ਪੰਜਾਬ ਸਰਕਾਰ ਵੱਲੋਂ ਹਰਸਿਮਰ ਸਿੰਘ ਸਿੱਟਾ ਦੀ ਡਿਪਟੀ ਐਡਵੋਕੇਟ ਜਨਰਲ ਵਜੋਂ ਨਿਯੁਕਤੀ

226

ਪੰਜਾਬ ਸਰਕਾਰ ਵੱਲੋਂ ਹਰਸਿਮਰ ਸਿੰਘ ਸਿੱਟਾ ਦੀ ਡਿਪਟੀ ਐਡਵੋਕੇਟ ਜਨਰਲ ਵਜੋਂ ਨਿਯੁਕਤੀ

ਬਹਾਦਰਜੀਤ ਸਿੰਘ /ਰੂਪਨਗਰ, 23 ਅਗਸਤ,2022

ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਖੇ ਸਥਿਤ ਆਪਣੇ ਕਾਨੂੰਨੀ ਅਦਾਰੇ, ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵਿੱਚ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਸ ਤਹਿਤ ਵੱਖ-ਵੱਖ ਅਸਾਮੀਆਂ ਤੇ ਅਫਸਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਲਗਭਗ 3000 ਅਰਜ਼ੀਆਂ ਵਿੱਚੋਂ ਸਿਲੈਕਸ਼ਨ ਕਮੇਟੀ ਦੀ ਸਿਫ਼ਾਰਿਸ਼ ਤੇ ਸਰਕਾਰ ਵੱਲੋਂ 155 ਅਫਸਰਾਂ ਨੂੰ ਨਿਯੁਕਤ ਕੀਤਾ ਗਿਆ ਹੈ, ਜ਼ਿਹਨਾਂ ਵਿੱਚੋਂ ਰੋਪੜ ਜ਼ਿਲੇ ਨਾਲ ਸੰਬੰਧਤ ਰੋਪੜ ਸ਼ਹਿਰ ਦੇ ਜੰਮ-ਪਲ ਹਰਸਿਮਰ ਸਿੰਘ ਸਿੱਟਾ ਨੂੰ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਪਿਛਲੇ 5 ਸਾਲ ਦੌਰਾਨ ਬਤੌਰ ਸਹਾਇਕ  ਐਡਵੋਕੇਟ ਜਨਰਲ ਕਾਰਗੁਜ਼ਾਰੀ ਨੂੰ ਦੇਖਦਿਆਂ ਪਦਉਨਤ ਕਰਕੇ ਡਿਪਟੀ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ।

ਹਰਸਿਮਰ ਸਿੰਘ ਸਿੱਟਾ ਨੇ 37 ਵਰੇ ਦੀ ਇਸ ਛੋਟੀ ਉਮਰ ਵਿੱਚ ਅਪਣੀ ਇਸ ਉਪਲਭਦੀ ਨਾਲ ਆਪਣੇ ਉੱਘੇ ਸਮਾਜ-ਸੇਵਕ ਪਿਤਾ ਸਵ.  ਨਰਿੰਦਰ ਸਿੰਘ ਸਿੱਟਾ ਜੀ, ਸ਼ਹਿਰ ਦੇ ਉੱਘੇ ਬਜਾਜ ਵਪਾਰੀ ਦਾਦਾ ਸਵ. ਲਾਲ ਸਿੰਘ ਜੀ ਅਤੇ ਰੋਪੜ ਸ਼ਹਿਰ ਦਾ ਨਾਮ ਸਮੁੱਚੇ ਪੰਜਾਬ ਅਤੇ ਖਾਸ ਤੌਰ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰੋਸ਼ਨ ਕੀਤਾ ਹੈ।

ਗ਼ੌਰ ਤਲਬ ਹੈ ਕਿ ਸਵ. ਨਰਿੰਦਰ ਸਿੰਘ ਸਿੱਟਾ ਜੀ, ਵੀ ਡਿਪਟੀ ਐਡਵੋਕੇਟ ਜਨਰਲ ਅਤੇ ਪੰਜਾਬ ਹਰਿਆਣਾ ਬਾਰ ਕੋਂਸਿਲ ਦੇ ਹਾਨਰੇਰੀ ਸਕੱਤਰ ਦੇ ਅਹੁਦੇ ਤੇ ਸੇਵਾਵਾਂ ਨਿਭਾ ਚੁੱਕੇ ਹਨ, ਉਹ ਅੱਜ ਤੱਕ ਦੇ ਰੋਪੜ ਤੋਂ ਇਕਲੌਤੇ ਵਕੀਲ ਹਨ ਜਿਨਾਂ ਰੋਪੜ ਬਾਰ ਤੋਂ ਵਕਾਲਤ ਸ਼ੁਰੂ ਕਰ ਸਮੁੱਚੀ ਪੰਜਾਬ ਹਰਿਆਣਾ ਬਾਰ ਕੋਂਸਿਲ ਦੀ ਚੋਣ ਜੀਤੀ ਹੈ। ਇਸ ਦੇ ਨਾਲ ਹੀ ਸਵ. ਸਿੱਟਾ ਜੀ ਨੇ ਗਰੀਬ ਬੇਘਰੇ ਲੋਕਾਂ ਲਈ ਮਕਾਨ ਬਣਾਉਣ ਲਈ ਰੋਟਰੀ ਕਲੱਬ ਰੂਪਨਗਰ ਨੂੰ ਰੂਪਕੁੰਜ ਦੀ ਜ਼ਮੀਨ ਵੀ ਦਾਨ ਕੀਤੀ ਸੀ। ਉਹਨਾ ਦੇ ਕਦਮਾਂ ਤੇ ਚਲਦਿਆਂ ਹੀ, ਉਹਨਾ ਦੇ ਸਪੁੱਤਰ ਹਰਸਿਮਰ ਨੇ ਵੀ ਆਪਣੇ ਵਕਾਲਤ ਦਾ ਕੈਰੀਅਰ ਜ਼ਿਲਾ ਬਾਰ ਐਸੋਸੀਏਸ਼ਨ ਰੋਪੜ ਤੋਂ ਸ਼ੁਰੂ ਕਰਦਿਆਂ, ਸਕੱਤਰ ਜ਼ਿਲਾ ਬਾਰ ਐਸੋਸੀਏਸ਼ਨ ਰੋਪੜ, ਸਹਾਇਕ ਐਡਵੋਕੇਟ ਜਨਰਲ ਪੰਜਾਬ ਵਰਗੇ ਅਹਿਮ ਅਹੁਦਿਆਂ ਤੋਂ ਹੁੰਦੇ ਹੋਏ ਅੱਜ ਇਸ ਮੁਕਾਮ ਤੇ ਪਹੁੰਚ ਕੀਤੀ ਹੈ। ਗੌਰਤਲਬ ਹੈ ਕਿ ਹਰਸਿਮਰ ਸਿੰਘ ਸਿੱਟਾ ਵੀ ਆਪਣੇ ਪਿਤਾ ਜੀ ਵਾਂਗ ਰੋਪੜ ਦੀਆਂ ਵੱਖ-ਵੱਖ ਸਮਾਜ ਸੇਵੀ, ਸਾਹਿਤਕ, ਸਪੋਰਟਸ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਰੋਟਰੀ ਕਲੱਬ ਰੂਪਨਗਰ ਦੇ ਸਾਬਕਾ ਪ੍ਰਧਾਨ ਵੀ ਹਨ।

ਪੰਜਾਬ ਸਰਕਾਰ ਵੱਲੋਂ ਹਰਸਿਮਰ ਸਿੰਘ ਸਿੱਟਾ ਦੀ ਡਿਪਟੀ ਐਡਵੋਕੇਟ ਜਨਰਲ ਵਜੋਂ ਨਿਯੁਕਤੀ

ਸਿੱਟਾ ਦੀ ਇਸ ਪ੍ਰਾਪਤੀ ਤੇ ਉਹਨਾ ਦੇ ਅਤੇ ਪਰਿਵਾਰ ਦੇ ਮਿੱਤਰਾਂ ਵੱਲੋਂ ਮੁਬਾਰਕਾਂ ਦਾ ਤਾਂਤਾ ਲੱਗਿਆ ਹੋਇਆ ਹੈ, ਜਿੰਨਾ ਵਿੱਚ ਰੋਪੜ ਤੋਂ ਨੌਜਵਾਨ ਐਮ. ਐਲ. ਏ ਐਡਵੋਕੇਟ ਦਿਨੇਸ਼ ਚੱਢਾ, ਪਨਗ੍ਰੇਨ ਦੇ ਸਾਬਕਾ ਚੇਅਰਮੈਨ ਤੇ ਵੱਡੇ ਆਪ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਆਪ ਸੂਬਾ ਜਾਇੰਟ ਸਕੱਤਰ ਬਲਜਿੰਦਰ ਸਿੰਘ ਢਿੱਲੋਂ, ਡਾਇਰੈਕਟਰ ਨਨਕਾਣਾ ਸਾਹਿਬ ਐਜੁਕੇਸ਼ਨਲ ਟਰਸਟ ਇੰਦਰਪਾਲ ਸਿੰਘ ਚੱਢਾ, ਹਾਈ ਕੋਰਟ ਬਾਰ ਦੇ ਪ੍ਰਧਾਨ ਸੰਤੋਖਵਿੰਦਰ ਸਿੰਘ ਨਾਭਾ, ਰੋਪੜ ਬਾਰ ਦੇ ਪ੍ਰਧਾਨ ਧੀਰਜ ਕੌਸ਼ਲ, ਵਾਈਸ ਪ੍ਰਧਾਨ ਅਮਰਬਿੰਦਰ ਸਿੰਘ ਭਿਉਰਾ, ਸਾਬਕਾ ਪ੍ਰਧਾਨ ਅਮਰ ਰਾਜ ਸੈਣੀ, ਹਰਦੀਪ ਸਿੰਘ ਬਾਸੀ, ਰੋਟਰੀ ਗਵਰਨਰ ਵੀ. ਪੀ. ਕਾਲਟਾ, ਰੋਟਰੀ ਗਵਰਨਰ ਗੁਲਬਹਾਰ ਸਿੰਘ ਰਿਟੋਲ, ਰੋਟਰੀ ਰੂਪਨਗਰ ਦੇ ਸਾਬਕਾ ਸਕੱਤਰ ਜਤਿੰਦਰਪਾਲ ਸਿੰਘ ਰੀਹਲ, ਚੀਫ ਇੰਜ ਪੰਚਾਇਤੀ ਰਾਜ ਤੇਜਪਾਲ ਸਿੰਘ, ਡਾ. ਕੇ. ਐਸ. ਦੇਵ, ਪੀ.ਐਲ.ਆਈ.ਡੀ. ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਦੇ ਨਾਮ ਉਚੇਚੇ ਤੌਰ ਤੇ ਸ਼ਾਮਿਲ ਹਨ।

ਇਸ ਮੌਕੇ ਹਰਸਿਮਰ ਸਿੰਘ ਸਿੱਟਾ ਨੇ ਮੁੱਖ ਮੰਤਰੀ ਪੰਜਾਬ  ਭਗਵੰਤ ਮਾਨ, ਐਡਵੋਕੇਟ ਜਨਰਲ ਪੰਜਾਬ  ਵਿਨੋਦ ਘਈ ਦਾ ਉਹਨਾ ਨੂੰ ਇਹ ਜਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ। ਉਨਾਂ ਇਸ ਮੌਕੇ ਆਪਣੇ ਸਭ ਸ਼ੁੱਭਚਿੰਤਕਾਂ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਇਸ ਦਿੱਤੀ ਜਿੰਮੇਵਾਰੀ ਨੂੰ ਪਹਿਲਾਂ ਵਾਂਗ ਹੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ।