ਪੰਜਾਬੀ ਯੂਨੀਵਰਸਿਟੀ ਵੱਲੋਂ ਨੈਕ ਦੀਆਂ ਤਿਆਰੀਆਂ ਸਮੇਂ ਮਿਸਾਲੀ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਆ

1587

ਪੰਜਾਬੀ ਯੂਨੀਵਰਸਿਟੀ ਵੱਲੋਂ ਨੈਕ ਦੀਆਂ ਤਿਆਰੀਆਂ ਸਮੇਂ ਮਿਸਾਲੀ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਆ

ਪਟਿਆਲਾ/ ਅਕਤੂਬਰ 31,2023
ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਹਾਲ ਹੀ ਵਿੱਚ ਨੈਕ ਵੱਲੋਂ ਏ+ (ਏ ਪਲੱਸ) ਦਾ ਗਰੇਡ ਹਾਸਿਲ ਹੋਇਆ ਹੈ। ਇਸ ਗਰੇਡ ਦੀ ਪ੍ਰਾਪਤੀ ਲਈ ਯੂਨੀਵਰਸਿਟੀ ਦੇ ਜਿਨ੍ਹਾਂ ਅਧਿਆਪਨ ਅਤੇ ਗ਼ੈਰ ਅਧਿਆਪਨ ਅਮਲੇ ਦੇ ਕਰਮਚਾਰੀਆਂ ਨੇ ਮਿਸਾਲੀ ਯੋਗਦਾਨ ਦਿੱਤਾ ਸੀ, ਉਨ੍ਹਾਂ ਨੂੰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ‘ਸ਼ਲਾਘਾ ਪੱਤਰ’ ਦੇ ਕੇ ਵਿਸ਼ੇਸ਼ ਤੌਰ ਉੱਤੇ ਸਨਮਾਨਿਆ ਗਿਆ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸੈਨੇਟ ਹਾਲ ਵਿਖੇ ਆਈ. ਕਿਊ. ਏ. ਸੀ. ਵੱਲੋਂ ਰੱਖੇ ਗਏ ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ ਬੋਲਦਿਆਂ ਕਿਹਾ ਕਿ ਕਿਸੇ ਵੀ ਅਦਾਰੇ ਨਾਲ਼ ਜੁੜਿਆ ਅਮਲਾ ਉਸ ਅਦਾਰੇ ਦੀ ਅਸਲ ਪਛਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੈਕ ਲਈ ਲੋੜੀਂਦੇ ਅੰਕੜਿਆਂ ਦੇ ਇਕੱਤਰੀਕਰਣ ਤੋਂ ਲੈ ਕੇ ਵੱਖ-ਵੱਖ ਪੱਧਰ ਦੀਆਂ ਪ੍ਰਾਪਤੀਆਂ ਨੂੰ ਸੂਚੀਬੱਧ ਕਰਨ ਅਤੇ ਨੈਕ ਟੀਮ ਸਾਹਮਣੇ ਇਸ ਦੀ ਪੇਸ਼ਕਾਰੀ ਤੱਕ ਵੱਖ-ਵੱਖ ਪੜਾਵਾਂ ਉੱਤੇ ਸਾਰੇ ਹੀ ਕਰਮਚਾਰੀਆਂ ਨੇ ਆਪੋ ਆਪਣਾ ਭਰਵਾਂ ਯੋਗਦਾਨ ਪਾਇਆ ਹੈ ਜਿਸ ਸਦਕਾ ਯੂਨੀਵਰਸਿਟੀ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ਼ ਪੇਸ਼ ਕਰਨ ਵਿੱਚ ਸਮਰੱਥ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਕੁੱਝ ਕਰਮਚਾਰੀਆਂ ਦਾ ਯੋਗਦਾਨ ਬਹੁਤ ਮਿਸਾਲੀ ਕਿਸਮ ਦਾ ਰਿਹਾ ਹੈ ਜਿਸ ਲਈ ਅਥਾਰਿਟੀ ਵੱਲੋਂ ਇਹ ਫ਼ੈਸਲਾ ਲਿਆ ਗਿਆ ਕਿ ਅਜਿਹੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਬਣਦੀ ਸਨਮਾਨਯੋਗ ਪਹਿਚਾਣ ਦੇਣ ਅਤੇ ਹੌਸਲਾ ਵਧਾਉਣ ਲਈ ਵਿਸ਼ੇਸ਼ ਸਮਾਗਮ ਰਚਾ ਕੇ ਸਨਮਾਨ ਕੀਤਾ ਜਾਵੇ। ਅਜਿਹਾ ਕਰਨਾ ਚੰਗੇ ਕਰਮਚਾਰੀਆਂ ਦਾ ਉਤਸ਼ਾਹ ਵਧਾਉਂਦਾ ਹੈ ਅਤੇ ਹੋਰਨਾਂ ਨੂੰ ਪ੍ਰੇਰਿਤ ਕਰਦਾ ਹੈ।

