ਪੰਜਾਬ ਸਰਕਾਰ ਵੱਲੋਂ ਕੁੱਝ ਹੋਰ ਸੁਰੱਖਿਆ ਹਦਾਇਤਾਂ ਸਮੇਤ 20 ਅਪ੍ਰੈਲ ਤੋਂ ਲਾਗੂ ਕਰਨ ਲਈ ਆਦੇ਼ਸ਼ ਜਾਰੀ

242

ਪੰਜਾਬ ਸਰਕਾਰ ਵੱਲੋਂ ਕੁੱਝ ਹੋਰ ਸੁਰੱਖਿਆ ਹਦਾਇਤਾਂ ਸਮੇਤ 20 ਅਪ੍ਰੈਲ ਤੋਂ ਲਾਗੂ ਕਰਨ ਲਈ ਆਦੇ਼ਸ਼ ਜਾਰੀ

ਕੰਵਰ ਇੰਦਰ ਸਿੰਘ /ਚੰਡੀਗੜ੍ਹ / 19 ਅਪ੍ਰੈਲ:

ਕੋਵਿਡ -19 ਜੰਗ ਵਿਰੁੱਧ ਇਕ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਅੰਦਰ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ‘ਤੇ ਸਖ਼ਤੀ ਨਾਲ ਪਾਬੰਦੀ ਲਗਾ ਦਿੱਤੀ ਹੈ, ਹਾਲਾਂਕਿ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਸਥਾਨਕ ਜ਼ਰੂਰਤਾਂ ਅਤੇ ਸਮਾਜਿਕ ਵਿੱਥ ਦੇ ਨਿਯਮਾਂ ਦੇ ਅਧਾਰ ਤੇ ਉਦਯੋਗਾਂ ਅਤੇ ਹੋਰ ਸਬੰਧਤ ਗਤੀਵਿਧੀਆਂ ਸਮੇਤ ਵੱਖ-ਵੱਖ ਅਦਾਰਿਆਂ ਦੇ ਸਮੇਂ ਨੂੰ ਨਿਯਮਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

ਇਹ ਫੈਸਲਾ ਲਿਆ ਗਿਆ ਹੈ ਕਿ ਸੂਬਾ 3 ਮਈ, 2020 ਤੱਕ ਕਰਫਿਊ ਦਾ ਪੂਰਾ ਪਾਲਣ ਕਰੇਗਾ ਅਤੇ ਕਰਫਿਊ ਦੌਰਾਨ ਗਤੀਵਿਧੀਆਂ ਕਰਨ ਲਈ ਲੋੜ ਮੁਤਾਬਕ ਕਰਫਿਊ ਪਾਸ ਜਾਰੀ ਕਰਨਾ ਕਾਇਮ ਰੱਖਿਆ ਜਾਵੇਗਾ।

ਸੂਬਾ ਸਰਕਾਰ ਨੇ ਓਪਰੇਟਰਾਂ ਨੂੰ  ਫੈਕਟਰੀ ਵਿਚ ਠਹਿਰਣ ਦੇ ਪ੍ਰਬੰਧਾਂ ਜਾਂ ਕਰਮਚਾਰੀਆਂ ਦੇ ਆਉਣ-ਜਾਣ ਦੀ ਦੇਖਭਾਲ ਕਰਨ ਲਈ ਆਗਿਆ ਦਿੱਤੀ ਹੈ, ਜਿਹਨਾਂ ਫੈਕਟਰੀਆਂ ਵਿਚ 10 ਜਾਂ ਇਸ ਤੋਂ ਵੱਧ ਵਿਅਕਤੀ  ਨੌਕਰੀ ਕਰ ਰਹੇ ਹਨ। ਕਰਫਿਊ ਦੌਰਾਨ ਗਤੀਵਿਧੀਆਂ ਕਰਨ ਲਈ ਲੋੜ ਮੁਤਾਬਕ ਕਰਫਿਊ ਪਾਸ ਜ਼ਰੂਰੀ ਹੋਵੇਗਾ।

From April 20- Punjab issues guidelines; sale of certain goods allowed-Photo courtesy-Internet

