ਅਦਾਰਾ ਤਾਸਮਨ ਵੱਲੋਂ ਸਨਮਾਨ ਸਮਾਰੋਹ ਕਰਵਾਇਆ

191

ਅਦਾਰਾ ਤਾਸਮਨ ਵੱਲੋਂ ਸਨਮਾਨ ਸਮਾਰੋਹ ਕਰਵਾਇਆ

ਪਟਿਆਲਾ/23 ਜਨਵਰੀ, 2022

ਤ੍ਰੈ ਮਾਸਿਕ ਪੰਜਾਬੀ ਮੈਗਜ਼ੀਨ ਤਾਸਮਨ ਵੱਲੋਂ  ਪੰਜਾਬੀ  ਸਾਹਿਤ ਸਭਾ, ਪੰਜਾਬੀ ਵਿਭਾਗ, ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਵਿਖੇ ਸਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ ਡਾ. ਰਜਿੰਦਰਪਾਲ ਸਿੰਘ ਬਰਾੜ, (ਡੀਨ ਭਾਸ਼ਾਵਾਂ), ਡਾ ਸੁਰਜੀਤ ਸਿੰਘ (ਮੁਖੀ ਪੰਜਾਬੀ ਵਿਭਾਗ) ਅਤੇ ਮਾਸਟਰ ਹਰੀਸ਼ ਵੱਲੋਂ ਕੀਤੀ ਗਈ।

ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਵਾਗਤੀ ਭਾਸ਼ਣ ਡਾ. ਸੁਰਜੀਤ ਸਿੰਘ  ਹੋਰਾਂ ਨੇ ਕਿਹਾ ਕਿ ਤਾਸਮਨ ਮੈਗਜ਼ੀਨ ਨੇ ਸਾਹਿਤਕ ਖੇਤਰ ਵਿਚ ਜਿਕਰਯੋਗ ਸ਼ੁਰੂਆਤ ਕੀਤੀ ਹੈ। ਸਨਮਾਨਯੋਗ ਸ਼ਖਸੀਅਤਾਂ ਦੀ ਸਹੀ ਚੋਣ ਇਕ ਹੋਰ ਵਧੀਆ ਕਾਰਜ ਹੈ।

ਅਦਾਰਾ ਤਾਸਮਨ ਵੱਲੋਂ ਸਨਮਾਨ ਸਮਾਰੋਹ ਕਰਵਾਇਆ

ਇਸ ਤੋਂ ਬਾਅਦ ਮੈਗਜ਼ੀਨ ਤਾਸਮਨ ਦੇ ਸਲਾਹਕਾਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ  ਤਾਸਮਨ ਸਾਹਿਤ ਦੇ ਪਾਠਕਾਂ ਨੂੰ ਮਾਲਾਮਾਲ ਕਰ ਰਿਹਾ ਹੈ।

ਰੋਬੀ ਬੈਨੀਪਾਲ ਅਤੇ ਅਮਨ ਭੰਗੂ ਜੋ ਆਸਟ੍ਰੇਲੀਆ ਤੋਂ ਮੁੱਖ ਰੂਪ ਵਿਚ ਪ੍ਰੋਗਰਾਮ ਵਿਚ ਆਏ ਸਨ ਨੇ ਕਿਹਾ ਕਿ ਤਾਸਮਨ ਲਈ ਆਸਟ੍ਰੇਲੀਆ  ਨਿਊਜ਼ੀਲੈਂਡ ਅਤੇ ਪੰਜਾਬ ਵਿਚ ਹੋਰ ਵਧੇਰੇ ਯਤਨ ਕਰਨਗੇ ਅਤੇ ਹਰ ਸੰਭਵ ਮਦਦ ਕਰਨਗੇ।

ਇਸ ਮੌਕੇ ਤਾਸਮਨ ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ, ਪ੍ਰਬੰਧਕੀ ਸੰਪਾਦਕ ਤਰਨਦੀਪ ਬਿਲਾਸਪੁਰ ਅਤੇ ਆਸਟਰੇਲੀਆ ਮੈਨੇਜਰ ਵਰਿੰਦਰ ਆਲੀਸ਼ੇਰ ਦੇ ਸੰਦੇਸ਼ ਪੜ੍ਹੇ ਗਏ।

