ਡਿਵੀਜ਼ਨਲ ਕਮਿਸ਼ਨਰ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ

184

ਡਿਵੀਜ਼ਨਲ ਕਮਿਸ਼ਨਰ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ

ਪਟਿਆਲਾ, 17 ਨਵੰਬਰ:

ਪਟਿਆਲਾ ਡਵੀਜਨ ਦੇ ਕਮਿਸ਼ਨਰ  ਚੰਦਰ ਗੈਂਦ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਚੱਲ ਰਹੀਆਂ ਤਿਆਰੀਆਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਇਲੈਕਟ੍ਰੋਲ ਰਜਿਸਟ੍ਰੇਸ਼ਨ ਅਧਿਕਾਰੀਆਂ (ਈ.ਆਰ.ਓਜ) ਨਾਲ ਇੱਕ ਬੈਠਕ ਕਰਕੇ ਚੋਣ ਪ੍ਰਕ੍ਰਿਆ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।

ਗੈਂਦ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਇਸ ਸਮੇਂ ਕੁਲ ਵੋਟਰ 14 ਲੱਖ 75 ਹਜ਼ਾਰ 754 ਹਨ ਅਤੇ ਇਨ੍ਹਾਂ ਦੇ 100 ਫੀਸਦੀ ਫੋਟੋ ਪਛਾਣ ਵਾਲੇ ਵੋਟਰ ਕਾਰਡ ਬਣੇ ਹੋਏ ਹਨ ਅਤੇ ਰਹਿ ਗਏ ਵੋਟਰਾਂ ਜਾਂ 18 ਤੋਂ 19 ਸਾਲ ਦੇ ਬਾਲਗਾਂ, ਦਿਵਿਆਂਗਜਨਾਂ ਤੇ ਤੀਜੇ ਲਿੰਗ ਵਾਲੇ ਨਾਗਰਿਕਾਂ ਦੀਆਂ ਨਵੀਆਂ ਵੋਟਾਂ ਬਣ ਰਹੀਆਂ ਹਨ।

ਚੰਦਰ ਗੈਂਦ ਨੇ ਵਿਧਾਨ ਸਭਾ ਚੋਣਾਂ ਦੇ ਕੰਮ ਨੂੰ ਸਰਲ ਤੇ ਨਿਰਵਿਘਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਾਰੇ ਕੰਮ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀ ਹਦਾਇਤ ਮੁਤਾਬਕ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਹਰ ਬਾਲਗ ਅਤੇ ਖਾਸ ਕਰਕੇ ਤੀਜੇ ਲਿੰਗ ਵਾਲਾ ਹਰੇਕ ਨਾਗਰਿਕ ਵੋਟਰ ਵਜੋਂ ਰਜਿਸਟਰ ਹੋਣਾ ਚਾਹੀਦਾ ਹੈ, ਜਿਸ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਸਵੀਪ ਗਤੀਵਿਧੀਆਂ ਨੂੰ ਹੋਰ ਤੇਜ ਕੀਤਾ ਜਾਵੇ।

ਡਿਵੀਜ਼ਨਲ ਕਮਿਸ਼ਨਰ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ

ਬੈਠਕ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ  ਚੰਦਰ ਗੈਂਦ ਨੇ ਵਿਧਾਨ ਸਭਾ ਹਲਕਿਆਂ, ਪਟਿਆਲਾ ਸ਼ਹਿਰੀ, ਰਾਜਪੁਰਾ, ਨਾਭਾ, ਸਮਾਣਾ ਤੇ ਸ਼ੁਤਰਾਣਾਂ ਦੇ ਐਸ.ਡੀ.ਐਮਜ ਤੇ ਪਟਿਆਲਾ ਦਿਹਾਤੀ, ਸਨੌਰ, ਘਨੌਰ ਲਈ ਲਗਾਏ ਗਏ ਈ.ਆਰ.ਓਜ ਵੱਲੋਂ ਆਪਣੇ ਹਲਕੇ ‘ਚ ਚੋਣ ਤਿਆਰੀਆਂ ਦੀ ਪੂਰੀ ਗੰਭੀਰਤਾ ਨਾਲ ਸਮੀਖਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੇ ਐਲਾਨ ਹੋਣ ਦੇ ਨਾਲ ਹੀ ਜ਼ਿਲ੍ਹੇ ‘ਚ ਚੋਣ ਆਬਰਜ਼ਵਰ ਪੁੱਜ ਜਾਣਗੇ, ਇਸ ਲਈ ਆਪਣੀ ਤਿਆਰੀ ਹਰ ਪੱਖੋਂ ਅਗੇਤੀ ਮੁਕੰਮਲ ਕੀਤੀ ਜਾਵੇ।

