲੋਂ ਉਠਾਈਆਂ ਗਈਆਂ ਸ਼ਿਕਾਇਤਾਂ ਦੇ ਜਵਾਬ ਵਿੱਚ ਤਹਿਸੀਲਦਾਰ-ਕਮ-ਕਾਰਜਕਾਰੀ ਮੈਜਿਸਟਰੇਟ ਪਹਿਲੀ ਸ਼੍ਰੇਣੀ, ਕਾਰਜਕਾਰੀ ਇੰਜਨੀਅਰ ਪੀ.ਡਬਲਯੂ.ਡੀ ਅਤੇ ਐਸ.ਡੀ.ਓ. ਪੀ. ਡਬਲਿਊ.(ਇਲੈਕਟ੍ਰੀਕਲ) ਵਿੰਗ, ਦੀ ਸਾਂਝੀ ਕਮੇਟੀ ਦਾ ਗਠਨ ਕਰਕੇ ਨੂੰ ਰੋਪੜ ਬਜ਼ਾਰ ਤੋਂ ਸਰਹੰਦ ਨਹਿਰ ਦਾ ਪੁਰਾਣਾ ਪੁੱਲ ਦਾ ਨਿਰੀਖਣ ਕਰਨ ਦੇ ਆਦੇਸ਼ ਦਿੱਤੇ ਗਏ ਸਨ।
ਇਸ ਨਿਰੀਖਣ ਉਪਰੰਤ ਧਿਆਨ ਵਿੱਚ ਲਿਆਂਦਾ ਹੈ ਕਿ ਬਰਿੱਜ ਦੀ ਹਾਲਤ ਪਹਿਲਾਂ ਨਾਲੋ ਹੋਰ ਵੀ ਖਸਤਾ ਹੋ ਚੁੱਕੀ ਹੈ ਕਿਉਂਕਿ ਇਸ ਪੁੱਲ ਦੇ ਕੈਂਟੀਲਿਵਰ ਪੋਰਸ਼ਨ ਉੱਤੇ ਪੈਰਾਪਿਟ/ਫੁੱਟਪਾਥ ਬਣੇ ਹਨ, ਉਨ੍ਹਾਂ ਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਚੁੱਕੀ ਹੈ ਅਤੇ ਇਹ ਰਿਪੇਅਰ ਕਰਨ ਯੋਗ ਨਹੀਂ ਹਨ। ਇਸ ਲਈ ਇਹ ਪੁੱਲ ਦੋ ਪਹੀਆ ਵਾਹਨ ਅਤੇ ਪੈਦਲ ਜਾਣ ਲਈ ਵੀ ਸੁਰੱਖਿਅਤ ਨਹੀਂ ਹੈ ਕਿਉਂਕਿ ਭਵਿੱਖ ਵਿੱਚ ਇਸ ਪੁੱਲ ਉੱਤੇ ਕੋਈ ਵੀ ਦੁਰਘਟਨਾ ਵਾਪਰ ਸਕਦੀ ਹੈ।
ਇਸ ਲਈ ਇਹ ਪੁੱਲ ਜਨਤਾ ਲਈ ਅਸੁਰੱਖਿਅਤ ਹੈ ਅਤੇ ਤੁਰੰਤ ਪ੍ਰਭਾਵ ਨਾਲ ਹਰ ਕਿਸਮ ਦੀ ਆਵਾਜਾਈ ਤੇ ਜਨਤਾ ਲਈ ਬੰਦ ਗਿਆ ਹੈ।
