ਆਮ ਸੈਲਾਨੀਆਂ ਵਾਸਤੇ ਖੋਲਿਆ ਦਾਸਤਾਨ-ਏ-ਸ਼ਹਾਦਤ; ਸੀਮਤ ਸੈਲਾਨੀ ਨੂੰ 11 ਗੈਲਰੀਆਂ ਦੇ ਕਰਵਾਏ ਜਾਣਗੇ ਦਰਸ਼ਨ
ਸ੍ਰੀ ਚਮਕੌਰ ਸਾਹਿਬ, 22 ਨਵੰਬਰ:
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੇ ਦਾਸਤਾਨ-ਏ-ਸ਼ਹਾਦਤ ਦੇ ਉਦਘਾਟਨ ਤੋਂ ਬਾਅਦ ਅੱਜ ਸੋਮਵਾਰ 22 ਨਵੰਬਰ ਤੋਂ ਆਮ ਸੈਲਾਨੀਆਂ ਦੇ ਲਈ ਅਤਿ ਆਧੁਨਿਕ ਤਕਨੀਕਾਂ ਦੇ ਨਾਲ ਤਿਆਰ ਕੀਤਾ ਗਿਆ ਦਾਸਤਾਨ-ਏ-ਸ਼ਹਾਦਤ ਆਮ ਸੈਲਾਨੀਆਂ ਦੇ ਲਈ ਖੋਲ ਦਿੱਤਾ ਜਾਵੇਗਾ।
ਇਸ ਸਬੰਧੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਮੁੱਖ ਮੰਤਰੀ ਜੀ ਦੀਆਂ ਹਿਦਾਇਤਾਂ ਅਨੁਸਾਰ ਵਿਸ਼ੇਸ਼ ਮੁੱਖ ਸਕੱਤਰ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਸੰਜੈ ਕੁਮਾਰ ਅਤੇ ਡਾਇਰੈਕਟਰ ਕੰਵਲਪ੍ਰੀਤ ਕੌਰ ਬਰਾੜ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੋਮਵਾਰ ਸਵੇਰੇ 10 ਵਜੇ ਤੋਂ ਦਾਸਤਾਨ-ਏ-ਸ਼ਹਾਦਤ ਨੂੰ ਆਮ ਸੈਲਾਨੀਆਂ ਦੇ ਲਈ ਖੋਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ 40—40 ਦੇ ਗਰੁਪੱਾਂ ਨੂੰ 11 ਗੈਲਰੀਆਂ ਵਿਖਾਈਆਂ ਜਾਣਗੀਆਂ।ਇੱਕ ਸਮੇਂ ਵਿੱਚ ਦਾਸਤਾਨ-ਏ-ਸ਼ਹਾਦਤ ਨੂੰ 440 ਸੈਲਾਨੀ ਵੇਖ ਸਕਣਗੇ।
ਦੱਸਣਯੋਗ ਹੈ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਤਿਆਰ ਕੀਤੇ ਗਏ ਦਾਸਤਾਨ-ਏ-ਸ਼ਹਾਦਤ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਣੇ ਵਿਰਾਸਤ-ਏ-ਖਾਲਸਾ ਦੇ ਨਾਲ ਮਿਲਾ ਕੇ ਵੇਖਿਆ ਜਾ ਰਿਹਾ ਹੈ ਤੇ ਉਮੀਦ ਹੈ ਕਿ ਇਸ ਵਿਸ਼ਾਲ ਮਿਊਜ਼ੀਅਮ ਦੇ ਬਣਨ ਤੋਂ ਬਾਅਦ ਇਤਿਹਾਸਿਕ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਦਰਸ਼ਨਾਰਥੀਆਂ ਦੀ ਆਮਦ ਵਿੱਚ ਚੋਖਾ ਵਾਧਾ ਹੋਵੇਗਾ। ਜੋ ਕਿ ਸਥਾਨਕ ਲੋਕਾਂ ਲਈ ਵਪਾਰਕ ਵਸੀਲੇ ਵੀ ਪੈਦਾ ਕਰੇਗਾ।