ਇਸ ਮੌਕੇ ਤਾਸਮਨ ਸਾਹਿਤ ਪੁਰਕਾਰ ਭਜਨਬੀਰ ਸਿੰਘ ਨੂੰ ਅਨੁਵਾਦ ਦੇ ਖੇਤਰ ਵਿਚ ਕੀਤੇ ਬਿਹਤਰੀਨ ਕਾਰਜ ਲਈ ਸਨਮਾਨਿਤ ਕੀਤਾ ਗਿਆ, ਜਿਸ ਵਿਚ 11000 ਰੁਪਏ, ਸਨਮਾਨ ਚਿੰਨ੍ਹ, ਲੋਈ ਅਤੇ ਤਾਸਮਨ ਮੈਗਜ਼ੀਨ ਦਾ ਸੈੱਟ ਸ਼ਾਮਿਲ ਸੀ। ਜਸਵੀਰ ਬੇਗਮਪੁਰੀ ਨੂੰ ਪੁਸਤਕ ਸਭਿਆਚਾਰ ਪ੍ਰਫੁਲਿਤ ਕਰਨ ਲਈ ‘ਤਾਸਮਨ ਸ਼ਬਦ ਪ੍ਰਵਾਹ ਪੁਰਸਕਾਰ ਦਿੱਤਾ ਗਿਆ। ਜਿਸ ਵਿਚ 5100 ਰੁਪਏ, ਸਨਮਾਨ ਚਿੰਨ੍ਹ, ਲੋਈ ਅਤੇ ਤਾਸਮਨ ਮੈਗਜ਼ੀਨ ਦਾ ਸੈੱਟ ਸ਼ਾਮਿਲ ਸੀ। ਸ਼ਾਇਰਾ ਮਨਦੀਪ ਔਲ਼ਖ ਨੂੰ ਉਹਨਾਂ ਦੀ ਕਿਤਾਬ ‘ਮਨ ਕਸਤੂਰੀ’ ਲਈ ‘ਤਾਸਮਨ ਯੁਵਾ ਪੁਰਸਕਾਰ’ ਦਿੱਤਾ ਗਿਆ। ਜਿਸ ਵਿਚ 5100 ਰੁਪਏ, ਸਨਮਾਨ ਚਿੰਨ੍ਹ, ਸ਼ਾਲ ਅਤੇ ਤਾਸਮਨ ਦਾ ਸੈੱਟ ਸ਼ਾਮਿਲ ਸੀ।

ਇਸ ਮੌਕੇ ਡਾ. ਰਜਿੰਦਰਪਾਲ ਸਿੰਘ ਬਰਾੜ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਮੈਗਜ਼ੀਨ ਨੇ ਸਾਹਿਤਕ ਦੇ  ਦੂਤ ਦਾ ਕੰਮ ਕਰਨਾਂ ਹੁੰਦਾ ਹੈ, ਬਿਹਤਰੀਨ ਸਾਹਿਤ  ਅਨੁਵਾਦ ਅਤੇ ਸਾਹਿਤ ਦੇ ਟਰੈਂਡਜ਼ ਤੋਂ ਜਾਣੂ ਕਰਵਾਉਣਾ ਹੁੰਦਾ ਹੈ, ਸਾਹਿਤ ਸਭਿਆਚਾਰ ਦੇ ਖੇਤਰ ਚ ਵਧੀਆ ਸਾਹਿਤਕਾਰਾਂ ਨੂੰ ਤਸਦੀਕ ਵੀ ਕਰਨਾ ਹੁੰਦਾ ਹੈ । ਅਦਾਰਾ ਤਾਸਮਨ ਨੇ ਇਹ ਬਾਖੂਬੀ ਕਰ ਦਿਖਾਇਆ ਹੈ।

ਇਸ ਮੌਕੇ ਪ੍ਰੋ. ਦੀਪਕ ਧਲੇਵਾਂ (ਸਹਾਇਕ ਪ੍ਰੋਫੈਸਰ ਮੋਦੀ ਕਾਲਜ), ਜੈ ਪਾਲ ਅਤੇ ਮਾਸਟਰ ਹਰੀਸ਼ ਨੇ ਸਨਮਾਨਿਤ ਸ਼ਖਸੀਅਤਾਂ ਬਾਰੇ ਵਿਸਥਾਰ ਵਿਚ ਗੱਲ ਕੀਤੀ।

ਅਦਾਰਾ ਤਾਸਮਨ ਵੱਲੋਂ ਸਨਮਾਨ ਸਮਾਰੋਹ ਕਰਵਾਇਆ

ਇਸ ਤੋਂ ਬਾਅਦ ਤਾਸਮਨ ਦੇ ਸੰਪਾਦਕ ਸਤਪਾਲ ਭੀਖੀ ਨੇ ਸਾਰੀਆਂ ਸਾਹਿਤਕ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਮੈਗਜ਼ੀਨ ਨਾਲ ਸੰਬੰਧਿਤ ਆਪਣੇ ਤਜ਼ਰਬੇ ਸਾਂਝੇ ਕੀਤੇ।

ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੀ ਸੁਰਿੰਦਰ ਸ਼ਰਮਾ, ਡਾ. ਗੁਰਜੰਟ, ਡਾ. ਜਗਵਿੰਦਰ ਜੋਧਾ, ਡਾ. ਲਕਸ਼ਮੀ ਨਰਾਇਣ ਭੀਖੀ, ਬਲਵਿੰਦਰ ਭੱਟੀ, ਸ਼ਾਇਰਾ ਨਰਿੰਦਰਪਾਲ ਕੌਰ, ਕਮਲ ਸੇਖੋਂ, ਸੁਖਵਿੰਦਰ ਸੁੱਖੀ, ਮਨਪ੍ਰੀਤ ਅਚਾਨਕ, ਕਿਰਨ ਪਾਹਵਾ, ਸੁਖਜੀਵਨ, ਜਗਪਾਲ ਚਹਿਲ, ਜਗਦੀਪ ਜਵਾਹਰਕੇ ਆਦਿ ਸ਼ਾਮਿਲ ਸਨ।ਮੰਚ ਸੰਚਾਲਨ ਮੈਗਜ਼ੀਨ ਦੇ ਸਹਾਇਕ ਸੰਪਾਦਕ ਡਾ ਸੁਮੀਤ ਸ਼ੰਮੀ ਨੇ ਬਾਖੂਬੀ ਨਿਭਾਇਆ ।