ਰੂਪਨਗਰ ਸ਼ਹਿਰ ਦੇ ਮਸਲੇ ਹੱਲ ਕਰਨ ਦੀ ਮੰਗ
ਬਹਾਦਰਜੀਤ ਸਿੰਘ /ਰੂਪਨਗਰ,24 ਜਨਵਰੀ,2022
ਆਦਰਸ਼ ਨਗਰ ਵਿਕਾਸ ਕਮੇਟੀ ਦੇ ਮੈਂਬਰ ਅਜੀਤ ਪ੍ਰਦੇਸੀ, ਗੁਰਨਾਮ ਸਿੰਘ ਰਾਏ, ਗੁਰਜੰਟ ਸਿੰਘ ਭੱਟੀ, ਗੁਰਦੀਪ ਸਿੰਘ ਗਿੱਲ ਅਤੇ ਨਿਰਮਲ ਸਿੰਘ ਲੌਦੀ ਮਾਜਰਾ ਨੇ ਰੂਪਨਗਰ ਸ਼ਹਿਰ ਦੇ ਮਸਲੇ ਹੱਲ ਕਰਨ ਦੀ ਮੰਗ ਕੀਤੀ ਹੈ।
ਅੱਜ ਇਥੇ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਮੀਹਾਂ ਦੇ ਪਾਣੀ ਦਾ ਅਤੇ ਘਰਾਂ ਦੇ ਗੰਦੇ ਪਾਣੀ ਦੇ ਨਿਕਾਸ ਦਾ ਅੱਜ ਤੱਕ ਪੱਕਾ ਪ੍ਰਬੰਧ ਨਹੀਂ ਹੋ ਸਕਿਆ, ਭਾਵੇਂ ਕਿ ਕਈ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਪਰੰਤੂ ਅਜੇ ਤੱਕ ਪਾਣੀ ਦੇ ਨਿਕਾਸ ਦੇ ਠੋਸ ਪ੍ਰਬੰਧ ਦੀ ਉਮੀਦ ਨਜ਼ਰ ਨਹੀਂ ਆ ਰਹੀ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਗੰਦਗੀ ਦੇ ਢੇਰ ਆਮ ਵੇਖਣ ਨੂੰ ਮਿਲ ਰਹੇ ਹਨ।ਉਦੋਂ ਬਹੁਤ ਬੁਰਾ ਲਗਦਾ ਹੈ ਜਦੋਂ ਰੋਪੜ ਦਾ ਨਾਂਅ ਕਦੇ ਰੂਪਨਗਰ ਲੈਣਾ ਪੈ ਜਾਵੇ। ਉਨ੍ਹਾਂ ਪੁੱਛਿਆ ਕਿ ਕੀ ਰਾਜਨੀਤਕ ਪਾਰਟੀਆਂ ਇਸ ਮਸਲੇ ਬਾਰੇ ਫ਼ਿਕਰਮੰਦ ਹੋਣਗੀਆਂ?
ਉਨ੍ਹਾਂ ਕਿਹੱ ਕਿ ਬੇ-ਸਹਾਰਾ ਪਸ਼ੂ, ਕੁੱਤੇ ਬਿੱਲੇ, ਗਧੇ ਘੋੜੇ ਆਦਿ ਦੀ ਸਮੱਸਿਆ ਬਹੁਤ ਗੰਭੀਰ ਹੈ ਅਤੇ ਬਹੁਤ ਸਾਲਾਂ ਤੋਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਵੀ ਗੰਭੀਰ ਹੈ,ਜਿਸ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਰਲ ਮਿਲ ਕੇ ਇਸ ਬਾਰੇ ਸੋਚਣ ਅਤੇ ਰਣਨੀਤੀ ਤਿਆਰ ਕਰਨ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਸਾਂਝਾ ਪਲੇਟਫਾਰਮ ਬਣਾਉਣ ਦੀ ਅਪੀਲ ਕੀਤੀ।