ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਭਰ ਵਿੱਚ ਮਨਾਇਆ ਗਿਆ ਡੀ-ਵਾਰਮਿੰਗ ਡੇਅ : ਸਿਵਲ ਸਰਜਨ
ਫ਼ਤਹਿਗੜ੍ਹ ਸਾਹਿਬ, 10 ਫਰਵਰੀ :
ਸਿਹਤ ਵਿਭਾਗ ਵੱਲੋਂ ਪੇਟ ਦੇ ਕੀੜਿਆਂ ਤੋਂ ਮੁਕਤ ਕਰਵਾਉਣ ਲਈ ਰਾਸ਼ਟਰੀ ਮੁਕਤੀ ਦਿਵਸ ਮਨਾਇਆ ਗਿਆ ਜਿਸ ਤਹਿਤ ਜ਼ਿਲ੍ਰੇ ਭਰ ਵਿੱਚ ਡੀ-ਵਾਰਮਿੰਗ ਡੇਅ ਮਨਾਇਆ ਗਿਆ। ਇਸ ਮੁਹਿੰਮ ਦੀ ਸ਼ੁਰੂਆਤ ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਸਰਕਾਰੀ ਐਲੀਮੈਂਟਰੀ ਸਕੂਲ ਹਮਾਊਂਪੁਰ ਸਰਹਿੰਦ, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸਰਹਿੰਦ ਮੰਡੀ, ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਬਸੀ ਰੋਡ ਸਰਹਿੰਦ ਵਿਖੇ ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖੁਆ ਕੇ ਕੀਤੀ। ਇਥੇ ਵਰਨਣਯੋਗ ਹੈ ਕਿ ਜ਼ਿਲ੍ਹੇ ਅੰਦਰ ਇਸ ਮੁਹਿੰਮ ਦੀ ਸੁਪਰਵੀਜਨ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਚੰਡੀਗੜ੍ਹ ਦੇ ਸਹਾਇਕ ਡਾਇਰੈਕਟਰ ਡਾ. ਜਸਕਿਰਨਦੀਪ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 01 ਸਾਲ ਤੋਂ 19 ਸਾਲ ਦੀ ਉਮਰ ਤੱਕ ਦੇ ਲਗਭਗ 1.50 ਲੱਖ ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖੁਆਉਣ ਦਾ ਟੀਚਾ ਮਿਥਿਆ ਗਿਆ ਹੈ। ਜਿਸ ਵਿੱਚ ਸਕੂਲਾਂ ਵਿੱਚ ਪੜ੍ਹਦੇ ਅਤੇ ਆਂਗਨਵਾੜੀ ਸੈਂਟਰਾਂ ਦੇ ਬੱਚੇ ਕਵਰ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਵੀ ਇਸ ਸਕੀਮ ਤਹਿਤ ਕਵਰ ਕੀਤਾ ਜਾਵੇਗਾ ਅਤੇ ਅੱਜ ਇਹ ਗੋਲੀਆਂ ਖਾਣ ਤੋਂ ਵਾਂਝੇ ਰਹੇ ਬੱਚਿਆਂ ਨੂੰ 17 ਫਰਵਰੀ ਨੂੰ ਮੋਪ ਅੱਪ ਰਾਊਂਡ ਤਹਿਤ ਕਵਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੇਟ ਦੇ ਕੀੜਿਆਂ ਨਾਲ ਬੱਚਿਆਂ ਵਿੱਚ ਕੁਪੋਸ਼ਣ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ, ਜਿਸ ਕਰਕੇ ਬੱਚੇ ਦੇ ਸੰਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਪਾਣੀ ਨਾਲ ਧੋਣਾ ਚਾਹੀਦਾ ਹੈ।
ਜ਼ਿਲ੍ਹਾ ਟੀਕਾਰਕਨ ਅਫਸਰ ਡਾ. ਪ੍ਰਸ਼ੋਤਮ ਦਾਸ ਨੇ ਦੱਸਿਆ ਕਿ 1 ਤੋਂ 2 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਅਲਬੈਂਡਾਜੋਲ ਸਿਰਪ ਅਤੇ 2 ਤੋਂ 19 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ 400 ਮਿਲੀਗ੍ਰਾਮ ਦੀ ਇੱਕ ਗੋਲੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸਕੂਲ ਹੈਲਥ ਮੈਡੀਕਲ ਅਫਸਰ ਡਾਂ ਨਵਨੀਤ ਕੌਰ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਅਲਬੈਂਡਾਜੋਲ ਗੋਲੀ ਸਾਲ ਵਿੱਚ 2 ਵਾਰ 01 ਤੋਂ 19 ਸਾਲ ਤੱਕ ਦੀ ਉਮਰ ਦੇ ਹਰੇਕ ਬੱਚੇ ਨੂੰ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਭਮਾਰਸੀ ਬੁਲੰਦ ਵਿਖੇ ਐਸ.ਐਮ.ਓ. ਡਾ. ਰਮਿੰਦਰ ਕੌਰ ਨੇ ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖੁਆ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੇ ਆਂਗਨਵਾੜੀਆਂ ਵਿੱਚ ਵੀ ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖੁਆਈਆਂ ਗਈਆਂ।
ਇਸ ਮੌਕੇ ਮੈਡੀਕਲ ਅਫਸਰ ਡਾ. ਸ਼ਿਲਪੀ ਮਹਿਤਾ, ਜ਼ਿਲ੍ਹਾ ਸਕੂਲ ਹੈਲਥ ਟੀਮ ਦੇ ਡਾ. ਰਮਨ ਜਿੰਦਲ, ਡਾ. ਰੀਤਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਹਰਪਾਲ ਸਿੰਘ ਸੋਢੀ, ਸਕੂਲ ਦੇ ਪ੍ਰਿੰਸੀਪਲ ਦਵਿੰਦਰ ਕੁਮਾਰ, ਸੀਨੀਅਰ ਸਿਟੀਜਨ ਕਲੱਬ ਦੇ ਸਮੂਹ ਆਹੁਦੇਦਾਰ ਵੀ ਹਾਜਰ ਸਨ।