ਭਾਈ ਵੀਰ ਸਿੰਘ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਤਿੰਨ ਰੋਜ਼ਾ ਕਾਨਫ਼ਰੰਸ 15 ਫਰਵਰੀ ਤੋਂ

361

ਭਾਈ ਵੀਰ ਸਿੰਘ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਤਿੰਨ ਰੋਜ਼ਾ ਕਾਨਫ਼ਰੰਸ 15 ਫਰਵਰੀ ਤੋਂ

ਪਟਿਆਲਾ/ ਫਰਵਰੀ 14,2023

ਪੰਜਾਬੀ ਯੂਨੀਵਰਸਿਟੀ ਭਾਈ ਵੀਰ ਸਿੰਘ ਨੂੰ ਸਮਰਪਿਤ ਵਿਸ਼ਵ ਕਾਨਫ਼ਰੰਸ ਕਰਵਾ ਰਹੀ ਹੈ। ਭਾਈ ਵੀਰ ਸਿੰਘ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਇਹ ਤਿੰਨ ਰੋਜ਼ਾ ਕਾਨਫ਼ਰੰਸ 15 ਫਰਵਰੀ 2023 ਨੂੰ ਸ਼ੁਰੂ ਹੋਵੇਗੀ। ਕਾਨਫਰੰਸ ਦੇ ਉਦਘਾਟਨੀ ਸ਼ਬਦ ਪੰਜਾਬ ਸਰਕਾਰ ਤੋਂ ਚੀਫ਼ ਸੈਕਟਰੀ ਵਿਜੇ ਕੁਮਾਰ ਜੰਜੂਆ ਬੋਲਣਗੇ। ਉਦਘਾਟਨੀ ਸੈਸ਼ਨ ਦੇ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸਿ਼ਰਕਤ ਕਰਨਗੇ। ਸਾਇੰਸ ਆਡੀਟੋਰੀਅਮ ਵਿਖੇ ਹੋਣ ਵਾਲੇ ਉਦਘਾਟਨੀ ਸਮਾਰੋਹ ਵਿੱਚ ਸੁਰਜੀਤ ਪਾਤਰ ਵੱਲੋਂ ਵਿਸ਼ੇਸ਼ ਭਾਸ਼ਣ ਦਿੱਤਾ ਜਾਣਾ ਹੈ। ਪਦਮ ਸ੍ਰੀ ਬਾਬਾ ਸੇਵਾ ਸਿੰਘ, ਖਡੂਰ ਸਾਹਿਬ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਿ਼ਰਕਤ ਕਰਨਗੇ। ਕਾਨਫ਼ਰੰਸ ਦੇ ਥੀਮ ਦੇ ਜਾਣਕਾਰੀ ਡਾ. ਰਵੇਲ ਸਿੰਘ ਵੱਲੋਂ ਦਿੱਤੀ ਜਾਣੀ ਹੈ ਅਤੇ ਮੁੱਖ-ਸੁਰ ਭਾਸ਼ਣ ਪ੍ਰੋ. ਸਤਿੰਦਰ ਸਿੰਘ ਦੇਣਗੇ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਕਰਨਗੇ।

ਭਾਈ ਵੀਰ ਸਿੰਘ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਤਿੰਨ ਰੋਜ਼ਾ ਕਾਨਫ਼ਰੰਸ 15 ਫਰਵਰੀ ਤੋਂ-Photo courtesy-internet

ਉਦਘਾਟਨੀ ਸੈਸ਼ਨ ਦੌਰਾਨ ਸੁਰਜੀਤ ਪਾਤਰ ਅਤੇ ਸਵਰਾਜਬੀਰ, ਸੰਪਾਦਕ ਪੰਜਾਬੀ ਟ੍ਰਿਬਿਊਨ ਵੱਲੋਂ ਸੰਪਦਿਤ ਭਾਈ ਵੀਰ ਸਿੰਘ ਦੀਆਂ ਚੋਣਵੀਆਂ ਰਚਨਾਵਾਂ ਨਾਲ਼ ਸੰਬੰਧਤ ਪੁਸਤਕ ਰਿਲੀਜ਼ ਕੀਤੀ ਜਾਵੇਗੀ। ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਸਾਫ਼ਟਵੇਅਰ ਰਾਹੀਂ ਮਸ਼ੀਨ ਅਨੁਵਾਦ ਨਾਲ਼ ਭਾਈ ਵੀਰ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ ਦਾ ‘ਸ਼ਾਹਮੁਖੀ’ ਲਿਪੀ ਵਿੱਚ ਤਰਜਮਾ ਕੀਤਾ ਗਿਆ ਹੈ ਤਾਂ ਕਿ ਸੰਸਾਰ ਭਰ ਵਿੱਚ ਸਮੁੱਚਾ ਪੰਜਾਬੀ ਜਗਤ ਉਨ੍ਹਾਂ ਦੀਆਂ ਰਚਨਾਵਾਂ ਨੂੰ ਮਾਣ ਸਕੇ।

ਭਾਈ ਵੀਰ ਸਿੰਘ ਚੇਅਰ ਦੇ ਇੰਚਾਰਜ ਡਾ. ਹਰਜੋਧ ਸਿੰਘ ਨੇ ਦੱਸਿਆ ਕਿ ਇਸ ਕਾਨਫ਼ਰੰਸ ਦੇ ਇੱਕ ਹਿੱਸੇ ਵਜੋਂ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਉੱਤੇ ਅਧਾਰਰਿਤ ਕਲਾ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ। ਸਰਦਾਰ ਸੋਭਾ ਸਿੰਘ ਕੋਮਲ ਕਲਾਵਾਂ ਵਿਭਾਗ ਵੱਲੋਂ ਅਜਾਇਬ ਘਰ ਅਤੇ ਕਲਾ ਗੈਲਰੀ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਇਸ ਪ੍ਰਦਰਸ਼ਨੀ ਦਾ ਉਦਘਾਟਨ 15 ਫ਼ਰਵਰੀ 2023 ਨੂੰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਕਰਨਗੇ। ਫ਼ੋਟੋ ਆਰਟਿਸਟ ਅਤੇ ਸਮਾਜ ਸੇਵੀ ਰਣਜੋਧ ਸਿੰਘ ਇਸ ਮੌਕੇ ਮੁੱਖ ਮਹਿਮਾਨ ਹੋਣਗੇ। ਇਹ ਪ੍ਰਦਰਸ਼ਨੀ 28 ਫਰਵਰੀ ਤੱਕ ਜਾਰੀ ਰਹੇਗੀ।