ਗੁਰੂ ਨਾਨਕ ਦੇਵ ਯੂਨੀਵਰਸਿਟੀ ਰੰਗਮੰਚ ਉਤਸਵ ਦੇ ਦੂਜੇ ਦਿਨ ਨਾਟਕ `ਜੁੂਠ` ਨੇ ਸਮਾਜ ਦੇ ਸਭਿਅਕ ਹੋਣ `ਤੇ ਕੀਤੇ ਸੁਆਲ
ਅੰਮ੍ਰਿਤਸਰ, 21 ਅਪ੍ਰੈਲ,2022 ( )-
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਰੰਗਮੰਚ ਉਤਸਵ ਦੇ ਦੂਜੇ ਦਿਨ ਖੇਡੇ ਗਏ ਨਾਟਕ `ਜੂਠ` ਦੀ ਸਫ਼ਲ ਪੇਸ਼ਕਾਰੀ ਤੋਂ ਬਾਅਦ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨਵਾਂ ਸਮਾਜ ਸਿਰਜਣ ਦਾ ਪ੍ਰਣ ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਵੱਲੋਂ ਦਵਾਇਆ ਗਿਆ। ਇਹ ਫੈਸਟੀਵਲ ਪੰਜਾਬੀ ਲੋਕ ਕਲਾ ਕੇਂਦਰ, ਗੁਰਦਾਸਪੁਰ ਅਤੇ ਆਵਾਜ਼ ਰੰਗਮੰਚ ਟੋਲੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਤੱਕ ਨਵੇਂ ਸਮਾਜ ਦੀ ਸਿਰਜਣਾ ਲਈ ਦਿਲਾਂ ਅਤੇ ਮਨਾਂ ਵਿੱਚ ਪਏ ਕੂੜੇ-ਕਰਕਟ ਜਿਹੇ ਵਿਚਾਰਾਂ ਨੂੰ ਬਾਹਰ ਕੱਢ ਕੇ ਨਹੀਂ ਸੁੱਟਦੇ ਉਨ੍ਹਾਂ ਚਿਰ ਅਸੀਂ ਆਪਣੇ ਆਪ ਨੂੰ ਸਭਿਅਕ ਸਮਾਜ ਦਾ ਹਿੱਸਾ ਨਹੀਂ ਅਖਵਾ ਸਕਦੇ। ਉਨ੍ਹਾਂ ਕਿਹਾ ਕਿ ਸ਼ਬਦਾਂ ਦੇ ਹੇਰਫੇਰ ਨਾਲ ਅਸੀਂ ਸਭਿਅਕ ਸਮਾਜ ਸਿਰਜਣ ਦਾ ਜੋ ਦਆਵਾ ਕਰ ਰਹੇ ਹਾਂ, ਉਹ ਵੀ ਇੱਕ ਬੜਾ ਵੱਡਾ ਸਵਾਲ ਹੈ ਜਿਸ ਦੇ ਹੱਲ ਕਿਤੇ ਹੋਰ ਹਨ ਅਤੇ ਲੱਭੇ ਕਿਤੇ ਹੋਰ ਜਾ ਰਹੇ ਹਨ। ਉਨ੍ਹਾਂ ਰੰਗਮੰਚ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਜੋ ਸੰਦੇਸ਼ ਅੱਜ ਇਹ ਨਾਟਕ ਵੇਖ ਕੇ ਆਪਣੇ ਨਾਲ ਲੈ ਕੇ ਜਾ ਰਹੇ ਹਨ ਨੂੰ ਉਸ ਨੂੰ ਅਮਲ ਵਿਚ ਲਿਆਉਂਦੇ ਹੋਏ ਸਮਾਜ ਵਿੱਚ ਹੋਰ ਜਾਗਰੂਕਤਾ ਲਿਆਉਣ। ਉਨ੍ਹਾਂ ਇਸ ਮੌਕੇ ਉਨ੍ਹਾਂ ਨੇ ਜਿਥੇ ਆਪਣੀ ਲਿਖੀ ਸ਼ਾਇਰੀ ਦੇ ਰੰਗ ਵਿਖਾਏ ਉਥੇ ਉਨ੍ਹਾਂ ਨੇ ਨਾਟਕ ਨਾਲ ਢੁਕਦਾ ਸ਼ੇਅਰ `ਕਲਮ ਦੀ ਨੋਕ `ਤੇ ਮਰ ਗਿਆ ਵਿਲਕਦਾ ਵਾਕ ਵਿਦਰੋਹ ਦਾ, ਆ ਹਾਣੀਆ ਇੱਕ ਮੋਰਚਾ ਸਾਂਝਾ ਲਾਈਏ ਜੱਟ ਖੱਤਰੀ ਦਲਿਤ ਕੰਬੋਅ ਦਾ` ਵੀ ਸਾਂਝਾ ਕੀਤਾ।
ਇਸ ਤੋਂ ਪਹਿਲਾਂ ਨਾਟਕ ਦੇ ਡਾਇਰੈਕਟਰ ਕੰਵਲ ਰੰਧੇਅ ਨੇ ਨਾਟਕ ਦੀ ਪੇਸ਼ਕਾਰੀ ਖਤਮ ਹੋਣ ਤੋਂ ਬਾਅਦ ਇਸ ਨਾਟਕ ਨੂੰ ਤਿਆਰ ਕਰਨ ਅਤੇ ਯੂਨੀਵਰਸਿਟੀ ਵਿੱਚ ਇਸ ਨੂੰ ਖੇਡਣ ਤਕ ਦੇ ਸਫਰ ਦਾ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਇਸ ਨਾਟਕ ਦੇ ਪੇਸ਼ਕਾਰੀ ਅਤੇ ਇਸ ਨਾਲ ਜੁੜੀ ਸੰਵੇਦਨਸ਼ੀਲਤਾ ਬਾਰੇ ਕਈ ਤਰ੍ਹਾਂ ਦੇ ਸ਼ੰਕਿਆਂ ਤੋਂ ਜਾਣੂ ਕਰਵਾਉਂਦਿਆ ਯੂਨੀਵਰਸਿਟੀ ਦੇ ਦਰਸ਼ਕਾਂ ਦਾ ਹਾਂਪੱਖੀ ਹੁੰਗਾਰੇ ਦਾ ਧੰਨਵਾਦ ਕੀਤਾ।
ਕੰਵਲ ਰੰਧੇਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀ ਕਲਾਕਾਰ ਬਚਨਪਾਲ ਨਾਲ ਸਾਰਿਆਂ ਦਾ ਤਾਰੁਫ਼ ਕਰਵਾਉਂਦੇ ਹੋਏ ਇਹ ਦੱਸਦਿਆਂ ਭਾਵੁਕ ਹੋ ਗਏ ਕਿ ਬਚਨਪਾਲ ਨੇ ਤਬੀਅਤ ਠੀਕ ਨਾ ਹੋਣ ਦੀ ਹਾਲਤ ਦੇ ਵਿੱਚ ਇਸ ਨਾਟਕ ਦੀਆਂ ਰਿਹਰਸਲਾਂ ਕੀਤੀਆਂ ਅਤੇ ਅੱਜ ਇਹ ਨਾਟਕ ਸਫਲ਼ਤਾਪੂਰਵਕ ਖੇਡਿਆ ਗਿਆ। ਉਨ੍ਹਾਂ ਕਿਹਾ ਇਸ ਅਤਿਅੰਤ ਸਵੇਦਸ਼ੀਲ ਮੁੱਦੇ ਨੂੰ ਨਾਟਕੀ ਰੂਪ ਵਿਚ ਪੇਸ਼ ਕਰਨ ਦੀਆਂ ਕਈ ਮੁਸ਼ਕਾਲਾਂ ਸਨ ਇਸ ਤੋਂ ਬਾਅਦ ਅਦਾਕਾਰ ਬਚਨਪਾਲ ਅਤੇ ਨਿਰਦੇਸ਼ਕ ਕੰਵਲ ਰੰਧੇਅ ਨੇ ਸਟੇਜ ਉੱਤੇ ਨਤਮਸਤਕ ਹੋ ਕੇ ਸਾਰੇ ਦਰਸ਼ਕਾਂ ਨੂੰ ਸਿਰ ਝੁਕਾ ਕੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਇਸ ਇੱਕ ਪਾਤਰੀ ਨਾਟਕ ਵਿੱਚ ਜਿਸ ਤਰ੍ਹਾਂ ਓਮ ਪ੍ਰਕਾਸ਼ ਵਾਲਮੀਕੀ ਦੇ ਪਾਤਰ ਨੂੰ ਬਚਨਪਾਲ ਨੇ ਸਟੇਜ ਤੇ ਜੀਅ ਕੇ ਵਿਖਾਇਆ ਹੈ ਉਹ ਨਾਟਕ ਲੱਗ ਹੀ ਨਹੀਂ ਸੀ ਰਿਹਾ ਸਗੋਂ ਉਹ ਅਸਲ ਦਾ ਭੁਲੇਖਾ ਦੇ ਰਿਹਾ ਸੀ। ਸਵਾ ਘੰਟੇ ਦੇ ਇਸ ਇੱਕ ਪਾਤਰੀ ਨਾਟਕ ਦੇ ਵਿਸ਼ੇ ਅਤੇ ਅਦਾਕਾਰ ਬਚਨਪਾਲ ਦੀ ਹਾਜ਼ਰ ਦਰਸ਼ਕਾ ਨੇ ਟਿਕਟਿਕੀ ਅਤੇ ਤਾੜੀਆਂ ਦੀ ਗੂੰਜ ਨਾਲ ਖੁੱਭ ਕੇ ਤਰੀਫਾਂ ਦੀ ਬਾਰਸ਼ ਕੀਤੀ।
ਡਾ. ਅਨੀਸ਼ ਦੂਆ, ਡੀਨ ਵਿਦਿਆਰਥੀ ਭਲਾਈ ਨੇ ਆਪਣੇ ਭਾਵੁਕ ਸੰਬੋਧਨ ਵਿੱਚ ਨਾਟਕ ਦੇ ਵਿਸ਼ੇ ਅਤੇ ਰੰਗਮੰਚੀ ਬਚਨਪਾਲ ਨੂੰ ਕਲਾ ਦਾ ਸਿਖਰ ਕਿਹਾ ਉੱਥੇ ਉਨ੍ਹਾਂ ਕਿਹਾ ਕਿ ਸਵਾ ਘੰਟਾ ਯੂਨੀਵਰਸਿਟੀ ਦੇ ਇਸ ਦਸ਼ਮੇਸ਼ ਆਡੀਟਾਰੀਅਮ ਵਿੱਚ ਜਿਹੜੀ ਸੰਵੇਦਨਸ਼ੀਲ ਸ਼ਾਂਤੀ ਦਰਸ਼ਕਾਂ ਦੇ ਮਨਾਂ ਵਿੱਚ ਲਹਿ ਗਈ ਹੈ ਉਹ ਇਸ ਦਸ਼ਮੇਸ਼ ਆਡੀਟੋਰੀਅਮ ਦੇ ਇਤਿਹਾਸ ਦਾ ਅਹਿਮ ਹਿੱਸਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਟਕ ਦੇ ਨਾਲ ਮਨਾਂ ਵਿੱਚ ਹਮੇਸ਼ਾ ਲਈ ਚਲਦੇ ਰਹਿਣ ਵਾਲੇ ਸੁਆਲ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਨ ਜੋ ਨਵੀਂ ਸਵੇਰ ਦਾ ਸੂਚਕ ਹੋ ਨਿਬੜਨਗੇ। ਯੂਨੀਵਰਸਿਟੀ ਦੇ ਦਰਸ਼ਕਾਂ ਵੱਲੋਂ ਵਿਖਾਈ ਗਈ ਆਪਣੀ ਸੰਵੇਦਨਸ਼ੀਲ ਸੋਚ ਦਾ ਜਿਕਰ ਕਰਦਿਆਂ ੳਨ੍ਹਾਂ ਕਿਹਾ ਕਿ ਇੱਕ ਪਾਸੇ ਇੱਕ ਨਾਟਕ ਸਟੇਜ ਤੇ ਖੇਡਿਆ ਜਾ ਰਿਹਾ ਸੀ ਅਤੇ ਦੂਜਾ ਨਾਟਕ ਦਰਸ਼ਕਾਂ ਦੇ ਧੁਰ ਅੰਦਰ ਹੋ ਰਿਹਾ ਸੀ। ਨਾਟਕ ਵਿਚਲੇ ਇੱਕ ਪਾਤਰ ਦੀ ਪੀੜਾਂ ਦਰਸ਼ਕਾਂ ਨੇ ਵੀ ਸਵਾ ਘੰਟਾ ਹੰਢਾਈ ਹੈ ।