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੂਬਾ ਗ੍ਰਹਿ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਿਰਦੇਸ਼ ਭਾਰਤ ਸਰਕਾਰ ਦੀਆਂ ਸੋਧੀਆਂ ਕੋਵਿਡ ਦਿਸ਼ਾ ਨਿਰਦੇਸ਼ਾਂ ਨੂੰ 20 ਅਪ੍ਰੈਲ ਤੋਂ ਲਾਗੂ ਕਰਨ ਲਈ ਜਾਰੀ ਕੀਤੇ ਗਏ ਹਨ।

ਕਿਸੇ ਸਥਾਨ ਵਿਚ ਕੋਵਿਡ -19 ਦੇ 2 ਜਾਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਉਸ ਸਥਾਨ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਜਾਂਦਾ ਹੈ। ਇਸ ਜ਼ੋਨ ਦੀ ਘੋਸ਼ਣਾ ਕੇਸਾਂ ਦੀ ਗਿਣਤੀ, ਉਨ੍ਹਾਂ ਦੀ ਭੂਗੋਲਿਕ ਵੰਡ ਅਤੇ ਖੇਤਰ ਨੂੰ ਸੀਲ ਕਰਨ ਦੀ ਸੰਭਾਵਨਾ ਦੇ ਅਧਾਰ ਤੇ ਜ਼ਿਲ੍ਹਾ ਅਧਿਕਾਰੀਆਂ (ਡੀਸੀ, ਐਸਐਸਪੀ ਅਤੇ ਸੀਐਸ) ਦੁਆਰਾ ਕੀਤੀ ਜਾਂਦੀ ਹੈ।

ਕੰਟੇਨਮੈਂਟ ਜ਼ੋਨ ਇੱਕ ਸਥਾਨ ਤੋਂ ਮੁਹੱਲੇ, ਸੈਕਟਰ(ਪਿੰਡ), ਇੱਕ ਜਾਂ ਇੱਕ ਤੋਂ ਵੱਧ ਵਾਰਡ ਜਾਂ ਪੂਰੇ ਸ਼ਹਿਰ ਮੁਤਾਬਕ ਹੋ ਸਕਦਾ ਹੈ। ਬੁਲਾਰੇ ਨੇ ਅੱਗੇ ਕਿਹਾ ਕਿ 15.04.2020 ਦੇ ਦਿਸ਼ਾ ਨਿਰਦੇਸ਼ਾਂ ਨੂੰ ਸਿਰਫ਼ ਕੰਟੇਨਮੈਂਟ ਜ਼ੋਨ ਤੋਂ ਬਾਹਰ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਨੂੰ ਹਾਟਸਪਾਟ ਜਾਂ ਰੈਡ ਜ਼ੋਨ ਨਾ ਸਮਝਿਆ ਜਾਵੇ।

ਅਗਾਮੀ ਗਰਮੀ ਦੇ ਮੌਸਮ ਅਤੇ ਨਵੇਂ ਅਕਾਦਮਿਕ ਸੈਸ਼ਨ ਦੇ ਮੱਦੇਨਜ਼ਰ, ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਦੀਆਂ ਦੁਕਾਨਾਂ ਵੱਲੋਂ ਕਿਤਾਬਾਂ ਦੀ ਵੰਡ ਅਤੇ ਏਅਰ ਕੰਡੀਸ਼ਨਰਾਂ, ਏਅਰ ਕੂਲਰਾਂ, ਪੱਖਿਆਂ ਦੀ ਉਪਲਬਧਤਾ ਤੇ ਮੁਰੰਮਤ ਲਈ ਬਿਜਲੀ ਵਾਲੀਆਂ ਦੁਕਾਨਾਂ ਨੂੰ ਜ਼ਰੂਰੀ ਸਮਾਨ/ਸੇਵਾਵਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ ਹੁਣ ਇਨ੍ਹਾਂ ਦੁਕਾਨਾਂ ਨੂੰ ਖੁੱਲ੍ਹੀਆਂ ਰੱਖਣ ਦੀ ਆਗਿਆ ਹੋਵੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਦੇ ਆਦੇਸ਼ਾਂ ਮੁਤਾਬਕ ਢਾਬੇ ਖੁੱਲੇ ਰਹਿਣਗੇ ਪਰ ਉਹ ਸਿਰਫ਼ ਪੈਕ ਕੀਤਾ ਭੋਜਨ ਹੀ ਮੁਹੱਈਆ ਕਰਵਾਉਣਗੇ।