ਡਾ: ਅੰਬੇਦਕਰ ਦਾ ਜੀਵਨ ਅਤੇ ਉਹਨਾਂ ਦਾ ਫਲਸ਼ਫਾ ਦੇ ਵਿਸ਼ੇ ਉੱਤੇ ਭਾਸ਼ਣ ਪ੍ਰਤੀਯੋਗਿਤਾ ਕਰਵਾਈ

126

ਡਾ: ਅੰਬੇਦਕਰ ਦਾ ਜੀਵਨ ਅਤੇ ਉਹਨਾਂ ਦਾ ਫਲਸ਼ਫਾ ਦੇ ਵਿਸ਼ੇ ਉੱਤੇ ਭਾਸ਼ਣ ਪ੍ਰਤੀਯੋਗਿਤਾ ਕਰਵਾਈ

ਬਹਾਦਰਜੀਤ ਸਿੰਘ /  ਸ੍ਰੀ ਅਨੰਦਪੁਰ ਸਾਹਿਬ/15 ਅਪ੍ਰੈਲ,2023

ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਡਾ: ਅੰਬੇਦਕਰ ਦੇ 132ਵੇਂ ਜਨਮ ਦਿਹਾੜੇ ਨੂੰ ਸਮਰਪਿਤ ਡਾ: “ਅੰਬੇਦਕਰ ਦਾ ਜੀਵਨ ਅਤੇ ਉਹਨਾਂ ਦਾ ਫਲਸ਼ਫਾ” ਦੇ ਵਿਸ਼ੇ ਉੱਤੇ ਭਾਸ਼ਣ ਪ੍ਰਤੀਯੋਗਿਤਾ ਕਰਵਾਈ ਗਈ।

ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਭਾਸ਼ਣ ਪ੍ਰਤੀਯੋਗਿਤਾ ਵਿਚ ਪਹਿਲੇ ਸਥਾਨ ਤੇ ਆਉਣ ਵਾਲੀ ਬੀ.ਏ. ਭਾਗ ਦੂਜਾ ਦੀ ਪ੍ਰੀਤੀ ਅਤੇ ਬੰਧਨਾ ਨੇ ਕਿਹਾ ਕਿ ਡਾਕਟਰ ਅੰਬੇਦਕਰ ਭਾਰਤ ਦੇ ਮਹਾਨ ਯੁੱਗ ਪੁਰਖ ਹਨ, ਜੋ ਸੰਵਿਧਾਨ ਸਭਾ ਦੇ ਮੈਂਬਰ ਰਹੇ ਅਤੇ ਸੰਵਿਧਾਨ ਦਾ ਨਿਰਮਾਣ ਕਰਨ ਵਾਲੀ ਮਸੌਦਾ ਸੰਮਤੀ ਦੇ ਪ੍ਰਧਾਨ ਸਨ। ਉਹਨਾਂ ਨੇ ਬੜੌਦਾ ਅਤੇ ਕੌਹਲਾਪੁਰ ਰਿਆਸਤ ਦੇ ਰਾਜੀਆਂ ਤੋਂ ਸਕਾਲਰਸਿਪ ਪ੍ਰਾਪਤ ਕਰਕੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਦਨ ਸਕੂਲ ਆਫ ਇਕਨਾਮਿਕਸ ਤੋਂ ਕੁੱਲ 32 ਡਿਗਰੀਆਂ ਪ੍ਰਾਪਤ ਕੀਤੀਆਂ, ਜਿਹਨਾਂ ਵਿੱਚੋਂ ਚਾਰ ਡਾਕਟਰੇਟ ਦੀਆਂ ਡਿਗਰੀਆਂ ਹਨ। ਉਹ ਅਰਥ ਸ਼ਾਸਤਰ ਵਿਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਹਨ।

ਉਹਨਾਂ ਨੇ ਛੂਤਛਾਤ ਨੂੰ ਸੰਵਿਧਾਨ ਵਿੱਚ ਖਤਮ ਕੀਤਾ ਅਤੇ ਧਰਮ ਨਿਰਪੱਖਤਾ ਦੇ ਆਦਰਸ਼ਾਂ ਨੂੰ ਸੰਵਿਧਾਨ ਵਿਚ ਅੰਕਿਤ ਕਰਵਾਇਆ। ਦੂਜੇ ਨੰਬਰ ਤੇ ਆਉਣ ਵਾਲੀ ਰੀਆ ਅਤੇ ਈਸਾ ਰਾਣੀ ਨੇ ਕਿਹਾ ਕਿ ਅੰਬੇਦਕਰ ਜੀ ਨੂੰ ਯੂਰਪੀ ਅਤੇ ਭਾਰਤੀ ਭਾਸ਼ਾਵਾਂ ਵਿਚੋਂ ਕੁੱਲ 9 ਭਾਸ਼ਾਵਾਂ ਦਾ ਗਿਆਨ ਸੀ। ਉਹਨਾਂ ਦੀ ਨਿੱਜੀ ਲਾਇਬ੍ਰੇਰੀ ਵਿਚ 50 ਹਜਾਰ ਕਿਤਾਬਾਂ ਸਨ। ਉਹਨਾਂ ਨੇ ਕੁੱਲ 38 ਕਿਤਾਬਾਂ ਲਿਖਿਆ, ਜਿੰਨ੍ਹਾਂ ਵਿੱਚੋਂ ਜਾਤ ਦਾ ਖਾਤਮਾ, ਗਾਂਧੀ ਅਤੇ ਅਛੂਤਾਂ ਦੀ ਮੁਕਤੀ, ਰੁਪਏ ਦੀ ਸਮੱਸਿਆ ਅਤੇ ਅਸਲੀ ਹੀਰੋ ਸਭ ਤੋਂ ਪ੍ਰਮੁੱਖ ਹਨ।

