ਤੰਦਰੁਸਤ ਪੰਜਾਬ ਮਿਸ਼ਨ ਤਹਿਤ ਯੂ.ਡੀ.ਆਈ.ਡੀ. ਕਾਰਡ ਬਣਾਉਣ ਦੀ ਮੁਹਿੰਮ ਜਾਰੀ – ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ 15 ਦਸੰਬਰ
ਐਮ.ਕੇ. ਅਰਵਿੰਦ ਕੁਮਾਰ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਦਿਵਿਆਂਗ ਵਿਅਕਤੀਆਂ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਖਰੇ ਉਪਰਾਲੇ ਤਹਿਤ ਅਧਾਰ ਕਾਰਡ ਵਾਂਗ ਹੀ ਯੂਨੀਕ ਡਿਸਇਬਲਟੀ ਪਛਾਣ ਪੱਤਰ ਬਣਾਏ ਜਾ ਰਹੇ ਹਨ ।
ਇਹਨਾਂ ਕਾਰਡਾਂ ਦੇ ਤਹਿਤ ਜਿਹਨਾਂ ਦਿਵਿਆਂਗ ਵਿਅਕਤੀਆਂ ਕੋਲ ਪਹਿਲਾਂ ਤੋਂ ਹੀ ਡਿਸਏਬਿਲਟੀ ਸਰਟੀਫਿਕੇਟ ਹਨ ਉਹਨਾਂ ਸਰਟੀਫਿਕੇਟਾਂ ਨੂੰ ਵੀ ਇੱਕ ਨਵੇਂ ਰੂਪ ਵਿੱਚ ਬਣਾਇਆ ਜਾ ਰਿਹਾ ਹੈ ਤਾਂ ਜੋ ਪਹਿਲਾਂ ਬਣੇ ਸਰਟੀਫਿਕੇਟਾਂ ਨੂੰ ਭਾਰਤ ਸਰਕਾਰ ਦੇ ਪੋਰਟਲ ਤੇ ਦਰਜ ਕੀਤਾ ਜਾ ਸਕੇ ।ਇਸ ਤੋਂ ਇਲਾਵਾ ਹੁਣ ਨਵੇਂ ਸਰਟੀਫਿਕੇਟ ਬਣਾਉਣ ਦੀ ਪ੍ਰਕ੍ਰਿਆ ਵੀ ਯੂ.ਡੀ.ਆਈ.ਡੀ. ਪੋਰਟਲ ਤੇ ਹੀ ਆਰੰਭ ਹੋ ਚੁੱਕੀ ਹੈ, ਜਿਸ ਤਹਿਤ ਕੋਈ ਵੀ ਦਿਵਿਆਂਗ ਵਿਅਕਤੀ ਨਵਾਂ ਸਰਟੀਫਿਕੇਟ ਬਣਾਉਣ ਲਈ ਘਰ ਜਾਂ ਕਿਸੇ ਵੀ ਨੇੜੇ ਦੇ ਸੁਵਿਧਾ ਸੈਂਟਰ ਤੋਂ http://www.swavlambancard.gov.in/ ਤੇ ਅਪਲਾਈ ਕਰ ਸਕਦਾ ਹੈ, ਜਿਸ ਉਪਰੰਤ ਬਿਨੈਕਾਰ ਨੂੰ ਉਸਦੇ ਮੋਬਾਇਲ ਤੇ ਮੈਸਜ ਪ੍ਰਾਪਤ ਹੋ ਜਾਵੇਗਾ ਅਤੇ ਡਿਸੲਬਿਲਟੀ ਦੇ ਸਰਟੀਫਿਕੇਟ ਲਈ ਸਬੰਧਤ ਮਾਹਿਰ ਡਾਕਟਰ ਪਾਸ ਜਾਣ ਲਈ ਮੈਸਜ ਵੀ ਜਾਵੇਗਾ ਤਾਂ ਜੋ ਜਾਂਚ ਕਰਨ ਉਪਰੰਤ ਸਬੰਧਤ ਵਿਅਕਤੀ ਦੇ ਡਿਸਇਬਲਟੀ ਸਰਟੀਫਿਕੇਟ ਦੀ ਪ੍ਰਕ੍ਰਿਆ ਨੂੰ ਯੂ.ਡੀ.ਆਈ.ਡੀ. ਪੋਰਟਲ ਤੇ ਪੂਰਾ ਕੀਤਾ ਜਾ ਸਕੇ ।
ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਵੀਨ ਗਡਵਾਲ ਨੇ ਦੱਸਿਆ ਕਿ ਇਸ ਨਵੇਂ ਸਰਟੀਫਿਕੇਟ ਬਣਾਉਣ ਦੀ ਪ੍ਰਕ੍ਰਿਆ ਨਾਲ ਦਿਵਿਆਂਗਤਾ ਸਰਟੀਫਿਕੇਟ ਦੀ ਵੈਲੀਡਿਟੀ ਪੂਰੇ ਭਾਰਤ ਵਿੱਚ ਹੋ ਜਾਵੇਗੀ ਅਤੇ ਜੇਕਰ ਕੋਈ ਵਿਅਕਤੀ ਭਵਿੱਖ ਵਿੱਚ ਆਪਣਾ ਸਰਟੀਫਿਕੇਟ ਗੁੰਮ ਕਰ ਲੈਂਦਾ ਹੈ ਤਾਂ ਉਸਨੂੰ ਦੁਬਾਰਾ ਨਵਾਂ ਸਰਟੀਫਿਕੇਟ ਬਣਾਉਣ ਦੀ ਲੋੜ ਨਹੀਂ ਸਗੋਂ ਉਹ ਆਪਣਾ ਪੁਰਾਣਾ ਸਰਟੀਫਿਕੇਟ ਹੀ http://www.swavlambancard.gov.in/ ਤੋਂ ਪ੍ਰਾਪਤ ਕਰ ਸਕਦਾ ਹੈ ।ਇਸ ਪ੍ਰਕ੍ਰਿਆ ਤਹਿਤ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਹੁਣ ਤੱਕ ਪਹਿਲਾਂ ਹੀ 5034 ਕਾਰਡ ਬਣਾਏ ਜਾ ਚੁੱਕੇ ਹਨ ।ਇਸ ਸਬੰਧੀ ਦਿਵਿਆਂਗਜਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣਾ ਨਵਾਂ ਡਿਸਏਬਿਲਟੀ ਸਰਟੀਫਿਕੇਟ ਬਣਾਉਣ ਲਈ ਅਤੇ ਪਹਿਲਾਂ ਤੋਂ ਬਣੇ ਡਿਸਏਬਿਲਟੀ ਸਰਟੀਫਿਕੇਟ ਦਾ ਨਵੀਨੀਕਰਣ (ਯੂ.ਡੀ.ਆਈ.ਡੀ.) ਬਣਾਉਣ ਲਈ ਅਧਾਰ ਕਾਰਡ/ਵੋਟਰ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਪਣੇ ਪਿੰਡ ਦੀ ਆਂਗਣਵਾੜੀ ਵਰਕਰ ਨਾਲ ਤਾਲਮੇਲ ਕਰਕੇ ਆਪਣਾ ਸਰਟੀਫਿਕੇਟ/ਯੂ.ਡੀ.ਆਈ.ਡੀ. ਬਣਵਾਉਣ ਤਾਂ ਜੋ ਭਾਰਤ ਸਰਕਾਰ ਦੁਆਰਾ ਮਿੱਥੇ ਗਏ ਟੀਚੇ ਅਨੁਸਾਰ ਹਰ ਇੱਕ ਦਿਵਿਆਂਗ ਵਿਅਕਤੀ ਨੂੰ ਪੂਰੇ ਭਾਰਤ ਵਿੱਚ ਇੱਕ ਹੀ ਪਹਿਚਾਣ ਪੱਤਰ ਦੇ ਨਾਲ ਪਹਿਚਾਣਿਆ ਜਾ ਸਕੇ
ਹੋਰ ਵਧੇਰੇ ਜਾਣਕਾਰੀ ਲਈ ਸੀ.ਡੀ.ਪੀ.ਓ. ਦਫਤਰ/ਆਂਗਣਵਾੜੀ ਵਰਕਰ ਜਾਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਦੇ ਟੈਲੀਫੋਨ ਨੰਬਰ 01633-267852 ਤੇ ਸੰਪਰਕ ਕੀਤਾ ਜਾ ਸਕਦਾ ਹੈ ।