ਇਸ ਸਾਲ ਦੀ ਪਹਿਲੀ ਕੌਮੀ ਲੋਕ ਅਦਾਲਤ ਜ਼ਿਲ੍ਹਾ ਅਦਾਲਤ ਰੂਪਨਗਰ ਵਿਖੇ ਲਗਾਈ ਗਈ
ਬਹਾਦਰਜੀਤ ਸਿੰਘ /ਰੂਪਨਗਰ,12 ਮਾਰਚ,2022
ਅੱਜ ਹਰਪ੍ਰੀਤ ਕੌਰ ਜੀਵਨ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੀ ਅਗਵਾਈ ਹੇਠ ਇਸ ਸਾਲ ਦੀ ਪਹਿਲੀ ਕੌਮੀ ਲੋਕ ਅਦਾਲਤ ਜ਼ਿਲ੍ਹਾ ਅਦਾਲਤ ਰੂਪਨਗਰ ਵਿਖੇ ਲਗਾਈ ਗਈ।
ਹਰਪ੍ਰੀਤ ਕੌਰ ਜੀਵਨ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਵਿਚ ਜ਼ਿਲ੍ਹਾ ਰੂਪਨਗਰ ਸਮੇਤ ਸਬ ਡਿਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿਖੇ ਕੁੱਲ 16 ਬੈਂਚਾਂ ਦਾ ਗਠਨ ਕੀਤਾ ਗਿਆ ਜਿਸ ਵਿੱਚੋਂ ਦੋ ਬੈਂਚ ਲਾਈਵ ਸਟ੍ਰੀਮਿੰਗ ਦੇ ਵੀ ਲਗਾਏ ਗਏ, ਜਿਨ੍ਹਾਂ ਦੁਆਰਾ ਦੋਵੇਂ ਧਿਰਾਂ ਦੇ ਮਾਮਲਿਆਂ ਦਾ ਲਾਈਵ ਨਿਪਟਾਰਾ ਕੀਤਾ ਗਿਆ। ਇਨ੍ਹਾਂ 16 ਬੈਂਚਾਂ ਦੁਆਰਾ 2828 ਕੇਸਾਂ ਦੀ ਸੁਣਵਾਈ ਕੀਤੀ ਗਈ, ਇਨ੍ਹਾਂ ਵਿਚੋਂ ਕੁੱਲ 797 ਕੇਸਾਂ ਦਾ ਮੌਕੇ ਤੇ ਨਿਪਟਾਰਾ ਕਰਕੇ 76926441.14 ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਉਨ੍ਹਾਂ ਕਿਹਾ ਕਿ ਲੋਕ ਅਦਾਲਤ ਦੁਆਰਾ ਲੋਕਾਂ ਦੇ ਝਗੜਿਆਂ ਦਾ ਛੇਤੀ, ਸਸਤਾ ਤੇ ਆਪਸੀ ਰਜ਼ਾਮੰਦੀ ਨਾਲ ਨਿਵਾਰਣ ਕੀਤਾ ਜਾਂਦਾ ਹੈ ਤੇ ਇਸ ਦੇ ਫੈਸਲੇ ਨਾਲ ਦੋਵੇਂ ਧਿਰਾਂ ਜਿੱਤ ਮਹਿਸੂਸ ਕਰਦੀਆਂ ਹਨ। ਲੋਕ ਅਦਾਲਤਾਂ ਕੇਸਾਂ ਦੇ ਸਮਝੌਤਿਆਂ ਤੋਂ ਇਲਾਵਾ ਆਪਸੀ ਝਗੜਿਆਂ ਨੂੰ ਖਤਮ ਕਰਕੇ ਲੋਕਾਂ ਦੀ ਸਮਾਜਿਕ ਸਾਂਝ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ।
ਮਾਨਵ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਨੇ ਦੱਸਿਆ ਕਿ ਵੱਡੇ ਫੌਜਦਾਰੀ ਕੇਸਾਂ ਤੋਂ ਇਲਾਵਾ ਹਰ ਕਿਸਮ ਦੇ ਕੇਸ ਇਨ੍ਹਾਂ ਲੋਕ ਅਦਾਲਤ ਬੈਂਚ ਨੇ ਸੁਣੇ, ਜਿਨ੍ਹਾਂ ਵਿਚ ਮੁੱਖ ਤੌਰ ਤੇ ਬੈਂਕਾਂ ਦੀ ਰਿਕਵਰੀ ਕੇਸ, 138 ਚੈੱਕ ਬਾਉਂਸ ਦੇ ਮਾਮਲੇ, ਹਾਦਸੇ ਅਤੇ ਜਮੀਨਜ ਅਕਵਾਇਰਦੇ ਕਲੇਮ ਅਤੇ ਟ੍ਰੈਫਿਕ ਚਲਾਨ ਵਿਚ ਆਪਸੀ ਰਜਾਮੰਦੀ ਨਾਲ ਸਮਝੌਤੇ ਕਰਵਾ ਕੇ ਲੋਕ ਅਦਾਲਤਾਂ ਦਾ ਫਾਇਦਾ ਆਮ ਲੋਕਾਂ ਤੱਕ ਪਹੁੰਚਾਇਆ ਗਿਆ।