ਸਫ਼ਾਈ ਕਰਮਚਾਰੀਆਂ ਦੀ ਹੜਤਾਲ -ਪ੍ਰੋਫੈਸਰਾਂ, ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੇ ਕੀਤੀ ਪੰਜਾਬੀ ਯੂਨੀਵਰਸਿਟੀ ਦੀ ਸਫ਼ਾਈ
ਪਟਿਆਲਾ/ਦਸੰਬਰ 8, 2022
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਭ ਤੋਂ ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਪ੍ਰੋਫੈਸਰ ਅੱਜ ਸਫ਼ਾਈ ਕਰਦੇ ਨਜ਼ਰ ਆਏ ਕਿਉਂਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਕੱਚਰਾ ਚੁਫੇਰੇ ਖਿੰਡਿਆ ਪਿਆ ਸੀ। ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਯੂਨੀਵਰਸਿਟੀ ਦੇ ਪੱਕੇ ਸਫ਼ਾਈ ਕਰਮਚਾਰੀਆਂ ਅਤੇ ਰਜ਼ਾਕਾਰ ਵਜੋਂ ਹਾਜ਼ਰ ਦੂਜੇ ਮੁਲਜ਼ਮਾਂ, ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਜੇ ਸਫ਼ਾਈ ਕਰਮਚਾਰੀਆਂ ਨੂੰ ਜਮਹੂਰੀਅਤ ਵਿੱਚ ਹੜਤਾਲ ਕਰਨ ਦਾ ਹੱਕ ਹੈ ਤਾਂ ਬਾਕੀਆਂ ਦਾ ਵੀ ਹੱਕ ਹੈ ਕਿ ਉਹ ਆਪਣੇ ਅਦਾਰੇ ਨੂੰ ਸਾਫ਼ ਰੱਖਣ।
ਅਧਿਆਪਕਾਂ ਦੀ ਨਿਗਰਾਨੀ ਵਿੱਚ ਪੱਕੇ ਸਫ਼ਾਈ ਕਰਮਚਾਰੀਆਂ ਨੇ ਚਾਰ ਟੋਲੀਆਂ ਬਣਾ ਕੇ ਸਫ਼ਾਈ ਸ਼ੁਰੂ ਕੀਤੀ ਅਤੇ ਪਾਰਕਾਂ ਵਿੱਚ ਖਿਲਰਿਆ ਕੂੜ੍ਹਾ ਸਾਫ਼ ਕੀਤਾ। ਜੇ ਇੱਕ ਪਾਸੇ ਰਜਿਸਟਰਾਰ ਪ੍ਰੋ. ਨਵਜੋਤ ਕੌਰ ਅਤੇ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਕੂੜ੍ਹਾ ਚੁੱਕ ਕੇ ਲਿਫ਼ਾਫ਼ਿਆਂ ਵਿੱਚ ਪਾ ਰਹੇ ਸਨ ਤਾਂ ਪ੍ਰੋ. ਮਮਤਾ ਸ਼ਰਮਾ ਅਤੇ ਪ੍ਰੋ. ਗੁਰਮੁੱਖ ਸਿੰਘ ਨਾਲੋਂ ਲਿਫ਼ਾਫ਼ਿਆਂ ਦੀ ਸਾਂਭ-ਸੰਭਾਲ ਕਰ ਰਹੇ ਸਨ। ਡਾ. ਰੇਗੀਨਾ ਸਾਰੇ ਰਜ਼ਾਕਾਰਾਂ ਨੂੰ ਦਸਤਾਨੇ ਦੇ ਰਹੇ ਸਨ ਤਾਂ ਡਾ. ਅਵਨੀਤ ਪਾਲ ਅਤੇ ਡਾ. ਅਰਨੀਤ ਗਿੱਲ ਕਿਆਰੀਆਂ ਦੇ ਹਰ ਖੂੰਜੇ ਵਿੱਚੋਂ ਖਿੰਡੇ ਕਾਗ਼ਜ਼ਾਂ ਨੂੰ ਇਕੱਠਾ ਕਰ ਰਹੇ ਸਨ।
