ਪਟਿਆਲਾ ਡੇਅਰੀ ਪ੍ਰਾਜੈਕਟ ਜ਼ਮੀਨ ਵਿੱਚ ਕਬਰਸਤਾਨ ;ਮਾਲ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਸੱਚਾਈ ਆਈ ਸਾਹਮਣੇ
ਪਟਿਆਲਾ 12 ਸਤੰਬਰ
ਸ਼ਹਿਰ ਵਾਸੀਆਂ ਦੀ ਸਹੂਲਤ ਲਈ, ਪਿੰਡ ਅਬਲੋਵਾਲ ਵਿੱਚ ਸਥਾਪਿਤ ਸ਼੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਕੰਮ ਮੁਕੰਮਲ ਹੋ ਗਿਆ ਹੈ। ਡੇਅਰੀਆਂ ਨੂੰ ਨਗਰ ਨਿਗਮ ਦੇ ਅਧਿਕਾਰ ਖੇਤਰ ਤੋਂ ਨਵੇਂ ਡੇਅਰੀ ਪ੍ਰਾਜੈਕਟ ਵਿੱਚ ਤਬਦੀਲ ਕਰਨ ਦੀ ਮਿਤੀ ਇਸ ਮਹੀਨੇ ਦੀ 30 ਸਤੰਬਰ ਹੈ। ਨਿਰਧਾਰਤ ਤਾਰੀਖ ਨੇੜੇ ਆਉਂਦੀ ਵੇਖ ਕੇ, ਕੁਝ ਡੇਅਰੀ ਮਾਲਕਾਂ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਡੇਅਰੀ ਨੂੰ ਬਦਲਣ ਤੋਂ ਰੋਕਣ ਲਈ ਪਿਛਲੇ ਸਮੇਂ ਵਿੱਚ ਦੋ ਵਾਰ ਮਾਣਯੋਗ ਅਦਾਲਤ ਤੱਕ ਪਹੁੰਚ ਕੀਤੀ। ਪਟਿਆਲਾ ਨਗਰ ਨਿਗਮ ਵਲੋਂ ਪੇਸ਼ ਕੀਤੇ ਸਬੂਤਾਂ ਅਤੇ ਦਲੀਲਾਂ ਦੇ ਅਧਾਰ ਤੇ, ਮਾਨਯੋਗ ਅਦਾਲਤ ਨੇ ਡੇਅਰੀ ਸੰਚਾਲਕਾਂ ਨੂੰ ਕੋਈ ਵੀ ਰਾਹਤ ਦੇਣ ਤੋਂ ਸਪੱਸ਼ਟ ਇਨਕਾਰ ਕਰਦੇ ਹੋਏ ਅਪੀਲ ਨੂੰ ਖਾਰਜ ਕਰ ਦਿੱਤਾ। ਹੁਣ ਡੇਅਰੀ ਮਾਲਕ ਡੇਅਰੀ ਪ੍ਰਾਜੈਕਟ ਦੀ ਜ਼ਮੀਨ ‘ਤੇ ਕਦੇ ਕਬਰਸਤਾਨ, ਸ਼ਮਸ਼ਾਨਘਾਟ ਅਤੇ ਕਦੇ ਹੱਡਾ ਰੂੜੀ ਹੌਣ ਦੇ ਦਾਵੇ ਕਰਕੇ ਆਪਣੇ ਨਿੱਜੀ ਹਿੱਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਡੇਅਰੀ ਮਾਲਕਾਂ ਨੇ ਆਪਣੇ ਵਕੀਲ ਰਾਹੀਂ 30 ਅਗਸਤ 2021 ਨੂੰ ਪਟਿਆਲਾ ਨਗਰ ਨਿਗਮ ਨੂੰ ਕਾਨੂੰਨੀ ਨੋਟਿਸ ਭੇਜਿਆ। ਇਸ ਦੇ ਜਵਾਬ ਵਿੱਚ, ਨਿਗਮ ਅਧਿਕਾਰੀਆਂ ਨੇ ਮਾਲੀਆ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਡੇਅਰੀ ਮਾਲਕਾਂ ਦੇ ਡੇਅਰੀ ਪ੍ਰੋਜੈਕਟ ਦੀ ਜ਼ਮੀਨ ਉੱਤੇ ਕਬਰਸਤਾਨ, ਸ਼ਮਸ਼ਾਨਘਾਟ ਜਾਂ ਹੱਡਾ ਰੂੜੀ ਹੋਣ ਦੇ ਸਾਰੇ ਦਾਵੇ ਸਿਰੇ ਤੋਂ ਝੂਠਲਾ ਦਿੱਤੇ ਹਨ। ਜਾਂਚ ਮਗਰੋਂ ਸਾਫ ਹੋ ਗਿਆ ਹੈ ਕਿ ਡੇਅਰੀ ਪ੍ਰੋਜੈਕਟ ਵਾਲੀ ਜਮੀਨ ਵਿੱਚ ਕਿਸੇ ਤਰਾਂ ਦੀ ਕੋਈ ਅਜਿਹੀ ਚੀਜ ਨਹੀਂ ਜੋ ਡੇਅਰੀ ਮਾਲਕਾਂ ਦੇ ਕਾਰੋਬਾਰ ਜਾਂ ਧਰਮ ਨੂੰ ਠੇਸ ਪਹੁੰਚਾਉਂਦੀ ਹੋਵੇ।
ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਕਹਿਣਾ ਹੈ ਕਿ ਡੇਅਰੀ ਕਾਰੋਬਾਰੀ ਆਪਣੀ ਡੇਰੀਆਂ ਦਾ ਗੋਬਰ ਸੀਵਰੇਜ ਲਾਇਨਾਂ ਵਿੱਚ ਸੁੱਟਦੇ ਆ ਰਹੇ ਹਨ। ਇਸੇ ਕਰਕੇ ਸ਼ਹਿਰ ਦੀਆਂ ਸੀਵਰੇਜ ਲਾਇਨਾਂ ਆਏ ਦਿਨ ਬੰਦ ਰਹਿਣ ਦੀ ਸ਼ਿਕਾਇਤਾਂ ਵਿੱਚ ਵਾਧਾ ਹੋ ਰਿਹਾ ਹੈ। ਬਰਸਾਤੀ ਦਿਨਾਂ ਵਿੱਚ ਸ਼ਹਿਰ ਦੇ ਅਨੇਕਾਂ ਇਲਾਕਿਆਂ ਵਿੱਚ ਹੜ ਵਰਗੇਂ ਹਲਾਤ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਉਹਨਾਂ ਕਿਹਾ ਕੁੱਝ ਡੇਅਰੀਆਂ ਕਰਕੇ ਸ਼ਹਿਰ ਦੀ ਪੰਜ ਲੱਖ ਅਬਾਦੀ ਦੀ ਪ੍ਰੇਸ਼ਾਨੀ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਡੇਅਰੀ ਮਾਲਕ ਸ਼ਹਿਰ ਦਾ ਮੁੱਖ ਹਿੱਸਾ ਹਨ ਅਤੇ ਉਹਨਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਅਬਲੋਵਾਲ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ ਨੂੰ ਕਰੋੜਾ ਰੂਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਲਗਭਗ 21 ਏਕੜ ਜ਼ਮੀਨ ਤੇ ਤਿਆਰ ਕੀਤੇ ਇਸ ਡੇਅਰੀ ਪ੍ਰੋਜੈਕਟ ਵਿੱਚ ਡੇਅਰੀ ਮਾਲਕਾਂ ਲਈ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਪਹਿਲੇ ਪੜਾਅ ਦੌਰਾਨ ਇਸ ਪ੍ਰੋਜੈਕਟ ਵਿੱਚ 134 ਪਲਾਟ ਰੱਖੇ ਗਏ ਹਨ, ਜੋ ਡੇਅਰੀ ਸੰਚਾਲਕਾਂ ਨੂੰ ਸਿਰਫ 3500 