ਹਰ ਨਾਗਰਿਕ ਲਗਾਵੇ ਇੱਕ ਬੂਟਾ : ਡੀਐਫਓ ਵਿੱਦਿਆ ਸਾਗਰੀ

154

ਹਰ ਨਾਗਰਿਕ ਲਗਾਵੇ ਇੱਕ ਬੂਟਾ : ਡੀਐਫਓ ਵਿੱਦਿਆ ਸਾਗਰੀ

ਪਟਿਆਲਾ (21 ਸਿਤੰਬਰ,2022)

ਵਣ ਮੰਡਲ ਅਫ਼ਸਰ ਪਟਿਆਲਾ ਵਿੱਦਿਆ ਸਾਗਰੀ ਆਰ.ਯੂ., ਆਈਐਫ਼ਐਸ ਨੇ ਪਟਿਆਲਾ ਵਾਸੀਆਂ ਨੂੰ ਬੂਟੇ ਲਗਾਕੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ 22 ਸਤੰਬਰ ਤੋਂ 28 ਤੱਕ ਪਟਿਆਲਾ ਜਿਲਾ ਦਾ ਹਰ ਨਾਗਰਿਕ ਘੱਟੋ ਘੱਟ ਇੱਕ ਬੂਟਾ ਲਗਾਕੇ ਉਸਦਾ ਮਾਪਿਆਂ ਵਾਂਗ ਉਸਦਾ ਪਾਲਣ-ਪੋਸ਼ਣ ਅਤੇ ਸੁਰੱਖਿਆ ਕਰਨ ਦਾ ਪ੍ਰਣ ਲਵੇ।

ਡੀਐਫਓ ਵਿੱਦਿਆ ਸਾਗਰੀ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ, ਵਣ ਮੰਡਲ ਪਟਿਆਲਾ ਅਤੇ ਵਣ ਮੰਡਲ (ਵਿਸਥਾਰ) ਪਟਿਆਲਾ ਵੱਲੋਂ ਸਮੂਹ ਵਾਤਾਵਰਣ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਤਹਿਤ 22 ਸਤੰਬਰ ਤੋਂ 28 ਸਤੰਬਰ ਤੱਕ ਪੌਦਾਰੋਪਣ ਸਪਤਾਹ ਮਨਾਇਆ ਜਾ ਰਿਹਾ ਹੈ, ਜੋਕਿ ਵਿਸ਼ੇਸ਼ ਤੌਰ ਤੇ ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਵਸ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਬੂਟੇ ਲਗਾਕੇ ਜਿੱਥੇ ਅਸੀਂ ਵਾਤਾਵਰਣ ਦੀ ਖ਼ੁਸ਼ਹਾਲੀ ਵਿੱਚ ਯੋਗਦਾਨ ਪਾ ਸਕਦੇ ਹਾਂ ਉੱਥੇ ਹੀ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਅਤੇ ਯੋਗਦਾਨ ਦੇ ਮਹੱਤਵ ਬਾਰੇ ਨਵੀਂ ਪੀੜੀ ਨੂੰ ਵੀ ਜਾਗਰੂਕ ਕਰ ਸਕਾਂਗੇ। ਇਹੀ ਸ਼ਹੀਦ ਭਗਤ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਹਰ ਨਾਗਰਿਕ ਲਗਾਵੇ ਇੱਕ ਬੂਟਾ : ਡੀਐਫਓ ਵਿੱਦਿਆ ਸਾਗਰੀ

ਉਨ੍ਹਾਂ ਸਾਰੇ ਨਾਗਰਿਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੇ ਘਰਾਂ, ਗਲੀ-ਮੁਹੱਲਿਆਂ, ਮੋਟਰਾਂ, ਵਿੱਦਿਅਕ ਅਦਾਰਿਆਂ, ਧਾਰਮਿਕ ਸਥਾਨਾਂ ਅਤੇ ਹੋਰ ਸਾਂਝੀਆਂ ਥਾਂਵਾਂ ਤੇ ਬੂਟੇ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਣ ਵਿਭਾਗ ਦੀ ਆਈ ਹਰਿਆਲੀ ਮੋਬਾਇਲ ਐਪ ਰਾਹੀਂ ਮੁਫ਼ਤ ਬੂਟੇ ਪ੍ਰਾਪਤ ਕੀਤੇ ਜਾ ਸਕਦੇ ਹਨ। ਵਧੇਰੇ ਮਦਦ ਲਈ ਸੰਬੰਧਿਤ ਇਲਾਕੇ ਦੇ ਵਣ ਗਾਰਡ, ਬਲਾਕ ਅਫ਼ਸਰ ਅਤੇ ਰੇੰਜ ਅਫ਼ਸਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਬੂਟੇ ਲਗਾਉਣ ਬਾਰੇ ਤਕਨੀਕੀ ਜਾਣਕਾਰੀ ਲਈ ਵੀ ਵਣ ਵਿਭਾਗ ਦੇ ਸਟਾਫ਼ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ 22 ਸਿਤੰਬਰ ਨੂੰ ਵਣ ਮੰਡਲ (ਵਿਸਥਾਰ) ਪਟਿਆਲਾ ਦੇ ਦਫ਼ਤਰ ਵਿਖੇ ਸਮੂਹ ਵਾਤਾਵਰਣ ਸੇਵੀ ਸੰਸਥਾਵਾਂ ਦੀ ਮੀਟਿੰਗ ਬੁਲਾਈ ਗਈ ਹੈ। ਮੀਟਿੰਗ ਉਪਰੰਤ ਬੂਟਾ ਲਗਾਕੇ ਮੁਹਿੰਮ ਦਾ ਰਸਮੀ ਅਰੰਭ ਕੀਤਾ ਜਾਵੇਗਾ।