ਡਿਵੀਜਨਲ ਕਮਿਸ਼ਨਰ ਨੇ ਹੋਰ ਕਿਹਾ ਕਿ ਵਿਧਾਨ ਸਭਾ ਹਲਕਿਆਂ ‘ਚ ਸੰਵੇਦਨਸ਼ੀਲ ਬੂਥਾਂ, ਜਿੱਥੇ ਨਸ਼ੇ, ਸ਼ਰਾਬ ਦੀ ਵਿਕਰੀ, ਕਿਸੇ ਮਾੜੇ ਅਨਸਰ ਜਾਂ ਕੋਈ ਗ਼ੈਰਕਾਨੂੰਨੀ ਗਤੀਵਿਧੀ ਹੋਣ ਦਾ ਖ਼ਦਸ਼ਾ ਹੋਵੇ ਤੋਂ ਇਲਾਵਾ ਜਿੱਥੇ ਪਿਛਲੀਆਂ ਚੋਣਾਂ ਦੌਰਾਨ ਵੋਟਾਂ ਦੀ ਪ੍ਰਤੀਸ਼ਤਤਾ ਵਧ ਰਹੀ ਹੋਵੇ ਜਾਂ ਕੋਈ ਬਸਤੀ, ਜਿੱਥੇ ਗਰੀਬੀ ਰੇਖਾ ਤੋਂ ਹੇਠਾਂ ਵੱਸੋਂ ਵੱਧ ਹੋਵੇ ਆਦਿ ਮੁੱਦਿਆਂ ਦੇ ਅਧਾਰ ‘ਤੇ ਇਲਾਕਿਆਂ ਦੀ ਪਛਾਣ ਮੁੜ ਤੋਂ ਕਰ ਲਈ ਜਾਵੇ।

ਡਿਪਟੀ ਕਮਿਸ਼ਨਰ  ਸੰਦੀਪ ਹੰਸ ਨੇ  ਚੰਦਰ ਗੈਂਦ ਨੂੰ ਜ਼ਿਲ੍ਹੇ ‘ਚ ਚੱਲ ਰਹੀਆਂ ਤਿਆਰੀਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਚੋਣ ਦਫ਼ਤਰ ਦਾ ਸ਼ਿਕਾਇਤ ਨੰਬਰ 1950 ਕੰਮ ਵਾਲੇ ਦਿਨਾਂ ‘ਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਚੱਲ ਰਿਹਾ ਹੈ।

ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਆਬਕਾਰੀ ਵਿਭਾਗ ਦੇ ਏ.ਈ.ਟੀ.ਸੀ. ਮੋਬਾਇਲ ਵਿੰਗ ਮਨਜੀਤ ਸਿੰਘ ਚੀਮਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਕ ਭਾਟੀਆ, ਐਸ.ਡੀ.ਐਮਜ ਸਵਾਤੀ ਟਿਵਾਣਾ, ਕੰਨੂ ਗਰਗ, ਚਰਨਜੀਤ ਸਿੰਘ, ਸੰਜੀਵ ਕੁਮਾਰ, ਤਹਿਸੀਲਦਾਰ ਪਾਤੜਾਂ ਸੁਰਿੰਦਰ ਸਿੰਘ, ਦੁਧਨ ਸਾਧਾਂ ਦੇ ਤਹਿਸੀਲਦਾਰ ਸਰਬਜੀਤ ਸਿੰਘ, ਚੋਣ ਤਹਿਸੀਲਦਾਰ ਰਾਮਜੀ ਲਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।