ਗੁਰਦੁਆਰਾ ਕਿਲਾ ਕੋਟਲਾ ਨਿਹੰਗ ਖਾਂ ਦਾ ਸਮੁੱਚਾ ਪ੍ਰਬੰਧ ਬੁੱਢਾ ਦਲ ਨੇ ਸੰਭਾਲਿਆ

333

ਗੁਰਦੁਆਰਾ ਕਿਲਾ ਕੋਟਲਾ ਨਿਹੰਗ ਖਾਂ ਦਾ ਸਮੁੱਚਾ ਪ੍ਰਬੰਧ ਬੁੱਢਾ ਦਲ ਨੇ ਸੰਭਾਲਿਆ

ਬਹਾਦਰਜੀਤ ਸਿੰਘ /ਰੂਪਨਗਰ, 27 ਅਪ੍ਰੈਲ,2022
ਗੁਰਦੁਆਰਾ ਸ਼ਹੀਦ ਗੰਜ ਭਾਈ ਬੱਚਿੱਤਰ ਸਿੰਘ ਕਿਲਾ ਕੋਟਲਾ ਨਿਹੰਗ ਖਾਂ ਦਾ ਸਮੁੱਚਾ ਪ੍ਰਬੰਧ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਿਹੰਗ ਸਿੰਘਾਂ ਨੇ ਸੰਭਾਲ ਲਿਆ ਹੈ।

ਬੁੱਢਾ ਦਲ ਦੇ ਸਕੱਤਰ  ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਕੋਟਲਾ ਨਿਹੰਗ ਖਾਂ ਕਿਲੇ ਵਿੱਚ ਸਿੱਖ ਕੌਮ ਦੇ ਸੂਰਬੀਰ ਯੋਧੇ ਬਾਬਾ ਬਚਿੱਤਰ ਸਿੰਘ ਜੀ ਦਾ ਸ਼ਹੀਦੀ ਅਸਥਾਨ ਅਤੇ ਪੰਜ ਗੁਰੂ ਸਾਹਿਬਾਨ ਨਾਲ ਸਬੰਧਤ ਕੁਝ ਪੁਰਾਤਨ ਯਾਦਗਾਰਾਂ ਹਨ ਜੋ ਇਤਿਹਾਸਕ ਪਰਿਖੇਪ ਵਿੱਚ ਅੰਕਿਤ ਹਨ।

ਗੁਰਦੁਆਰਾ ਕਿਲਾ ਕੋਟਲਾ ਨਿਹੰਗ ਖਾਂ ਦਾ ਸਮੁੱਚਾ ਪ੍ਰਬੰਧ ਬੁੱਢਾ ਦਲ ਨੇ ਸੰਭਾਲਿਆ

ਉਨ੍ਹਾਂ ਕਿਹਾ ਕਿ ਨਿਹੰਗ ਖਾਂ ਗੁਰੂ ਸਾਹਿਬਾਨ ਦਾ ਸੱਚਾ ਸ਼ਰਧਾਲੂ ਸੇਵਕ ਸੀ।ਉਨ੍ਹਾਂ ਹੋਰ ਕਿਹਾ ਕਿ ਇਸ ਇਤਿਹਾਸਕ ਅਸਥਾਨ ਦੀ ਵਿਰਾਸਤੀ ਇਮਾਰਤ ਖੁਰਦੀ ਜਾ ਰਹੀ ਸੀ ਅਤੇ ਸਾਂਭ ਸੰਭਾਲ ਵੀ ਠੀਕ ਨਹੀਂ ਸੀ।ਉਨ੍ਹਾਂ ਕਿਹਾ ਬੁੱਢਾ ਦਲ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦਿਆਂ ਹੋਇਆਂ ਸਾਂਭ ਸੰਭਾਲ ਕਰ ਲਈ ਹੈ। ਬੇਦੀ ਨੇ ਕਿਹਾ ਕਿ ਹੁਣ ਜਲਦ ਹੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਇਸ ਦੇ ਪੁਰਾਤਨ ਵਿਰਸੇ, ਵਿਰਾਸਤੀ ਦਿਖ ਨੂੰ ਕਾਇਮ ਕੀਤਾ ਜਾਵੇਗਾ।ਹੁਣ ਸੰਗਤਾਂ ਦੇ ਦਰਸ਼ਨਾਂ ਲਈ ਖੋਹਲ ਦਿੱਤਾ ਗਿਆ ਹੈ।ਹਰ ਸਿੱਖ ਮਾਈ ਭਾਈ ਇਸ ਧਾਰਮਿਕ ਇਤਿਹਾਸਕ ਅਸਥਾਨ ਦੇ ਦਰਸ਼ਨ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਪੰਜ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਹ ਅਸਥਾਨ ਸੰਗਤਾਂ ਦੇ ਦਰਸ਼ਨਾਂ ਤੋਂ ਵਾਂਝਾ ਸੀ ਅਤੇ ਨਾ ਹੀ ਇਸ ਦੀ ਕੋਈ ਯੋਗ ਸਾਂਭ ਸੰਭਾਲ, ਮਰਯਾਦਾ ਤੇ ਰੱਖ ਰਖਾਅ ਸੀ।

ਸੰਗਤਾਂ ਦੀ ਭਾਰੀ ਮੰਗ ਤੇ ਸਹਿਯੋਗ ਨਾਲ ਇਸ ਦੀ ਪੁਰਾਤਨ ਨੁਹਾਰ ਨੂੰ ਮੁੜ ਬਹਾਲ ਕੀਤਾ ਜਾਵੇਗਾ।ਬੁੱਢਾ ਦਲ ਦੇ ਨਿਹੰਗ ਸਿੰਘਾਂ ਦੀ ਫੌਜ ਕਿਲੇ ਅੰਦਰ ਧਾਰਮਿਕ ਅਸਥਾਨਾਂ ਦੀ ਮੁਕੰਮਲ ਰੂਪ ਵਿੱਚ ਸਾਂਭ ਸੰਭਾਲ ਤੇ ਧਾਰਮਿਕ ਮਰਯਾਦਾ ਚਲਾਵੇਗੀ। ਬੇਦੀ ਨੇ ਦੱਸਿਆ ਕਿ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ ਦੀ ਅਗਵਾਈ ਵਿੱਚ ਨਿਹੰਗ ਸਿੰਘ ਫੌਜਾਂ ਕਿਲੇ ਅੰਦਰ ਸੇਵਾ ਕਰ ਰਹੀਆਂ ਹਨ।