ਹੁਣ ਓਬਰਾਏ ਪਰਿਵਾਰ ਸਮੇਤ ਟਰੱਸਟ ਦੇ ਕੌਮੀ ਪ੍ਰਧਾਨ ਨੇ ਕੀਤੇ ਰਾਸ਼ਟਰਪਤੀ ਐਵਾਰਡ ਵਾਪਸ
12 ਦਸੰਬਰ –
ਸਿੰਘੂ ਸਰਹੱਦ ਤੇ ਕੇਂਦਰ ਸਰਕਾਰ ਨਾਲ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਮੱਥਾ ਲਾਈ ਬੈਠੇ ਕਿਸਾਨਾਂ- ਮਜ਼ਦੂਰਾਂ ਦੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕੌਮਾਂਤਰੀ ਪੱਧਰ ਦੇ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਸਵਾਲ ਕੀਤਾ ਕਿ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ।
ਜੈਕਾਰਿਆਂ ਦੀ ਗੂੰਜ ਵਿਚ ਇਕ ਹੋਰ ਐਲਾਨ ਕਰਦਿਆਂ ਡਾ. ਓਬਰਾਏ ਨੇ ਕਿਹਾ ਕਿ ਸੰਘਰਸ਼ਸ਼ੀਲ ਕਿਸਾਨਾਂ ਦੇ ਆਗੂਆਂ ਵੱਲੋਂ ਜੋ ਵੀ ਟਰੱਸਟ ਨੂੰ ਸੇਵਾ ਲਾਈ ਜਾਵੇਗੀ ਉਸ ਦੀ ਤੁਰੰਤ ਪੂਰਤੀ ਕੀਤੀ ਜਾਵੇਗੀ। ਇਸ ਦੌਰਾਨ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਜਿੱਥੇ ਆਪਣੇ ਸਵ.ਪਿਤਾ ਜੀ ਪ੍ਰੀਤਮ ਸਿੰਘ ਨੂੰ ਮਿਲਿਆ ਰਾਸ਼ਟਰਪਤੀ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਉੱਥੇ ਹੀ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਵੱਲੋਂ ਵੀ ਅਾਪਣਾ ਰਾਸ਼ਟਰਪਤੀ ਪੁਲਿਸ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ. ਉਬਰਾਏ ਦੀ ਯੋਗ ਸਰਪ੍ਰਸਤੀ ਹੇਠ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਡਾਕਟਰਾਂ ਦੀਆਂ ਟੀਮਾਂ ਲੋੜਵੰਦ ਕਿਸਾਨਾਂ ਦਾ ਇਲਾਜ ਕਰਨ ਤੋਂ ਇਲਾਵਾ ਵੱਡੇ ਪੱਧਰ ਤੇ ਮੁਫਤ ਦਵਾਈਆਂ ਵੰਡ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਟਰੱਸਟ ਵੱਲੋਂ ਮੋਰਚੇ ਦੌਰਾਨ ਚੱਲ ਰਹੇ ਲੰਗਰਾਂ ਅਤੇ ਨਿਹੰਗ ਸਿੰਘਾਂ ਦੇ ਘੋੜਿਆਂ ਲਈ ਰਾਸ਼ਨ,ਗਰਮ ਕੰਬਲ,ਜੈਕਟਾਂ,ਸਲੀਪਰ,ਤੌਲੀਏ ਅਾਦਿ ਵੰਡਣ ਦੀ ਸੇਵਾ ਵੀ ਨਿਰੰਤਰ ਜਾਰੀ ਹੈ।