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਦਿੱਤੇ ਜਾਣੇ ਤੈਅ ਕੀਤੇ ਗਏ ਹਨ। ਇਸ ਤੋਂ ਇਲਾਵਾ, ਪਟਿਆਲਾ ਨਿਗਮ ਨੇ ਡੇਅਰੀ ਮਾਲਕਾਂ ਦੀ ਹਰ ਜਾਇਜ਼ ਮੰਗ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੇਅਰ ਅਨੁਸਾਰ ਜਿਵੇਂ ਹੀ ਡੇਅਰੀਆਂ ਨੂੰ ਸ਼ਿਫਟ ਕੀਤੇ ਜਾਣ ਦਾ ਸਮਾਂ ਨੇੜੇ ਆਉਣ ਲਗਾ ਹੈ ਡੇਅਰੀ ਮਾਲਕ ਸ਼ਫਟਿੰਗ ਦੇ ਕੰਮ ਨੂੰ ਰੋਕਣ ਲਈ ਵੱਖ-ਵੱਖ ਤਰਾਂ ਦੇ ਹਥਕੰਡੇ ਅਜਮਾਉਣ ਲੱਗ ਪਏ ਹਨ, ਜੋ ਕਿ ਪੂਰੀ ਤਰਾਂ ਗਲਤ ਹੈ। ਮੇਅਰ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਾਸੀਆਂ ਨੂੰ ਰਾਹਤ ਦਿੰਦੇ ਹੋਏ, ਮਾਣਯੋਗ ਅਦਾਲਤ ਨੇ ਡੇਅਰੀ ਮਾਲਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਮੇਅਰ ਨੇ ਡੇਅਰੀ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡੇਅਰੀ ਸ਼ਿਫਟਿੰਗ ਦੇ ਕੰਮ ਵਿੱਚ ਰੁਕਾਵਟ ਪੈਦਾ ਨਾਂ ਕਰਕੇ ਨਗਰ ਨਿਗਮ ਨੂੰ ਸਹਿਯੋਗ ਦੇ ਕੇ ਸ਼ਹਿਰ ਵਾਸੀਆਂ ਨੂੰ ਰਾਹਤ ਦਿੰਦਿਆਂ ਗੁਮਰਾਹ ਹੋਣ ਤੋਂ ਬਚਣ।
ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਦਾ ਕਹਿਣਾ ਹੈ ਕਿ ਹੁਣ ਤੱਕ 66 ਡੇਅਰੀ ਮਾਲਕ ਨਗਰ ਨਿਗਮ ਕੋਲੋਂ ਪਲਾਟ ਅਲਾਟਮੇਂਟ ਕਰਵਾ ਚੁੱਕੇ ਹਨ। ਬਾਕੀ ਡੇਅਰੀ ਮਾਲਕ ਨਿਗਮ ਕੋਲ ਪਲਾਟ ਲੈਣ ਲਈ ਆ ਰਹੇ ਹਨ। ਡੇਅਰੀ ਮਾਲਕਾਂ ਨੂੰ ਅਪੀਲ ਕਰਦਿਆਂ, ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਡੇਅਰੀ ਮਾਲਕਾਂ ਨੂੰ ਕਿਸੇ ਵੀ ਵਲੋਂ ਗੁੰਮਰਾਹ ਨਹੀਂ ਕੀਤਾ ਜਾਣਾ ਚਾਹੀਦਾ, ਬਲਕਿ ਨਿਰਧਾਰਤ ਸਮੇਂ ਦੇ ਅੰਦਰ ਡੇਅਰੀ ਪ੍ਰੋਜੈਕਟ ਸਾਈਟ ਸਥਾਪਤ ਕਰਨ ਵਿੱਚ ਨਿਗਮ ਦਾ ਸਹਿਯੋਗ ਕਰਨਾ ਚਾਹੀਦਾ ਹੈ।