‘ਪੜ੍ਹਦਾ ਪੰਜਾਬ’ ਮੁਹਿੰਮ ਤਹਿਤ 3184 ਵਿਦਿਆਰਥੀਆਂ ਦੀ ਫ਼ੀਸ ਲ਼ਈ ਸਕੂਲਾਂ ਨੂੰ ਵੰਡੇ ਚੈੱਕ- ਮਨਦੀਪ ਸਿੰਘ ਸਿੱਧੂ
ਧੂਰੀ/ ਸੰਗਰੂਰ, 17 ਅਪ੍ਰੈਲ,2022:
ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਵੱਲੋਂ ਰਾਇਸੀਲਾ ਗਰੁੱਪ ਦੇ ਚੇਅਰਮੈਨ ਏ.ਆਰ. ਸ਼ਰਮਾ ਦੇ ਸਹਿਯੋਗ ਨਾਲ ‘ਪੜ੍ਹਦਾ ਪੰਜਾਬ’ ਮੁਹਿੰਮ ਤਹਿਤ ਅੱਜ ਧੂਰੀ ਵਿਖੇ ਵਿਧਾਨ ਸਭਾ ਹਲਕਾ ਧੂਰੀ ਅਧੀਨ ਪੈਂਦੇ 13 ਸਰਕਾਰੀ ਸਕੂਲਾਂ ਦੇ 9ਵੀਂ ਤੋਂ 12ਵੀਂ ਜਮਾਤ ਦੇ 3184 ਵਿਦਿਆਰਥੀਆਂ ਦੀ ਪੂਰੇ ਸਾਲ ਦੀ ਫ਼ੀਸ ਦੇ ਚੈੱਕ ਸਕੂਲਾਂ ਨੂੰ ਸੌਂਪੇ ਗਏ।
ਇਸ ਮੌਕੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਰਾਇਸੀਲਾ ਗਰੁੱਪ ਦੇ ਸਹਿਯੋਗ ਨਾਲ ਲੋੜਵੰਦ ਬੱਚਿਆਂ ਦੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਇਹ ਉਨ੍ਹਾਂ ਵੱਲੋਂ ਇਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਖੁਦਕੁਸ਼ੀ ਕਰ ਚੁੱਕੇ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਲੋੜ੍ਹਵੰਦ ਬੱਚਿਆਂ ਦੀ ਪੜਾਈ ਲਈ ਆਪਣੀ ਤਨਖਾਹ ਚੋ ਹਰ ਮਹੀਨੇ ਮਦਦ ਕਰਨ ਦੇ ਫੈਸਲੇ ਮਗ਼ਰੋਂ ਹੁਣ ਰਾਇਸੀਲਾ ਗਰੁੱਪ ਦੇ ਸਹਯੋਗ ਨਾਲ ‘ਪੜ੍ਹਦਾ ਪੰਜਾਬ’ ਮਿਸ਼ਨ ਸੁਰੂ ਕੀਤਾ ਗਿਆ। ਇਸ ਉਪਰਾਲੇ ਸਦਕਾ ਇਸ ਮਿਸ਼ਨ ਨਾਲ ਜੁੜੇ ਰਾਇਸੀਲਾ ਗਰੁਪ ਦੇ ਚੇਅਰਮੈਨ ਡਾ ਏ.ਆਰ ਸ਼ਰਮਾ ਨੇ ਵੱਲੋੰ ਸਰਕਾਰੀ ਸਕੂਲਾਂ ਦੇ 9ਵੀ ਤੋਂ 12ਵੀ ਕਲਾਸ ਤੱਕ ਦੇ ਵਿਦਿਆਰਥੀਆਂ ਦੀ 26 ਲੱਖ ਰੁਪਏ ਤੋਂ ਵੱਧ ਦੀ ਸਾਰੀ ਫ਼ੀਸ ਲਈ ਚੈੱਕ ਸਕੂਲ ਮੁਖੀਆਂ ਨੂੰ ਸੌਂਪੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਫੀਸ ਹਰ ਸਾਲ ਭਰੀ ਜਾਵੇਗੀ ਤਾਂ ਜੋ ਕੋਈ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਕਿਹਾ ਕਿ ਇਹ ਉਪਰਾਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਕੁਆਲਟੀ ਐਜੂਕੇਸ਼ਨ’ ਦੇਣ ਦੇ ਫੈਸਲੇ ਤੋਂ ਪ੍ਰਭਾਵਿਤ ਹੋ ਕੇ ਕੀਤਾ ਗਿਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜ਼ਿਲੇ ਵਿੱਚ ਕੋਈ ਲੋੜਵੰਦ ਪਰਿਵਾਰ ਦਾ ਬੱਚਾ ਪੜ੍ਹਨਾ ਚਾਹੁੰਦਾ ਹੈ, ਪਰ ਫੀਸ ਭਰਨ ਤੋਂ ਅਸਮਰਥ ਹੈ ਤਾਂ ਉਸਦੀ ਵੀ ਪੂਰੀ ਮੱਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਜੋ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ। ਇਸ ਮੌਕੇ ਰਾਇਸੀਲਾ ਗਰੁੱਪ ਦੇ ਚੇਅਰਮੈਨ ਏ.ਆਰ.ਸ਼ਰਮਾ ਤੋਂ ਇਲਾਵਾ ਰਾਇਸੀਲਾ ਗਰੁੱਪ ਦੇ ਡਾਇਰੈਕਟਰ- ਕਮ -ਕੋ ਟਰੱਸਟੀ ਪ੍ਰਸ਼ੋਤਮ ਗਰਗ, ਸੰਗਰੂਰ ਇੰਡਸਟਰੀਅਲ ਚੈਂਬਰ ਦੇ ਪ੍ਰਧਾਨ ਸੰਜੀਵ ਚੋਪੜਾ ਅਤੇ ਰੋਟਰੀ ਡਿਸਟ੍ਰਿਕਟ ਗਵਰਨਰ 2023-24 ਤੇ ਸਾਬਕਾ ਪ੍ਰਧਾਨ ਸੰਗਰੂਰ ਡਿਸਟ੍ਰਿਕਟ ਇੰਡਸਟ੍ਰੀਅਲ ਚੈਂਬਰ ਘਨਸ਼ਿਆਮ ਕਾਂਸਲ ਹਾਜ਼ਰ ਸਨ।