ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਵੱਲੋਂ 22 ਤੋਂ 26 ਨਵੰਬਰ 2022 ਤਕ ਜਸ਼ਨ ਸਮਾਗਮ ਕੀਤੇ ਜਾ ਰਹੇ
ਪਟਿਆਲਾ /21 ਨਵੰਬਰ, 2022
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਮਿਤੀ 22 ਨਵੰਬਰ 2022 ਤੋਂ 26 ਨਵੰਬਰ 2022 ਤਕ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਜਸ਼ਨ ਸਮਾਗਮ ਕੀਤੇ ਜਾ ਰਹੇ ਹਨ ਜਿਸ ਅਧੀਨ ਅੰਤਰ ਰਾਸ਼ਟਰੀ ਕਾਨਫਰੰਸ, ਪੁਸਤਕ ਮੇਲਾ,ਪੇਂਟਿੰਗ ਪ੍ਰਦਰਸ਼ਨੀ, ਹੀਰ ਗਾਇਨ, ਨਾਟਕ ਅਤੇ ਸਾਹਿਤ ਉਤਸਵ ਕੀਤਾ ਜਾ ਰਿਹਾ ਹੈ। ਇਸ ਸਾਹਿਤ ਉਤਸਵ ਵਿਚ ਲੇਖਿਕਾਂ ਦੇ ਰੂ–ਬ–ਰੂ ਅਤੇ ਸਮਕਾਲੀ ਸਮੱਸਿਆਵਾਂ ‘ਤੇ ਵਿਚਾਰ ਚਰਚਾਵਾਂ ਹੋਣਗੀਆਂ
ਇਸ ਅੰਤਰ ਰਾਸ਼ਟਰੀ ਕਾਨਫਰੰਸ ਵਿਚ ਮੁੱਖ ਸੁਰ ਭਾਸ਼ਨ ਸਵਰਾਜਬੀਰ, ਵਿਸ਼ੇਸ਼ ਭਾਸ਼ਨ ਈਸ਼ਵਰ ਦਿਆਲ ਗੌੜ ਅਤੇ ਮੁੱਖ ਮਹਿਮਾਨ ਸੁਰਜੀਤ ਪਾਤਰ ਜੀ ਹੋਣਗੇ। ਇਸ ਮੌਕੇ ਤੇ ਨਬੀਲਾ ਰਹਿਮਾਨ ਅਤੇ ਗੁਰਵਿੰਦਰ ਸਿੰਘ ਧਮੀਜਾ ਵਿਸ਼ੇਸ਼ ਮਹਿਮਾਨ ਹੋਣਗੇ। ਦੋ ਦਿਨ ਚੱਲਣ ਵਾਲੀ ਇਸ ਕਾਨਫਰੰਸ ਵਿਚ ਪੈਨਲ ਡਿਸਕਸ਼ਨ ਤੋਂ ਇਲਾਵਾ 40 ਦੇ ਕਰੀਬ ਦੇਸ਼ਾਂ ਵਿਦੇਸ਼ਾਂ ਤੋਂ ਆਏ ਵਿਦਵਾਨਾਂ ਵੱਲੋਂ ਖੋਜ–ਪੱਤਰ ਪੇਸ਼ ਕੀਤੇ ਜਾਣਗੇ। ਇਸ ਕਾਨਫਰੰਸ ਦੇ ਵਿਦਾਇਗੀ ਭਾਸ਼ਨ ਵਿਚ ਸੁਮੇਲ ਸਿੰਘ ਸਿੱਧੂ ਅਤੇ ਮੁੱਖ ਮਹਿਮਾਨ ਕੰਵਰ ਗਰੇਵਾਲ ਹੋਣਗੇ।
22 ਅਤੇ 23 ਨਵੰਬਰ ਦੀ ਸ਼ਾਮ ਨੂੰ ਦਵਿੰਦਰ ਦਮਨ ਵੱਲੋਂ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ ਥੀਏਟਰ ਐਂਡ ਟੈਲੀਵਿਜ਼ਨ ਵਿਭਾਗ ਵੱਲੋਂ ਪੇਸ਼ ਕੀਤਾ ਜਾਵੇਗਾ। ਇਹ ਨਾਟਕ ਇਕ ਪਾਸੇ ਵਾਰਿਸ ਸ਼ਾਹ ਦੇ ਕਿੱਸੇ ਦੀ ਕਹਾਣੀ ਦਾ ਨਾਟਕੀ ਰੂਪਾਂਤਰਣ ਹੈ। ਨਾਲ ਦੀ ਨਾਲ ਹੀ ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ ਰਾਹੀਂ ਪੁਨਰ–ਪੜਚੋਲ ਵੀ ਹੈ।
ਇਸ ਮੌਕੇ ਤੇ ਵਾਰਿਸ ਸ਼ਾਹ ਅਤੇ ਹੀਰ ਰਾਂਝੇ ਨਾਲ ਸਬੰਧਤ ਪੇਂਟਿੰਗ ਪ੍ਰਦਰਸ਼ਨੀ ਵੀ ਹੋਵੇਗੀ। 24 ਨਵੰਬਰ ਦੀ ਸ਼ਾਮ ਨੂੰ ਇਕ ਸੰਗੀਤਕ ਸ਼ਾਮ ਹੋਵੇਗੀ ਜਿਸ ਵਿਚ ਹੀਰ ਰਾਂਝੇ ਦੇ ਕਿੱਸੇ ਦੀ ਸੰਗੀਤਕ ਪੇਸ਼ਕਾਰੀ ਹੋਵੇਗੀ। ਇਸੇ ਪ੍ਰਕਾਰ 25 ਨਵੰਬਰ ਦੀ ਸ਼ਾਮ ਨੂੰ ਵੀ ਹੀਰ ਗਾਇਨ ਹੋਵੇਗਾ। ਪੁਸਤਕ ਪ੍ਰਦਰਸ਼ਨੀ ਵਿਚ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਪ੍ਰਕਾਸ਼ਕ ਹਿੱਸਾ ਲੈ ਰਹੇ ਹਨ। ਪੁਸਤਕ ਮੇਲੇ ਦੌਰਾਨ ਚੱਲਣ ਵਾਲੇ ਸਾਹਿਤ ਉਤਸਵ ਵਿਚ ਅਨੁਰਾਧਾ ਬੇਨੀਵਾਲ, ਡਾ.ਗੁਰਬਚਨ ਅਤੇ ਕਹਾਣੀਕਾਰ ਸੁਖਜੀਤ ਨਾਲ ਰੂਬਰੂ ਹੋਵੇਗਾ। ਸਾਹਿਤ ਉਤਸਵ ਦੀਆਂ ਬੈਠਕਾਂ ਵਿਚ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਗਿਆਨ ਸਿੰਘ, ਹਮੀਰ ਸਿੰਘ, ਜਸਵੀਰ ਮੰਡ, ਅਮਰਜੀਤ ਗਰੇਵਾਲ, ਗੁਰਪ੍ਰੀਤ ਤੂਰ, ਸ਼ਿਕੰਦਰ ਸਿੰਘ,ਕੁਲਦੀਪ ਸਿੰਘ, ਸ਼ਮੀਲ ਵਿਚਾਰ ਕਰਨਗੇ। ਔਰਤਾਂ ਦੇ ਪਰਵਾਸ ਬਾਰੇ ਧਨਵੰਤ ਕੌਰ, ਚਰਨਜੀਤ ਕੌਰ ਅਤੇ ਜਸਪ੍ਰੀਤ ਕੌਰ ਵਿਚਾਰ ਚਰਚਾ ਕਰਨਗੇ। ਪੰਜਾਬ ਦੇ ਪਾਪੂਲਰ ਕਲਚਰ ਬਾਰੇ ਅਮਿਤੋਜ ਮਾਨ, ਜਗਦੀਪ ਵੜਿੰਗ, ਅਮਰਦੀਪ ਗਿੱਲ, ਜਸ ਗਰੇਵਾਲ ਵਿਚਾਰ ਚਰਚਾ ਕਰਨਗੇ। ਇਸੇ ਪ੍ਰਕਾਰ ਅਨੁਵਾਦ ਬਾਰੇ ਜੰਗ ਬਹਾਦਰ ਗੋਇਲ, ਰਾਜੇਸ਼ ਸ਼ਰਮਾਂ ਅਤੇ ਬਲਰਾਮ ਆਪਣੇ ਅਨੁਭਵ ਸਾਂਝੇ ਕਰਨਗੇ। ਅਖੀਰ ਵਿਚ ਕਵੀ ਦਰਬਾਰ ਹੋਵੇਗਾ।ਗੁਰਪ੍ਰੀਤ ਮਾਨਸਾ, ਬਲਕਾਰ ਔਲਖ, ਹਰ ਮਨ, ਤਨਵੀਰ, ਜਸਪ੍ਰੀਤ ਬੈਂਸ ਜਗਦੀਪ, ਤਲਵਿੰਦਰ ਸ਼ੇਰਗਿੱਲ, ਰਣਜੀਤ ਸਰਾਂਵਾਲੀ, ਕਮਲ, ਸੁਖਦੀਪ ਔਜਲਾ, ਜਗਦੀਪ ਜਵਾਹਰਕੇ,ਕਮਲ ਬਾਲਦ ਕਲਾਂ ਅਤੇ ਗੁਰਸੇਵਕ ਲੰਬੀ ਭਾਗ ਲੈਣਗੇ।