ਮੇਰਠ ਦਾ ਵਸਨੀਕ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਇਆ ਗਿਆ ਕਰੋਨਾ ਪਾਜੇਟਿਵ
ਸ੍ਰੀ ਮੁਕਤਸਰ ਸਾਹਿਬ 9 ਅਪ੍ਰੈਲ:
ਡਿਪਟੀ ਕਮਿਸਨਰ ਐਮ ਕੇ ਅਰਾਵਿੰਦ ਨੇ ਕੱਲ੍ਹ ਦੇਰ ਸ਼ਾਮ ਸ੍ਰੀ ਮੁਕਤਸਰ ਸਾਹਿਬ ਵਿੱਖੇ ਇੱਕ ਕਰੋਨਾ ਸ਼ੱਕੀ ਮਰੀਜ ਦੀ ਪਾਜੇਟਿਵ ਰਿਪੋਰਟ ਆਉਣ ਦੀ ਪੁਸ਼ਟੀ ਕੀਤੀ ਸੀ, ਜਿਸ ਸਬੰਧੀ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਵਿੱਚ ਪਾਏ ਗਏ ਪਹਿਲੇ ਪਾਜੇਟਿਵ ਮਰੀਜ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਇੱਕ ਹਫਤੇ ਤੋਂ ਹੀ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਹੈ। । ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਮਰੀਜ ਨੂੰ ਕਿਸੇ ਵੀ ਬਾਹਰੀ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਉਣ ਦਿੱਤਾ ਗਿਆ ਹੈ ਅਤੇ ਉਸ ਦੀ ਸਿਹਤ ਬਿਲਕੁਲ ਠੀਕ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਸ਼ਨਾਖਤ 18 ਸਾਲਾ ਮੇਰਠ ਵਾਸੀ ਮੁਹੰਮਦ ਸਮਸਾ ਵੱਜੋਂ ਹੋਈ ਹੈ। ਇਹ ਵਿਅਕਤੀ 18 ਮਾਰਚ ਨੂੰ 13 ਹੋਰ ਵਿਅਕਤੀਆਂ ਨਾਲ ਮੁਕਤਸਰ ਵਿਖੇ ਆਇਆ ਸੀ ਅਤੇ ਕਰਫਿਉ ਕਾਰਨ ਮਸਜਿਦ ਵਿੱਚ ਆ ਕੇ ਰਿਹਾ ਸੀ, ਜਦ ਕਿ ਇਸਦੇ ਦੱਸਣ ਮੁਤਾਬਿਕ ਇਸ ਵਿਅਕਤੀ ਨੇ ਅੱਗੇ ਕਿਤੇ ਹੋਰ ਜਾਣਾ ਸੀ, 1 4 ਅਪ੍ਰੈਲ ਨੂੰ 16 ਵਿਅਕਤੀਆਂ ਦੇ ਕਰੋਨਾ ਸਬੰਧੀ ਸੈਂਪਲ ਲਏ ਗਏ ਸਨ, ਜਿਨ੍ਹਾਂ ਦਾ 6 ਅਪ੍ਰੈਲ ਨੂੰ ਸਵੇਰੇ ਸਮੇਂ ਰਿਜ਼ਲਟ ਆ ਗਿਆ ਸੀ, ਜਿਸ ਵਿੱਚ 13 ਸੈਂਪਲ ਨੈਗੇਟਿਵ ਪਾਏ ਗਏ ਸਨ ਅਤੇ 3 ਵਿਅਕਤੀਆਂ ਦੇ ਸੈਂਪਲ 48 ਘੰਟੇ ਬਾਅਦ ਦੁਹਰਾਉਣ ਲਈ ਕਿਹਾ ਗਿਆ ਸੀ ਅਤੇ 6 ਅਪ੍ਰੈਲ ਨੂੰ ਸ਼ਾਮ ਨੂੰ ਦੁਬਾਰਾ ਇਨ੍ਹਾਂ ਦੇ ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 2 ਦੀ ਰਿਪੋਰਟ ਨੈਗੇਟਿਵ ਆ ਗਈ ਸੀ ਪਰ ਇੱਕ ਦਾ ਰਿਜ਼ਲਟ ਬਕਾਇਆ ਸੀ, ਜ਼ੋ ਬੀਤੀ ਦਿਨੀ ਦੇਰ ਸ਼ਾਮ ਡਿਪਟੀ ਕਮਿਸ਼ਨਰ ਰਿਜਲਟ ਪਾਜੇਟਿਵ ਘੋਸ਼ਿਤ ਕੀਤਾ ਗਿਆ।
ਪੁਲਿਸ ਵਿਭਾਗ ਵੱਲੋਂ ਸਬੰਧਿਤ ਏਰੀਏ ਨੂੰ ਸੀਲ ਕੀਤਾ ਗਿਆ ਹੈ। ਨਗਰ ਕੌਂਸਿਲ ਵੱਲੋਂ ਨਜ਼ਦੀਕੀ ਘਰਾਂ ਅਤੇ ਏਰੀਏ ਵਿੱਚ ਕੀਟਾਣੂ ਨਾਸ਼ਕ ਸਪਰੇਅ ਕੀਤੀ ਗਈ ਹੈ। ਇਸ ਸਬੰਧੀ ਜਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਬੰਧਿਤ ਏਰੀਏ ਦਾ ਕਨਟੇਨਮੈਂਟ ਪਲਾਨ ਲਾਗੂ ਕੀਤਾ ਗਿਆ ਹੈ, ਜਿਸ ਅਧੀਨ ਸਿਹਤ ਵਿਭਾਗ ਵੱਲੋਂ ਏਰੀਏ ਦਾ ਸਰਵੇਲੈਂਸ ਕਰਵਾਇਆ ਜਾ ਰਿਹਾ ਹੈ। ਜਿਸ ਅਧੀਨ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਿਹਤ ਵਿਭਾਗ ਦੇ ਸਟਾਫ਼ ਦੀ ਦਫ਼ਤਰ ਵਿਖੇ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਏਰੀਏ ਵਿੱਚ ਜਾ ਕੇ ਸਰਵੇ ਕਰਨ ਲਈ ਉਤਸ਼ਾਹਿਤ ਕੀਤਾ। ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ, 10 ਮਲਟੀਪਰਪਜ਼ ਹੈਲਥ ਵਰਕਰ (ਫੀਮੇਲ), ਇੱਕ ਮਲਟੀਪਰਪਜ ਹੈਲਥ ਵਰਕਰ (ਮੇਲ), 30 ਆਸ਼ਾ ਨੂੰ ਲਗਾਇਆ ਗਿਆ ਹੈ। ਸਿਹਤ ਵਿਭਾਗ ਵੱਲੋਂ ਪੂਰੀਆਂ ਸਾਵਧਾਨੀਆਂ ਵਰਤਦੇ ਹੋਏ ਸਰਵੇ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ, ਬਾਹਰੋਂ ਆਏ ਲੋਕਾਂ ਦੀ ਅਤੇ ਕਰੋਨਾ ਵਾਇਰਸ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਅਗਲੀ ਲੋੜੀਂਦੀ ਕਾਰਵਾਈ ਵੀ ਕੀਤੀ ਜਾਵੇਗੀ, ਤਾਂ ਜੋ ਹੋਰ ਲੋਕਾਂ ਨੂੰ ਇੰਫੈਕਸ਼ਨ ਹੋਣ ਤੋਂ ਬਚਾਇਆ ਜਾ ਸਕੇ।
ਉਹਨਾਂ ਦੱਸਿਆ ਕਿ ਇਸ ਮਰੀਜ਼ ਦਾ ਇਲਾਜ ਕਰੋਨਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਇਕਾਂਤਵਾਸ ਵਾਰਡ ਵਿੱਚ ਡਾਕਟਰਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਇਸ ਨੂੰ ਜਲਦ ਹੀ ਠੀਕ ਕਰ ਲਿਆ ਜਾਵੇਗਾ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਪ੍ਰਸ਼ਾਸਨ ਦਾ ਸਾਥ ਦੇਣ। ਉਹਨਾਂ ਦੱਸਿਆ ਕਿ ਸਥਿਤੀ ਪ੍ਰਸ਼ਾਸਨ ਦੇ ਪੂਰਨ ਰੂਪ ਵਿੱਚ ਨਿਯੰਤਰਨ ਵਿੱਚ ਹੈ।