ਡੀਨ ਅਕਾਦਮਿਕ ਮਾਮਲੇ ਡਾ. ਏ. ਕੇ. ਤਿਵਾੜੀ ਨੇ ਕਿਹਾ ਕਿ ਮਿਸਾਲੀ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਯੋਗਦਾਨ ਸਦਕਾ ਯੂਨੀਵਰਸਿਟੀ ਚੰਗਾ ਗਰੇਡ ਲੈਣ ਵਿੱਚ ਕਾਮਯਾਬ ਹੋ ਸਕੀ ਹੈ ਇਸ ਲਈ ਇਨ੍ਹਾਂ ਕਰਮਚਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਜਾਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਚੰਗੇ ਕਰਮਚਾਰੀਆਂ ਨੂੰ ਬਣਦਾ ਸਨਮਾਨ ਦੇਣਾ ਇੱਕ ਚੰਗੇ ਅਦਾਰੇ ਦਾ ਫਰਜ਼ ਹੁੰਦਾ ਹੈ।

ਪੰਜਾਬੀ ਯੂਨੀਵਰਸਿਟੀ ਵੱਲੋਂ ਨੈਕ ਦੀਆਂ ਤਿਆਰੀਆਂ ਸਮੇਂ ਮਿਸਾਲੀ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਆ ਪੰਜਾਬੀ ਯੂਨੀਵਰਸਿਟੀ ਵੱਲੋਂ ਨੈਕ ਦੀਆਂ ਤਿਆਰੀਆਂ ਸਮੇਂ ਮਿਸਾਲੀ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਆ

ਰਜਿਸਟਰਾਰ ਡਾ. ਨਵਜੋਤ ਕੌਰ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਕਿਹਾ ਕਿ ਚੰਗੇ ਕਰਮਚਾਰੀ ਕਿਸੇ ਵੀ ਅਦਾਰੇ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਬਿਹਤਰ ਅਕਾਦਮਿਕ ਮਾਹੌਲ ਦੀ ਸਿਰਜਣਾ ਵਿੱਚ ਚੰਗੇ ਕਰਮਚਾਰੀਆਂ ਦਾ ਭਰਪੂਰ ਯੋਗਦਾਨ ਹੈ।

ਆਈ. ਕਿਊ.ਏ.ਸੀ. ਦੇ ਇੰਚਾਰਜ ਡਾ. ਉਮਰਾਓ ਸਿੰਘ ਨੇ ਪ੍ਰੋਗਰਾਮ ਵਿੱਚ ਸਵਾਗਤੀ ਸ਼ਬਦ ਬੋਲੇ। ਆਈ. ਕਿਊ. ਏ. ਸੀ. ਵੱਲੋਂ ਆਯੋਜਿਤ ਕਰਵਾਏ ਇਸ ਸਮਾਗਮ ਵਿੱਚ ਮੰਚ ਸੰਚਾਲਨ ਦਾ ਕਾਰਜ ਪ੍ਰੋ. ਧਰਮਵੀਰ ਨੇ ਕੀਤਾ।