ਇਸ ਨਾਟਕ ਦੀ ਇੱਕ ਹੋਰ ਖੂਬਸੂਰਤੀ ਇਹ ਵੀ ਸੀ ਕਿ ਅਦਾਕਾਰ ਬਚਨਪਾਲ ਅਤੇ ਡਾਇਰੈਕਟਰ ਕੰਵਲ ਰੰਧੇਅ ਦੇ ਪਿਤਾ ਵੀ ਹਾਲ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਦਾ ਵੀ ਮੁੱਖ ਮਹਿਮਾਨਾਂ ਦੇ ਨਾਲ ਮੋਮੈਂਟੋ ਦੇ ਕੇ ਸਵਾਗਤ ਕੀਤਾ ਗਿਆ। ਸਨਮਾਨਿਤ ਕਰਨ ਦੀ ਰਸਮ ਡਾ. ਸਰਬਜੋਤ ਸਿੰਘ, ਡਾ. ਅਨੀਸ਼ ਦੂਆ ਅਤੇ ਡਾ. ਸੁਨੀਲ ਨੇ ਨਿਭਾਈ।
ਅੱਜ ਦੇ ਮੁੱਖ ਮਹਿਮਾਨ ਅਦਾਕਾਰ ਅਰਵਿੰਦਰ ਚਮਕ ਦਾ ਇੱਥੇ ਪੁੱਜਣ ਅਤੇ ਕਲਾਕਾਰਾਂ ਦਾ ਉਤਸ਼ਾਹ ਵਧਾਉਣ ਤੇ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਦਲਿਤ ਚੇਤਨਾ ਨੂੰ ਉਭਾਰਨ ਵਾਲੇ ਉੱਘੇ ਲੇਖਕ ਓਮ ਪ੍ਰਕਾਸ਼ ਵਾਲਮੀਕਿ ਦੀ ਸਵੈਜੀਵਨੀ ਦੇ ਅਧਾਰ ਤੇ ਨਾਟਕ ਤਿਆਰ ਕਰਵਾਉਣ ਵਾਲੇ ਡਾਇਰੈਕਟਰ ਦਾ ਵੀ ਯੂਨੀਵਰਸਿਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ । ਤਿੰਨ ਰੋਜ਼ਾ ਰੰਗਮੰਚ ਉਤਸਵ -2022 ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿੱਚ ਦੂਜੇ ਦਿਨ ਵੀ ਹਾਊਸ ਫੁਲ ਸੀ । ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਭਰੇ ਹਾਲ ਵਿੱਚ ਦਰਸ਼ਕਾਂ ਦੀ ਹਾਜ਼ਰੀ ਦੱਸ ਰਹੀ ਸੀ ਕਿ ਨਾਟਕ ਦਰਸ਼ਕਾਂ `ਤੇ ਸਿੱਧਾ ਅਸਰ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਦਲਿਤਾਂ ਦੀ ਹੋਣੀ ਨੂੰ ਮਾਰਮਿਕ ਢੰਗ ਨਾਲ ਸਟੇਜ ਤੇ ਪੇਸ਼ ਕਰਕੇ ਯੂਨੀਵਰਸਿਟੀ ਦੇ ਵਿੱਚ ਉਹ ਇਤਿਹਾਸ ਸਿਰਜਿਆ ਗਿਆ ਜੋ ਆਉਣ ਵਾਲੇ ਸਮੇਂ ਦਾ ਰਾਹ ਦਸੇਰਾ ਸਾਬਤ ਹੋਵੇਗਾ।