ਸ਼ੁਰੂ ਵਿੱਚ ਕੁਝ ਦੇਰ ਪ੍ਰੋ. ਅਰਵਿੰਦ ਆਪ ਇਸ ਸਫ਼ਾਈ ਮੁਹਿੰਮ ਵਿੱਚ ਸਰਗਰਮ ਤੌਰ ਉੱਤੇ ਸ਼ਾਮਿਲ ਹੋਏ ਅਤੇ ਬਾਅਦ ਵਿੱਚ ਦੇਖਾ-ਦੇਖੀ ਵਿਦਿਆਰਥੀ ਅਤੇ ਹੋਰ ਅਧਿਆਪਕ ਇਸ ਵਿੱਚ ਜੁੜਦੇ ਚਲੇ ਗਏ।
ਇਸੇ ਦੌਰਾਨ ਪੱਕੇ ਕਰਨ ਦੀ ਮੰਗ ਕਰਦੇ ਹੋਏ ਹੜਤਾਲ ਕਰ ਰਹੇ ਕੱਚੇ ਸਫ਼ਾਈ ਕਰਮਚਾਰੀਆਂ ਨੇ ਪ੍ਰੀਖਿਆ ਸਾਖ਼ਾ ਦੇ ਅੰਦਰ ਕੂੜਾ ਖਿਲਾਰ ਦਿੱਤਾ। ਦੁਪਹਿਰ ਤੋਂ ਬਾਅਦ ਰਜਿਸਟਰਾਰ ਪ੍ਰੋ ਨਵਜੋਤ ਕੌਰ ਦੀ ਅਗਵਾਈ ਵਿੱਚ ਮੁੜ ਅਧਿਆਪਕ ਅਤੇ ਵਿਦਿਆਰਥੀ ਜੁੜੇ ਅਤੇ ਉਨ੍ਹਾਂ ਨੇ ਪ੍ਰੀਖਿਆ ਸਾਖ਼ਾ ਵਿੱਚ ਖਿਲਰਿਆ ਸਾਰਾ ਕੂੜ੍ਹਾ ਚੁੱਕ-ਚੁੱਕ ਕੇ ਰਿਹੜੀਆਂ ਅਤੇ ਟਰਾਲੀਆਂ ਵਿੱਚ ਭਰਿਆ। ਇਸ ਦੌਰਾਨ ਪ੍ਰੀਖਿਆ ਕੰਟਰੋਲਰ ਪ੍ਰੋ. ਗੁਰਚਰਨ ਸਿੰਘ ਨੇ ਆਪ ਕੂੜ੍ਹਾ ਚੁੱਕਿਆ ਅਤੇ ਸਾਰੇ ਮੁਲਾਜ਼ਮਾਂ ਨੂੰ ਵੀ ਮੁਹਿੰਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਦੇ ਸੱਦੇ ਨੂੰ ਪ੍ਰਵਾਨ ਕਰਦੇ ਨਾ ਸਿਰਫ਼ ਮੁਲਾਜ਼ਮ ਕੂੜ੍ਹਾ ਚੁੱਕਣ ਲੱਗੇ ਸਗੋਂ ਦੂਜੇ ਸ਼ਹਿਰਾਂ ਤੋਂ ਆਪਣੇ ਕੰਮਾਂ ਲਈ ਆਏ ਹੋਏ ਵਿਦਿਆਰਥੀਆਂ ਨੇ ਵੀ ਕੰਮ ਕਰਵਾਇਆ।
ਜਿਉਂ ਹੀ ਪ੍ਰੀਖਿਆ ਸਾਖ਼ਾ ਦਾ ਕੰਮ ਮੁੜ ਕੇ ਸ਼ੁਰੂ ਹੋਇਆ ਤਾਂ ਸਫ਼ਾਈ ਮੁਹਿੰਮ ਦਾ ਹਿੱਸਾ ਬਣਨ ਵਾਲੇ ਵਿਦਿਆਰਥੀਆਂ ਦਾ ਕੰਮ ਪਹਿਲ ਉੱਤੇ ਕੀਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਯੂਨੀਅਨਾਂ ਦੇ ਆਗੂ ਵੀ ਸਫ਼ਾਈ ਮੁਹਿੰਮ ਵਿੱਚ ਸ਼ਾਮਿਲ ਹੋਏ। ਆਉਣ ਵਾਲੇ ਦਿਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਅੰਦਰ ਅੰਤਰ-ਯੂਨੀਵਰਸਿਟੀ ਯੂਵਕ ਮੇਲਾ ਹੋ ਰਿਹਾ ਹੈ ਜਿਸ ਵਿੱਚ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀ-ਕਲਾਕਾਰਾਂ ਨੇ ਹਿੱਸਾ ਲੈਣਾ ਹੈ। ਇਸ ਲਈ ਰਜ਼ਾਕਾਰੀ ਦੀ ਇਹ ਸਫ਼ਾਈ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।