ਡਾ: ਅੰਬੇਦਕਰ ਦਾ ਜੀਵਨ ਅਤੇ ਉਹਨਾਂ ਦਾ ਫਲਸ਼ਫਾ ਦੇ ਵਿਸ਼ੇ ਉੱਤੇ ਭਾਸ਼ਣ ਪ੍ਰਤੀਯੋਗਿਤਾ ਕਰਵਾਈ

ਉਹ ਬੰਬਈ ਵਿਧਾਨ ਪ੍ਰੀਸ਼ਦ, ਬੰਬਈ ਵਿਧਾਨ ਸਭਾ ਅਤੇ ਰਾਜ ਸਭਾ ਦੇ ਮੈਂਬਰ ਰਹੇ। ਉਹ ਸੁਤੰਤਰ ਭਾਰਤ ਦੇ ਪਹਿਲੇ ਨਿਆਂ ਅਤੇ ਕਾਨੂੰਨ ਮੰਤਰੀ ਬਣੇ। ਉਹਨਾਂ ਨੇ ਸੁਤੰਤਰ ਲੇਬਰ ਪਾਰਟੀ ਅਤੇ ਰਿਪਬਲਿਕਨ ਪਾਰਟੀ ਆਫ਼ ਇੰਡੀਆ ਨਾਂ ਦੇ ਦਲ ਬਣਾਏ। ਉਹਨਾਂ ਨੇ ਦੀਨ ਹੀਨ ਲੋਕਾਂ ਦੀ ਭਲਾਈ ਲਈ ਅਨੁਸੂਚਿਤ ਜਾਤੀ ਫੇਡਰੇਸ਼ਨ ਅਤੇ ਬਹਿਸਕ੍ਰਿਤ ਹਿਤਕਾਰਨੀ ਸਭਾ ਨਾਂ ਦੇ ਸੰਗਠਨ ਬਣਾਏ। ਤੀਜੇ ਨੰਬਰ ਤੇ ਆਉਣ ਵਾਲੀ ਬੀ.ਈ. ਭਾਗ ਪਹਿਲਾ ਦੀ ਪੂਜਾ ਅਤੇ ਬੀ.ਏ. ਭਾਗ ਦੂਜਾ ਦੀ ਸੋਨੀਆ ਨੇ ਕਿਹਾ ਕਿ ਅੰਬੇਦਕਰ ਦਾ ਕਹਿਣਾ ਸੀ ਕਿ ਸਮਾਜਿਕ ਸੁਤੰਤਰਤਾ ਅਤੇ ਸਮਾਨਤਾ ਤੋਂ ਬਿਨਾਂ ਲੋਕਤੰਤਰ ਦੀ ਸਥਾਪਨਾ ਸੰਭਵ ਨਹੀ ਹੈ।

ਰਾਜ ਸੱਤਾ ਦੀ ਅਸਲੀ ਪ੍ਰਾਪਤੀ ਦੀਨ ਹੀਨ ਲੋਕਾਂ ਨੂੰ ਉਹਨਾਂ ਦੇ ਅਧਿਕਾਰ ਦਿਵਾਉਣਾ ਹੈ। ਉਹਨਾਂ ਦਾ ਮੰਨਣਾ ਸੀ ਕਿ ਔਰਤਾਂ ਦੀ ਤਰੱਕੀ ਤੋਂ ਬਿਨਾਂ ਸਮਾਜ ਦਾ ਵਿਕਾਸ ਸੰਭਵ ਨਹੀਂ ਹੈ। ਉਹਨਾਂ ਨੇ ਸਰਕਾਰ ਨੂੰ ਖੇਤੀ ਅਧਾਰਿਤ ਉਦਯੋਗਾਂ ਦੇ ਵਿਕਾਸ ਲਈ ਪ੍ਰੇਰਿਆ। ਉਹਨਾਂ ਦਾ ਕਹਿਣਾ ਸੀ ਕਿ ਜਿਵੇਂ ਪੌਦੇ ਨੂੰ ਪਾਣੀ ਦੀ ਲੋੜ ਹੁੰਦੀ ਹੈ, ਉਸ ਤਰ੍ਹਾਂ ਹੀ ਸਮਾਜ ਨੂੰ ਸਰਵ ਉਤਮ ਵਿਚਾਰਾਂ ਦੇ ਪ੍ਰਸਾਰ ਦੀ ਲੋੜ ਹੁੰਦੀ ਹੈ।

ਇਸ ਮੌਕੇ ਡਾਕਟਰ ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਕਿਹਾ ਕਿ ਡਾ: ਅੰਬੇਦਕਰ ਦੇ ਯਤਨਾਂ ਸਦਕਾ ਹੀ ਭਾਰਤ ਵਿਚ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਹੋਈ ਹੈ। ਡਾ: ਦਰਸ਼ਨ ਨੇ ਕਿਹਾ ਕਿ ਡਾ : ਅੰਬੇਦਕਰ ਭਾਰਤੀ ਸੰਵਿਧਾਨ ਵਿੱਚ ਸੁਤੰਤਰਤਾ, ਸਮਾਨਤਾ, ਨਿਆਂ ਅਤੇ ਭਾਈਚਾਰੇ ਦੇ ਅਦਰਸ਼ਾਂ ਦੇ ਜਨਕ ਹਨ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਬੀ.ਏ. ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਅਤੇ ਲਾਇਬ੍ਰੇਰੀ ਅਟੈਡੇਂਟ ਅਸ਼ੋਕ ਕੁਮਾਰ ਦੀ ਭੂਮਿਕਾ ਸੰਲਾਘਾਯੋਗ ਸੀ।