ਬਜੁਰਗਾਂ ਨੂੰ ਸਮੇਂ-ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਕਰਵਾਉਣੀ ਜਰੂਰੀ: ਫ਼ਤਹਿਗੜ੍ਹ ਸਾਹਿਬ ਡਿਪਟੀ ਕਮਿਸ਼ਨਰ

226

ਬਜੁਰਗਾਂ ਨੂੰ ਸਮੇਂ-ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਕਰਵਾਉਣੀ ਜਰੂਰੀ: ਫ਼ਤਹਿਗੜ੍ਹ ਸਾਹਿਬ ਡਿਪਟੀ ਕਮਿਸ਼ਨਰ

ਫ਼ਤਹਿਗੜ੍ਹ ਸਾਹਿਬ, 21 ਜਨਵਰੀ :
ਬਜੁਰਗਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਅਤਿ ਜਰੂਰੀ ਹੈ ਅਤੇ ਬਜੁਰਗਾਂ ਨੂੰ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਮੇਂ-ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਹ ਨਿਰੋਗ ਜੀਵਨ ਬਤੀਤ ਕਰ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ  ਅੰਮ੍ਰਿਤ ਕੌਰ ਗਿੱਲ ਨੇ ਬੱਚਤ ਭਵਨ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਬੱਚਤ ਭਵਨ ਵਿਖੇ ਪੋਸ਼ਣ ਅਭਿਆਨ ਤਹਿਤ ਬਜੁਰਗਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਕਰਵਾਏ ਗਏ ਇੱਕ ਰੋਜਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਜੁਰਗਾਂ ਨੂੰ ਬੇਲੋੜੀਆਂ ਦਰਦ ਨਿਵਾਰਕ ਦਵਾਈਆਂ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਕਈ ਵਾਰੀ ਇਹ ਦਵਾਈਆਂ ਸਿਹਤ ਲਈ ਘਾਤਕ ਸਿੱਧ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਮਾਹਰ ਡਾਕਟਰਾਂ ਦੀ ਸਲਾਹ ਨਾਲ ਹੀ ਦਵਾਈ ਲੈਣੀ ਚਾਹੀਦੀ ਹੈ।

ਸੈਮੀਨਾਰ ਦੌਰਾਨ ਵੱਖ-ਵੱਖ ਮਾਹਰ ਡਾਕਟਰਾਂ ਵੱਲੋਂ ਦਿੱਤੀ ਜਾਣਕਾਰੀ ਦੀ ਸ਼ਲਾਘਾ ਕਰਦਿਆਂ  ਗਿੱਲ ਨੇ ਕਿਹਾ ਕਿ ਮਾਹਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਜਿਥੇ ਬਜੁਰਗਾਂ ਨੂੰ ਨਿਰੋਗ ਰੱਖਣ ਵਿੱਚ ਸਹਾਈ ਹੋਵੇਗੀ ਉਥੇ ਹੀ ਫਿਜੀਓਥੈਰੇਪਿਸਟ ਵੱਲੋਂ ਵੱਖ-ਵੱਖ ਜੋੜਾਂ ਦੇ ਦਰਦਾਂ ਬਾਰੇ ਸਰੀਰਕ ਗਤੀਵਿਧੀਆਂ ਕਰਨ ਨਾਲ ਉਨ੍ਹਾਂ ਨੂੰ ਦਰਦਾਂ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਵੱਧਦੀ ਉਮਰ ਵਿੱਚ ਅਕਸਰ ਕਈ ਤਰ੍ਹਾਂ ਦੇ ਰੋਗ ਸਾਨੂੰ ਘੇਰ ਲੈਂਦੇ ਹਨ ਪ੍ਰੰਤੂ ਸਮੇਂ ਸਿਰ ਮਾਹਰ ਡਾਕਟਰ ਦੀ ਸਲਾਹ ਨਾਲ ਇਨ੍ਹਾਂ ਰੋਗਾਂ ਤੋਂ ਬਚਿਆ ਜਾ ਸਕਦਾ ਹੈ।

ਬਜੁਰਗਾਂ ਨੂੰ ਸਮੇਂ-ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਕਰਵਾਉਣੀ ਜਰੂਰੀ: ਫ਼ਤਹਿਗੜ੍ਹ ਸਾਹਿਬ ਡਿਪਟੀ ਕਮਿਸ਼ਨਰ
ਇਸ ਸੈਮੀਨਾਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਫਿਜੀਓਥੈਰੇਪਿਸਟ ਡਾ. ਪੰਕਜਪ੍ਰੀਤ ਸਿੰਘ ਨੇ ਜੋੜਾਂ ਦੇ ਦਰਦਾਂ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਕੰਮ ਨੂੰ ਲੋੜੋਂ ਵੱਧ ਕਰਨਾ ਵੀ ਸਰੀਰਕ ਰੋਗਾਂ ਦਾ ਕਾਰਨ ਬਣਦਾ ਹੈ ਇਸ ਲਈ ਸਾਨੂੰ ਹਮੇਸ਼ਾਂ ਮਾਹਰ ਡਾਕਟਰਾਂ ਦੀ ਸਲਾਹ ਅਨੁਸਾਰ ਹੀ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਿਜੀਓਥੈਰੇਪੀ ਅੱਜ ਦੇ ਸਮੇਂ ਵਿੱਚ ਸਭ ਤੋਂ ਜਰੂਰੀ ਹੈ ਕਿਉਂਕਿ ਇਸ ਨਾਲ ਅਸੀਂ ਨਿਰੋਗ ਜਿੰਦਗੀ ਬਤੀਤ ਕਰ ਸਕਦੇ ਹਾਂ। ਸੈਮੀਨਾਰ ਦੌਰਾਨ ਬਸੀ ਪਠਾਣਾ ਦੇ  ਬਾਵਾ ਹਸਪਤਾਲ ਦੇ ਡਾ. ਨਵਿੰਦਰ ਸਿੰਘ ਨੇ ਬਜੁਰਗ ਅਵਸਥਾ ਵਿੱਚ ਚੰਗੀ ਸਿਹਤ ਲਈ ਜਾਗਰੂਕ ਹੋਣ ‘ਤੇ ਜੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਹਮੇਸ਼ਾਂ ਮਾਹਰ ਡਾਕਟਰ ਦੀ ਸਲਾਹ ਅਨੁਸਾਰ ਹੀ ਦਵਾਈਆਂ ਲੈਣੀਆਂ ਚਾਹੀਦੀ ਹਨ।ਇਸ ਸੈਮੀਨਾਰ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ  ਜੋਬਨਦੀਪ ਕੌਰ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਸਿਟੀਜਨਜ਼ ਨੇ ਸ਼ਮੂਲੀਅਤ ਕੀਤੀ।