‘ਸੋਸ਼ਲ ਮੀਡੀਆ ਰਾਹੀਂ ਖ਼ਬਰ ਬਣਾ ਕੇ ਪਰੋਸੀ ਜਾ ਰਹੀ ਹਰੇਕ ਜਾਣਕਾਰੀ ਖ਼ਬਰ ਨਹੀਂ ਹੁੰਦੀ’- ਉੱਘੇ ਪੱਤਰਕਾਰ ਜਤਿਨ ਗਾਂਧੀ

153

‘ਸੋਸ਼ਲ ਮੀਡੀਆ ਰਾਹੀਂ ਖ਼ਬਰ ਬਣਾ ਕੇ ਪਰੋਸੀ ਜਾ ਰਹੀ ਹਰੇਕ ਜਾਣਕਾਰੀ ਖ਼ਬਰ ਨਹੀਂ ਹੁੰਦੀ’- ਉੱਘੇ ਪੱਤਰਕਾਰ ਜਤਿਨ ਗਾਂਧੀ

ਪਟਿਆਲਾ /ਅਕਤੂਬਰ 3,2022

‘ਸੋਸ਼ਲ ਮੀਡੀਆ ਰਾਹੀਂ ਖ਼ਬਰ ਬਣਾ ਕੇ ਪਰੋਸੀ ਜਾ ਰਹੀ ਹਰੇਕ ਜਾਣਕਾਰੀ ਖ਼ਬਰ ਨਹੀਂ ਹੁੰਦੀ। ਖ਼ਬਰ ਸਿਰਫ਼ ਉਹ ਹੁੰਦੀ ਹੈ ਜੋ ਕਿਸੇ ਪ੍ਰਮਾਣਿਤ ਸਰੋਤ ਤੋਂ ਨਸ਼ਰ ਹੋ ਰਹੀ ਹੋਵੇ। ਅਜਿਹੇ ਮੰਚਾਂ ਤੋਂ ਖ਼ਬਰਾਂ ਵੇਖਦਿਆਂ ਪੜ੍ਹਦਿਆਂ ਸਭ ਤੋਂ ਜ਼ਰੂਰੀ ਗੱਲ ਉਸ ਸੰਬੰਧਤ ਖ਼ਬਰ ਦੇ ਸਰੋਤ ਨੂੰ ਪਛਾਨਣ ਅਤੇ ਉਸ ਦਾ ਮੁਲਾਂਕਣ ਕਰਨ ਦੀ ਹੈ। ਇਹ ਲਾਜ਼ਮੀ ਵੇਖੋ ਕਿ ਸੰਬੰਧਤ ਜਾਣਕਾਰੀ ਦੇਣ ਵਾਲੇ ਨੂੰ ਉਸ ਗੱਲ ਦੀ ਕਿੰਨੀ ਕੁ ਮੁਹਾਰਤ ਹੈ।’

ਉੱਘੇ ਪੱਤਰਕਾਰ ਅਤੇ ਜਾਗਰਨ ਨਿਊਜ਼ ਮੀਡੀਆ ਦੇ ਕਾਰਜਕਾਰੀ ਨਿਰਦੇਸ਼ਕ ਜਤਿਨ ਗਾਂਧੀ ਵੱਲੋਂ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਪ੍ਰਗਟਾਏ।

ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.), ਪਟਿਆਲਾ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨ ਵਿਦ ਡਿਸੇਬਿਲਿਟੀਜ਼ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ‘ਸੂਚਨਾ ਵਿਕਾਰ ਅਤੇ ਲੋਕਤੰਤ ਦੇ ਹਵਾਲੇ ਨਾਲ ਗੱਲ ਕੀਤੀ ਗਈ।

ਈ. ਐੱਮ. ਆਰ. ਸੀ. ਡਾਇਰੈਕਟਰ ਦਲਜੀਤ ਅਮੀ ਵੱਲੋਂ ਉਨ੍ਹਾਂ ਨਾਲ਼ ਰਚਾਏ ਗਏ ਇਸ ਸੰਵਾਦ ਦੌਰਾਨ ਸੂਚਨਾਵਾਂ ਦੀ ਪ੍ਰਮਾਣਿਕਤਾ ਬਾਰੇ ਜਾਂਚ, ਗ਼ਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦਾ ਜਾਣ ਬੁੱਝ ਕੀਤਾ ਜਾਂਦਾ ਪਾਸਾਰ, ਅਫ਼ਵਾਹਾਂ, ਗੁੰਮਰਾਹਕੁੰਨ ਖ਼ਬਰਾਂ, ਮੀਡੀਆ ਏਜੰਸੀਆਂ ਉੱਪਰ ਪੈਂਦੇ ਫੰਡਿੰਗ ਸੰਬੰਧੀ ਦਬਾਅ ਦਾ ਖ਼ਬਰ/ਸੰਪਾਦਨ ਸਮੱਗਰੀ ਉੱਤੇ ਪੈਣ ਵਾਲੇ ਅਸਰ ਆਦਿ ਬਾਰੇ ਖੁੱਲ੍ਹ ਕੇ ਚਰਚਾ ਹੋਈ।

