ਨੰਬਰ ਲਗਾਉਣ ਦੇ ਪੈਸੇ ਲੈਂਦੀ ਅਧਿਆਪਕ ਰੰਗੇ ਹੱਥੀਂ ਕਾਬੂ ; ਪੰਜਾਬੀ ਯੂਨੀਵਰਸਿਟੀ ਦੀ ਭ੍ਰਿਚਟਾਚਾਰ ਵਿਰੋਧੀ ਮੁਹਿੰਮ ਵਿੱਚ ਨਵਾਂ ਮਾਮਲਾ ਸਾਹਮਣੇ ਆਇਆ

2937

ਨੰਬਰ ਲਗਾਉਣ ਦੇ ਪੈਸੇ ਲੈਂਦੀ ਅਧਿਆਪਕ ਰੰਗੇ ਹੱਥੀਂ ਕਾਬੂ ; ਪੰਜਾਬੀ ਯੂਨੀਵਰਸਿਟੀ ਦੀ ਭ੍ਰਿਚਟਾਚਾਰ ਵਿਰੋਧੀ ਮੁਹਿੰਮ ਵਿੱਚ ਨਵਾਂ ਮਾਮਲਾ ਸਾਹਮਣੇ ਆਇਆ

ਪਟਿਆਲਾ/ 27 ਜੂਨ, 2023

ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਸ਼ਾਖਾ ਦੇ ਮੁਲਾਜ਼ਮਾਂ ਅਤੇ ਸੁਰੱਖਿਆ ਕਰਮੀਆਂ ਨੇ ਪੇਪਰ ਦੇ ਨੰਬਰ ਵਧਾਉਣ ਲਈ ਪੈਸੇ ਲੈਂਦੀ ਅਧਿਆਪਕ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਰੰਗੇ ਹੱਥੀਂ ਫੜੀ ਗਈ ਅਧਿਆਪਕ ਆਪਣੇ ਪਤੀ ਅਤੇ ਬੱਚੇ ਸਮੇਤ ਕਾਰ ਵਿੱਚ ਇੱਕ ਵਿਦਿਆਰਥੀ ਤੋਂ ਨੰਬਰ ਵਧਾਉਣ ਦੇ 3500 ਰੁਪਏ ਲੈਣ ਆਈ ਸੀ। ਜਦੋਂ ਉਹ ਕਾਰ ਵਿੱਚ ਵਿਦਿਆਰਥੀ ਨੂੰ ਉਸ ਦੀ ਉੱਤਰ ਪੱਤਰੀ ਦਿਖਾ ਰਹੀ ਸੀ ਤਾਂ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਕੋਲੋਂ ਸਬੂਤ ਵਜੋਂ ਉੱਤਰ ਪੱਤਰੀ ਜਬਤ ਕਰ ਲਈ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਅਕਾਦਮਿਕ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਆਰੰਭ ਕੀਤੀ ਗਈ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਅੱਜ ਇਸ ਅਧਿਆਪਕ ਨੂੰ ਵਿਦਿਆਰਥੀ ਤੋਂ ਉਸ ਦੇ ਨੰਬਰ ਵਧਾਉਣ/ਪਾਸ ਕਰਵਾਉਣ ਬਦਲੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਅਥਾਰਿਟੀ ਨੂੰ ਕਿਸੇ ਭਰੋਸੇਯੋਗ ਸੂਤਰ ਦੇ ਹਵਾਲੇ ਤੋਂ ਇਹ ਖ਼ਬਰ ਪ੍ਰਾਪਤ ਹੋਈ ਸੀ ਕਿ ਦੇਸ ਭਗਤ ਕਾਲਜ ਬਰੜਵਾਲ਼ ਵਿਖੇ ਤਾਇਨਾਤ ਸਹਾਇਕ ਪ੍ਰੋਫ਼ੈਸਰ (ਐਡਹਾਕ) ਤਰੁਣੀ ਬਾਲਾ ਵੱਲੋਂ ਇੱਕ ਵਿਦਿਆਰਥੀ ਨੂੰ ਫ਼ੋਨ ਜ਼ਰੀਏ ਸੰਪਰਕ ਕਰ ਕੇ ਕਿਹਾ ਗਿਆ ਸੀ ਕਿ ਜੇ ਉਹ ਆਪਣੇ ਬੀ.ਏ. ਅੰਗਰੇਜ਼ੀ ਦੇ ਨੰਬਰ ਵਧਾਉਣੇ ਚਾਹੁੰਦਾ ਹੈ ਤਾਂ ਉਸ ਨੂੰ ਪਟਿਆਲ਼ੇ ਦੇ ਪੁਰਾਣੇ ਬੱਸ ਅੱਡੇ ਉੱਤੇ ਆ ਕੇ ਮਿਲੇ। ਇਸ ਗੱਲਬਾਤ ਦੀ ਫ਼ੋਨ ਰਿਕਾਰਡਿੰਗ ਇੱਕ ਹੋਰ ਵਿਦਿਆਰਥੀ ਵੱਲੋਂ ਯੂਨੀਵਰਸਿਟੀ ਨੂੰ ਮੁਹੱਈਆ ਕਰਵਾਈ ਗਈ ਸੀ। ਇਸ ਰਿਕਾਰਡਿੰਗ ਦੇ ਅਧਾਰ ਉੱਤੇ ਤੁਰੰਤ ਕਾਰਵਾਈ ਕਰਦਿਆਂ ਯੂਨੀਵਰਸਿਟੀ ਵੱਲੋਂ ਆਪਣੇ ਪ੍ਰੀਖਿਆ ਸ਼ਾਖਾ ਅਤੇ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸ਼ਮੂਲੀਅਤ ਵਾਲ਼ੀ ਇੱਕ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਨੇ ਅਧਿਆਪਕ ਵੱਲੋਂ ਦਿੱਤੇ ਗਏ ਸਮੇਂ ਅਤੇ ਸਥਾਨ ਉੱਤੇ ਛਾਪਾ ਮਾਰਿਆ ਤਾਂ ਇਸ ਅਧਿਆਪਕ ਅਤੇ ਸੰਬੰਧਤ ਵਿਦਿਆਰਥੀ ਨੂੰ ਯੂਨੀਵਰਸਿਟੀ ਦੀ ਉੱਤਰ-ਪੱਤਰੀ ਸਮੇਤ ਕਾਬੂ ਕਰ ਲਿਆ।

