ਵਿਧਾਇਕ ਦਿਨੇਸ਼ ਚੱਢਾ ਵੱਲੋਂ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਸਟੇਸ਼ਨ ‘ਤੇ 24 ਘੰਟੇ ਤਾਇਨਾਤੀ ਯਕੀਨੀ ਬਣਾਉਣ ਦੀ ਹਦਾਇਤ
ਬਹਾਦਰਜੀਤ ਸਿੰਘ / ਰੂਪਨਗਰ, 8 ਫਰਵਰੀ,2023
ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜਮਾਂ ਨੂੰ ਸਟੇਸ਼ਨ ਉੱਤੇ 24 ਘੰਟੇ ਤਾਇਨਾਤੀ ਨੂੰ ਯਕੀਨੀ ਬਣਾਉਣ ਲਈ ਹਦਾਇਤ ਜਾਰੀ ਕੀਤੀ ਹੈ।
ਹਲਕਾ ਵਿਧਾਇਕ ਵੱਲੋਂ ਜ਼ਿਲ੍ਹੇ ਦੇ ਨਾਲ ਸਬੰਧਿਤ ਸਾਰੇ ਅਧਿਕਾਰੀ ਅਤੇ ਮੁਲਾਜਮਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਸਰਕਾਰੀ ਨਿਯਮਾਂ ਦੇ ਅਨੁਸਾਰ ਆਪਣਾ ਸਟੇਸ਼ਨ ਸਬੰਧਿਤ ਵਿਭਾਗ ਤੋਂ ਅਗੇਤੀ ਪ੍ਰਵਾਨਗੀ ਲਏ ਬਿਨਾਂ ਸਟੇਸ਼ਨ ਨਾ ਛੱਡਣ ਅਤੇ ਆਪਣੀ ਹਾਜ਼ਰੀ ਆਪਣੇ ਸਟੇਸ਼ਨ ਤੇ 24 ਘੰਟੇ ਯਕੀਨੀ ਬਣਾਉਣ ਤਾਂ ਜੋ ਹਲਕੇ ਦੇ ਲੋਕਾਂ ਦੀ ਸੁਵਿਧਾ ਵਿੱਚ ਅਧਿਕਾਰੀ ਹਰ ਸਮੇਂ ਹਾਜ਼ਿਰ ਰਹਿ ਸਕਣ।
ਐਡਵੋਕੇਟ ਦਿਨੇਸ਼ ਚੱਢਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਆਮ ਲੋਕਾਂ ਨੂੰ ਮਿਆਰੀ ਸਹੂਲਤਾਂ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਵਚਨਬੱਧ ਹੈ। ਇਸ ਦੇ ਲਈ ਮੁੱਖ ਮੰਤਰੀ, ਸਮੂਹ ਮੰਤਰੀ ਮੰਡਲ ਤੋਂ ਇਲਾਵਾ ਹਰੇਕ ਹਲਕੇ ਦੇ ਐਮ.ਐਲ.ਏ. ਲੋਕਾਂ ਵਿੱਚ ਰਹਿ ਕੇ ਆਪਣੇ ਹਲਕੇ ਵਿੱਚ ਵਿਚਰਦੇ ਹੋਏ ਲਗਾਤਰ 24 ਘੰਟੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਲਈ ਅਸੀਂ ਸਾਰੇ ਮਿਲ ਕੇ ਹੰਭਲਾ ਮਾਰੀਏ ਤਾਂ ਜੋਂ ਸੂਬੇ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰੀ ਆਪਣੇ ਸਟੇਸ਼ਨ ਤੇ ਹਾਜ਼ਰ ਰਹਿਣਗੇ ਤਾਂ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਉਹ ਲੋਕਾਂ ਦੇ ਵਿੱਚ ਰਹਿ ਹਰ ਸਮੇਂ ਉਨ੍ਹਾਂ ਦੀ ਸੇਵਾ ਕਰਨਗੇ।