ਜਤਿਨ ਗਾਂਧੀ ਨੇ ਕਿਹਾ ਕਿ ਹੁਣ ਜਦੋਂ ਅਸੀਂ ਸੂਚਨਾ ਦੀ ਬੰਬਾਰੀ ਵਾਲ਼ੇ ਸਮੇਂ ਦੇ ਸਨਮੁਖ ਹਾਂ ਤਾਂ ਇਹ ਸਮਝ ਬਣਾਉਣਾ ਇੱਕ ਚੁਣੌਤੀ ਵਾਲਾ ਕੰਮ ਹੈ ਕਿ ਆਖਿਰ ਕਿਸ ਤਰ੍ਹਾਂ ਦੀ ਸੂਚਨਾ ਨੂੰ ਪ੍ਰਮਾਣਿਕ ਮੰਨ ਕੇ ਉਸ ਉੱਤੇ ਵਿਸ਼ਵਾਸ਼ ਕੀਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇ ਸਰੋਤ ਬਾਰੇ ਸਪਸ਼ਟ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰੇਕ ਸੂਚਨਾ ਲਈ ਉਸ ਸੰਬੰਧਤ ਸੂਚਨਾ ਦੇ ਮੁਹਾਰਤ ਵਾਲੇ ਸਰੋਤਾਂ ਉੱਤੇ ਹੀ ਨਿਰਭਰ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਅੱਜਕਲ੍ਹ ਤੇਜ਼ੀ ਨਾਲ਼ ਪ੍ਰਚੱਲਿਤ ਹੋ ਰਹੇ ਮੁਹਾਵਰੇ ‘ਫ਼ੇਕ ਨਿਊਜ਼’ ਭਾਵ ਝੂਠੀ ਖ਼ਬਰ ਬਾਰੇ ਵੀ ਸਪਸ਼ਟ ਹੋਣਾ ਚਾਹੀਦਾ ਹੈ। ਇਸ ਮੁਹਾਵਰੇ ਨੂੰ ਪ੍ਰਚਾਰਨ ਦਾ ਇੱਕ ਮਤਲਬ ਮੀਡੀਆ ਵਿੱਚ ਬੇਵਿਸ਼ਵਾਸ਼ੀ ਪੈਦਾ ਕਰਨਾ ਵੀ ਹੈ ਜੋ ਕਿ ਸੱਤਾ ਦੇ ਰਾਸ ਆਉਣ ਵਾਲੀ ਗੱਲ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੀਡੀਆ ਦੇ ਆਮਦਨ ਸਰੋਤਾਂ ਦੀ ਅਨੁਪਾਤ ਦੇ ਲਿਹਾਜ਼ ਨਾਲ਼ ਵੰਡ ਕਰੀਏ ਤਾਂ ਇਸ ਵਿੱਚ ਵੱਡਾ ਹਿੱਸਾ ਇਸ਼ਤਿਹਾਰਬਾਜ਼ੀ ਦੇ ਜ਼ਰੀਏ ਸਰਕਾਰ ਜਾਂ ਕਾਰਪੋਰੇਟ ਦਾ ਹੀ ਹੈ। ਵਰਤੋਂਕਾਰਾਂ ਦਾ ਹਿੱਸਾ ਨਿਗੂਣਾ ਜਿਹਾ ਹੀ ਹੈ। ਅਜਿਹੀ ਸਥਿਤੀ ਵਿੱਚ ਵਰਤੋਂਕਾਰਾਂ ਲਈ ਪ੍ਰਮਾਣਿਕ ਅਤੇ ਸ਼ੁੱਧ ਸੂਚਨਾ ਦਿੱਤੇ ਜਾਣ ਦੇ ਮਾਮਲੇ ਵਿੱਚ ਬਹੁਤ ਸਾਰੇ ਖ਼ਦਸ਼ੇ ਪੈਦਾ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਖ਼ਬਰ ਨੂੰ ਤੇਜ਼ੀ ਨਾਲ਼ ਜਾਂ ‘ਸਭ ਤੋਂ ਪਹਿਲਾਂ’ ਲੈ ਕੇ ਆਉਣ ਦੀ ਹੋੜ ਵਿੱਚ ਖ਼ਬਰ ਦੀ ਪ੍ਰਮਾਣਿਤਕਤਾ ਨਾਲ਼਼ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। ਅੱਜ ਦੇ ਦੌਰ ਵਿੱਚ ਮੀਡੀਆ ਨਾਲ਼ ਜੁੜੇ ਸਭ ਲੋਕਾਂ ਦੀ ਜਿ਼ੰਮੇਵਾਰੀ ਬਹੁਤ ਵਧ ਗਈ ਹੈ।

ਇਸ ਮੌਕੇ ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨ ਵਿਦ ਡਿਸੇਬਿਲਿਟੀਜ਼ ਦੇ ਨਿਰਦੇਸ਼ਕ ਡਾ. ਕਿਰਨ ਵੀ ਹਾਜ਼ਰ ਰਹੇ। ਈ. ਐੱਮ. ਆਰ. ਸੀ. ਦੇ ਬਾਕੀ ਪ੍ਰੋਗਰਾਮਾਂ ਵਾਂਗ ਇਸ ਪ੍ਰੋਗਰਾਮ ਵਿੱਚ ਵੀ ਸੰਕੇਤ ਭਾਸ਼ਾ ਮਾਹਿਰ ਵੱਲੋਂ ਸਮੁੱਚੇ ਪ੍ਰੋਗਰਾਮ ਦਾ ਨਾਲ਼ੋਂ-ਨਾਲ ਤਰਜਮਾ ਕੀਤਾ ਗਿਆ ਜੋ ਕਿ ਰਵਿੰਦਰ ਕੌਰ ਨੇ ਕੀਤਾ। ਪੱਤਰਕਾਰੀ ਵਿਵਾਗ ਦੀ ਪ੍ਰੋ ਹੈਪੀ ਜੈਜੀ ਅਤੇ ਵਿਦਿਆਰਥੀਆਂ ਨੇ ਜਤਿਨ ਗਾਂਧੀ ਨਾਲ ਸੰਜੀਦਾ ਸੰਵਾਦ ਰਚਾਇਆ।