ਨੰਬਰ ਲਗਾਉਣ ਦੇ ਪੈਸੇ ਲੈਂਦੀ ਅਧਿਆਪਕ ਰੰਗੇ ਹੱਥੀਂ ਕਾਬੂ ; ਪੰਜਾਬੀ ਯੂਨੀਵਰਸਿਟੀ ਦੀ ਭ੍ਰਿਚਟਾਚਾਰ ਵਿਰੋਧੀ ਮੁਹਿੰਮ ਵਿੱਚ ਨਵਾਂ ਮਾਮਲਾ ਸਾਹਮਣੇ ਆਇਆ

ਨੰਬਰ ਲਗਾਉਣ ਦੇ ਪੈਸੇ ਲੈਂਦੀ ਅਧਿਆਪਕ ਰੰਗੇ ਹੱਥੀਂ ਕਾਬੂ ; ਪੰਜਾਬੀ ਯੂਨੀਵਰਸਿਟੀ ਦੀ ਭ੍ਰਿਚਟਾਚਾਰ ਵਿਰੋਧੀ ਮੁਹਿੰਮ ਵਿੱਚ ਨਵਾਂ ਮਾਮਲਾ ਸਾਹਮਣੇ ਆਇਆ I ਪ੍ਰੋ. ਅਰਵਿੰਦ ਨੇ ਇਸ ਕਾਰਵਾਈ ਲਈ ਸੰਬੰਧਤ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਮਸਲੇ ਉੱਤੇ ਕਾਰਵਾਈ ਕਰਦਿਆਂ ਜਿੱਥੇ ਯੂਨੀਵਰਸਿਟੀ ਪ੍ਰਬੰਧਨ ਇਸ ਕੇਸ ਨੂੰ ਤੁਰੰਤ ਜੱਗ ਜ਼ਾਹਿਰ ਕਰ ਰਿਹਾ ਹੈ ਉੱਥੇ ਨਾਲ਼ ਹੀ ਅਗਲੇਰੀ ਕਾਰਵਾਈ ਲਈ ਇਸ ਕੇਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਸ ਕਿਸਮ ਦਾ ਪਹਿਲਾ ਕੇਸ ਹੈ ਜੋ ਅਥਾਰਿਟੀ ਦੇ ਧਿਆਨ ਵਿੱਚ ਆਇਆ ਹੈ ਅਤੇ ਤੁਰੰਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਇਸ ਕਾਰਵਾਈ ਦੌਰਾਨ ਪੂਰੀ ਚੌਕਸੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਜੋ ਟੈਲੀਫੋਨ ਦੀ ਰਿਕਾਰਡਿੰਗ ਸਮੇਤ ਪੁਲਿਸ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ।