ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇ ਖਰੀਦ ਕੇ ਦਿੱਤੀ ਫਿਜਿਲਓਥੈਰੇਪੀ ਮਸ਼ੀਨ

1386

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇ ਖਰੀਦ ਕੇ ਦਿੱਤੀ ਫਿਜਿਲਓਥੈਰੇਪੀ ਮਸ਼ੀਨ

ਪਟਿਆਲਾ/ ਫਰਵਰੀ 9,2023
ਪੰਜਾਬੀ ਯੂਨੀਵਰਸਿਟੀ ਦਾ ਇੱਕ ਸਾਬਕਾ ਵਿਦਿਆਰਥੀ ਜਦੋਂ ਇਲਾਜ ਲਈ ਯੂਨੀਵਰਸਿਟੀ ਦੇ ਫਿਜਿ਼ਓਥੈਰੇਪੀ ਕਲੀਨਿਕ ਵਿੱਚ ਪਹੁੰਚਿਆ ਤਾਂ ਉਹ ਇੱਥੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਕਲੀਨਿਕ ਨੂੰ ਆਪਣੇ ਵੱਲੋਂ ਇੱਕ ਮਸ਼ੀਨ ਖਰੀਦ ਕੇ ਦੇਣ ਦਾ ਉਪਰਾਲਾ ਕਰ ਵਿਖਾਇਆ।

ਸੁਖਰਾਜ ਬਾਠ ਪੰਜਾਬੀ ਯੂਨੀਵਰਸਿਟੀ ਵਿੱਚੋਂ 1980ਵਿਆਂ ਦੇ ਸ਼ੁਰੂ ਵਿੱਚ ਅਰਥ ਸ਼ਾਸਤਰ ਦੀ ਐਮ.ਏ. ਡਿਗਰੀ ਹਾਸਿਲ ਕਰ ਕੇ ਗਏ ਸਨ ਅਤੇ ਅੱਜਕਲ੍ਹ ਉਹ ਕੈਨੇਡਾ ਵਿੱਚ ਟਰੱਕਾਂ ਦਾ ਕਾਰੋਬਾਰ ਕਰਦੇ ਹਨ। ਪਿਛਲੇ ਦਿਨੀਂ ਉਹ ਜਦ ਪਟਿਆਲੇ ਆਏ ਤਾਂ ਹਵਾਈ ਅੱਡੇ ਉੱਤੇ ਉਨ੍ਹਾਂ ਦੀ ਪਿੱਠ ਉੱਤੇ ਕੁੱਝ ਸੱਟ ਲੱਗ ਗਈ ਜਿਸ ਨਾਲ ਉਨ੍ਹਾਂ ਨੂੰ ਤੁਰਨ ਫਿਰਨ ਵਿੱਚ ਬਹੁਤ ਮੁਸ਼ਕਿਲ ਪੇਸ਼ ਆਈ। ਜਦੋਂ ਉਹ ਪੰਜਾਬੀ ਯੂਨੀਵਰਸਿਟੀ ਦੇ ਫਿਜਿ਼ਓਥੈਰੇਪੀ ਕਲੀਨਿਕ ਵਿੱਚ ਪਹੁੰਚੇ ਤਾਂ ਇੱਥੇ ਜਿਸ ਤਰੀਕੇ ਨਾਲ਼ ਉਨ੍ਹਾਂ ਦੀ ਇਸ ਤਕਲੀਫ਼ ਨੂੰ ਰਾਹਤ ਮਿਲੀ, ਉਹ ਇਸ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਸੰਬੰਧਤ ਡਾਕਟਰਾਂ ਦੀ ਤਾਰੀਫ਼ ਕੀਤੀ ਅਤੇ ਕਲੀਨਿਕ ਨੂੰ ਹੋਰ ਬਿਹਤਰ ਬਣਾਉਣ ਲਈ ਕੋਈ ਮਦਦ ਕਰਨ ਹਿਤ ਆਪਣੀ ਇੱਛਾ ਜ਼ਾਹਿਰ ਕੀਤੀ। ਗੱਲਬਾਤ ਦੌਰਾਨ ਜਦੋਂ ਉਨ੍ਹਾਂ ਜਾਣਿਆ ਕਿ ਇੱਥੇ ਇੱਕ ਮਸ਼ੀਨ ਦੀ ਲੋੜ ਹੈ ਤਾਂ ਉਨ੍ਹਾਂ ਤੁਰੰਤ ਇਸ ਮਸ਼ੀਨ ਦੀ ਖਰੀਦ ਕਰ ਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਫਿਜਿ਼ਓਥੈਰੇਪੀ ਵਿਭਾਗ ਦੇ ਅਧਿਆਪਕਾਂ ਦੀ ਹਾਜ਼ਰੀ ਵਿੱਚ ਡਾ. ਨੈਨਕੀ ਭੱਲਾ ਦੀ ਅਗਵਾਈ ਵਾਲੇ ਫਿਜਿ਼ਓਥੈਰੇਪੀ ਕਲੀਨਿਕ ਦੇ ਸਪੁਰਦ ਕੀਤੀ।

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸੁਖਰਾਜ ਬਾਠ ਨੇ ਖਰੀਦ ਕੇ ਦਿੱਤੀ ਫਿਜਿਲਓਥੈਰੇਪੀ ਮਸ਼ੀਨ

ਸੁਖਰਾਜ ਬਾਠ ਦਾ ਕਹਿਣਾ ਹੈ ਕਿ ਪੰਜਾਬੀ ਯੂਨਵਿਰਸਿਟੀ ਸੂਬੇ ਦਾ ਅਹਿਮ ਅਦਾਰਾ ਹੈ। ਇਸ ਅਦਾਰੇ ਦੇ ਸਾਬਕਾ ਵਿਦਿਆਰਥੀ ਇਸ ਨਾਲ਼ ਭਾਵੁਕ ਸਾਂਝ ਰਖਦੇ ਹਨ। ਅਦਾਰੇ ਵਿਖੇ ਹੁੰਦੇ ਚੰਗੇ ਕਾਰਜਾਂ ਨੂੰ ਵੇਖ ਕੇ ਉਹ ਖੁਸ਼ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਕਲੀਨਿਕ ਦੀ ਚੰਗੀ ਕਾਰਗੁਜ਼ਾਰੀ ਵੇਖ ਕੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੂੰ ਆਪਣੇ ਵੱਲੋਂ ਤਿਲ ਫੁੱਲ ਭੇਂਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਵੱਡਾ ਸੰਕਟ, ਜੋ ਕਿ ਤਨਖਾਹਾਂ ਆਦਿ ਨਾਲ਼ ਜੁੜਿਆ ਹੈ, ਉਸ ਨੂੰ ਨੂੰ ਤਾਂ ਸਰਕਾਰਾਂ ਹੀ ਹੱਲ ਕਰ ਸਕਦੀਆਂ ਹਨ ਪਰ ਯੂਨੀਵਰਸਿਟੀ ਦੇ ਛੋਟੇ ਛੋਟੇ ਮਸਲਿਆਂ ਨੂੰ ਹੱਲ ਕਰਨ ਵਿੱਚ ਇੱਥੋਂ ਦੇ ਸਾਬਕਾ ਵਿਦਿਆਰਥੀਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੌਕੇ ਕਿਹਾ ਕਿ ਕੋਈ ਵੀ ਅਦਾਰਾ ਬਹੁਤ ਸਾਰੇ ਲੋਕਾਂ ਦੇ ਯੋਗਦਾਨ ਨਾਲ ਹੀ ਬਣਦਾ ਹੈ। ਇਸ ਕਰ ਕੇ ਹੀ ਕੋਈ ਅਦਾਰਾ ਸਮਾਜ ਦੀ ਧਰੋਹਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੁਖਰਾਜ ਬਾਠ ਦਾ ਇਹ ਉਪਰਾਲਾ ਅਜਿਹੇ ਧਰੋਹਰ ਉੱਤੇ ਦਾਅਵੇਦਾਰੀ ਦਾ ਵੀ ਉਪਰਾਲਾ ਹੈ ਅਤੇ ਨਾਲ਼ ਦੀ ਨਾਲ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਕੀਤੇ ਜਾ ਰਹੇ ਛੋਟੇ-ਛੋਟੇ ਉਪਰਾਲਿਆਂ ਵਿੱਚ ਵੀ ਸ਼ੁਮਾਰ ਹੁੰਦਾ ਹੈ।

ਫਿਜਿ਼ਓਥੈਰੇਪੀ ਓ.ਪੀ.ਡੀ. ਤੋਂ ਡਾ. ਨੈਨਕੀ ਭੱਲਾ ਨੇ ਇਸ ਮਸ਼ੀਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ਾਂ ਦੇ ਮਾਸ਼ਪੇਸ਼ੀਆਂ ਵਿਚਲੇ ਦਰਦ, ਸੋਜ, ਤਣਾਅ ਆਦਿ ਨੂੰ ਠੀਕ ਕਰਨ ਲਈ ਇਸ ਡਿਜੀਮੈਡ-301 ਮਸ਼ੀਨ ਦਾ ਬਹੁਤ ਮਹੱਤਵ ਹੈ। ਉਨ੍ਹਾਂ ਦੱਸਿਆ ਕਿ ਫਿਜਿਓਥੈਰੇਪੀ ਰਾਹੀਂ ਮਰੀਜ਼ਾਂ ਕਰੰਟ ਦੀ ਵਰਤੋਂ ਨਾਲ਼ ਅਜਿਹੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਮਸ਼ੀਨ ਵਿੱਚ ਤਿੰਨ ਤਰ੍ਹਾਂ ਦੇ ਕਰੰਟ ਦਾ ਸੁਮੇਲ ਹੈ ਜੋ ਕਿ ਆਈ. ਐੱਫ.ਟੀ., ਟੀ. ਈ.ਐੱਨ., ਐੱਸ. ਅਤੇ ਰਸ਼ੀਅਨ ਕਰੰਟ ਦੇ ਨਾਮ ਨਾਲ਼ ਜਾਣੇ ਜਾਂਦੇ ਹਨ। ਉਨ੍ਹਾਂ ਇਸ ਉਪਰਾਲੇ ਲਈ ਸੁਖਰਾਜ ਬਾਠ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਸ਼ੀਨ ਨਿਸ਼ਚੇ ਹੀ ਵਿਭਾਗ ਦੇ ਕੰਮ ਕਰਨ ਦੀ ਸਮਰਥਾ ਵਿੱਚ ਹੋਰ ਵਾਧਾ ਕਰੇਗੀ।