ਸ਼੍ਰੋ੍ਮਣੀ ਕਮੇਟੀ ਨੇ ਰੂਪਨਗਰ ਦੇ ਗੁਰਦੁਆਰਾ ਭੱਠਾ ਸਾਹਿਬ ਦੇ ਸਾਹਮਣੇ ਰਸਤਾ ਖੋਲ੍ਹੱਣ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਿਆ
ਬਹਾਦਰਜੀਤ/ਰੂਪਨਗਰ, 4 ਜਨਵਰੀ 2023
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਭੱਠਾ ਸਾਹਿਬ ਰੂਪਨਗਰ ਦੇ ਸਾਹਮਣੇ ਸੜਕ ਦੇ ਨਿਰਮਾਣ ਵੇਲੇ ਰਸਤੇ ਨੂੰ ਐਨ ਐਚ ਏ ਆਈ ਵੱਲੋਂ ਬਲਾਕ ਕੀਤੇ ਜਾਣ ਦਾ ਮਾਮਲਾ ਚੁੱਕਦਿਆਂ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਵੇਖਦਿਆਂ ਗੁਰਦੁਆਰ ਸਾਹਿਬ ਦੇ ਸਾਹਮਣੇ ਦੇ ਰਸਤੇ ਨੂੰ ਖੁੱਲ੍ਹਾ ਰੱਖਣ ਵਾਸਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ।
ਕੇਂਦਰੀ ਟਰਾਂਸਪੋਰਟ ਮੰਤਰੀ ਦੇ ਨਾਂ ਲਿਖੇ ਪੱਤਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰੂਪਨਗਰ ਦਾ ਗੁਰਦੁਆਰਾ ਭੱਠਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਨਾਲ ਜੁੜਿਆ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜਿਥੇ ਸੰਗਤਾਂ ਹੋਲੇ ਮਹੱਲੇ ਅਤੇ ਹੋਰ ਅਹਿਮ ਦਿਨਾਂ ’ਤੇ ਨਤਮਸਤਕ ਹੁੰਦੀਆਂ ਹਨ।
ਉਹਨਾਂ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਮਾਰਗ ਜੋ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਤੋਂ ਲੈ ਕੇ ਸ੍ਰੀ ਨਾਂਦੇੜ ਸਾਹਿਬ ਤੱਕ ਜਾਂਦੇ ਰਾਹ ਦਾ ਹਿੱਸਾ ਹੈ ਜਿਸ ’ਤੇ ਰੋਜ਼ਾਨਾਂ ਲੱਖਾਂ ਸ਼ਰਧਾਲੂ ਸਫਰ ਕਰਦੇ ਹਨ। ਉਹਨਾਂ ਕੇਂਦਰ ਸਰਕਾਰ ਨੁੰ ਅਪੀਲ ਕੀਤੀ ਕਿ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਮਹੱਤਤਾ ਨੂੰ ਵੇਖਦਿਆਂ ਇਸ ਗੁਰਧਾਮ ਦੇ ਰਾਹ ਵਿਚ ਅੜਿਕਾ ਬਣਨ ਵਾਲੇ ਪੁੱਲ ਦੀ ਉਸਾਰੀ ਉਸ ਹਿਸਾਬ ਨਾਲ ਕੀਤੀ ਜਾਵੇ ਤਾਂ ਜੋ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੀ ਸੰਗਤ ਦੇ ਰਾਹ ਵਿਚ ਰੁਕਾਵਟ ਨਾ ਬਣੇ।
ਇਸ ਮਾਮਲੇ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰੂਪਨਗਰ ਦੀਆਂ ਸੰਗਤਾਂ ਦੀ ਭਾਵਨਾ ਦੇ ਮੱਦੇਨਜ਼ਰ ਇਹ ਮਸਲਾ ਹੱਲ ਕੀਤਾ ਜਾਣਾ ਚਾਹੀਦਾਹੈ। ਉਹਨਾਂ ਕਿਹਾ ਕਿ ਇਹ ਬਹੁਤਹੀ ਭਾਵੁਕ ਤੇ ਗੰਭੀਰ ਮੁੱਦਾ ਹੈ ਜਿਸ ਵਾਸਤੇ ਸੰਗਤਾਂ ਬਹੁਤ ਸੰਜੀਦਗੀ ਨਾਲ ਕੰਮ ਕਰ ਰਹੀਆਂ ਹਨ ਤੇ ਕੇਂਦਰ ਸਰਕਾਰ ਨੂੰ ਅਪੀਲ ਕਰ ਰਹੀਆਂਹਨ ਕਿ ਇਹ ਮਸਲਾ ਸਥਾਨਕ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਹੱਲ ਕੀਤਾ ਜਾਵੇ। ਉਹਨਾਂ ਆਸ ਪ੍ਰਗਟ ਕੀਤੀ ਕਿ ਮਸਲਾ ਸਥਾਨਕ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਹੀ ਹੱਲ ਕਰ ਦਿੱਤਾ ਜਾਵੇਗਾ।