ਪਰਮਜੀਤ ਕੌਰ ਸਰਹਿੰਦ ਦੀ ਪੁਸਤਕ “ਸੂਰਜ ਤੇ ਸ਼ਬਨਮ” ਨੌਰਵੇ ਦੇ ਪੰਜਾਬੀ ਪੱਤਰਕਾਰ ਭਾਈਚਾਰੇ ਤੇ ਪੰਜਾਬੀ ਪ੍ਰੇਮੀਆਂ ਵੱਲੋ ਲੋਕ ਅਰਪਣ
ਦਰਮਨ/ ਫ਼ਤਿਹਗੜ੍ਹ ਸਾਹਿਬ, 01 ਅਗਸਤ 2023
ਪੱਤਰਕਾਰ ਤੇ “ਦੇਸੀ ਨੌਰਵੇ” ਪੰਜਾਬੀ ਆਨਲਾਈਨ ਦੇ ਸੰਪਾਦਕ ਰੁਪਿੰਦਰ ਢਿੱਲੋਂ ਨੇ ਮੀਡੀਆ ਕਰਮੀਆਂ ਨਾਲ ਫ਼ੋਨ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਲੇਖਕਾ ਪਰਮਜੀਤ ਕੌਰ ਸਰਹਿੰਦ ਦਾ ਹਾਲ ਹੀ ਵਿੱਚ ਛਪਿਆ ਗ਼ਜ਼ਲ-ਸੰਗ੍ਰਹਿ ਦਰਮਨ (ਨੌਰਵੇ) ਵਿਖੇ ਪੱਤਰਕਾਰ ਭਾਈਚਾਰੇ ਤੇ ਪੰਜਾਬੀ ਪ੍ਰੇਮੀਆਂ ਵੱਲੋਂ ਭਰਵੇਂ ਇਕੱਠ ਵਿੱਚ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਪਰਮਜੀਤ ਕੌਰ ਸਰਹਿੰਦ ਦੇ ਜੀਵਨ ਦੀ ਜੱਦੋਜਹਿਦ ਤੇ ਸਾਹਿਤਕ ਘਾਲਣਾ ਦਾ ਜ਼ਿਕਰ ਕਰਦਿਆਂ ਢਿੱਲੋਂ ਨੇ ਦੱਸਿਆ ਕਿ ਬੀਬੀ ਪਰਮਜੀਤ ਕੌਰ ਨਾਲ਼ ਉਹਨਾਂ ਦੀ ਪਹਿਲੀ ਵਾਰ ਮੁਲਾਕਾਤ ਸਾਲ 2007 ਵਿੱਚ ਨੌਰਵੇ ਵਿਚ ਹੀ ਲੇਖਿਕਾ ਦੀ ਬੇਟੀ ਡਾ. ਮਨਦੀਪ ਕੌਰ ਦੇ ਘਰ ਹੋਈ। ਸੰਨ 2005 ਵਿੱਚ ਇਕਲੌਤੇ ਪੁੱਤਰ ਦੇ ਸਦੀਵੀ ਵਿਛੋੜੇ ਦਾ ਦਰਦ ਹੰਢਾਉਂਦੇ ਵੀ ਇਹ ਕਲਮ ਚਲਾ ਰਹੇ ਸਨ। ਇਸ ਪੁਸਤਕ ਤੋਂ ਪਹਿਲਾਂ ਵੀ ਸੰਨ 2011 ਵਿੱਚ ਇਨ੍ਹਾਂ ਦੀ ਪੁਸਤਕ “ਅੰਬਰ ਟੁਕੜੇ” ਵੀ ਦਰਮਨ ਵਿੱਚ ਹੀ ਰਿਲੀਜ਼ ਕੀਤੀ ਗਈ ਸੀ।
ਢਿੱਲੋਂ ਨੇ ਕਿਹਾ ਕਿ ਉਹਨਾਂ ਦੇ ਦੇਖਦਿਆਂ ਤਮਾਮ ਘਰੇਲੂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ਼ -ਨਾਲ਼ ਪਰਮਜੀਤ ਕੌਰ ਸਰਹਿੰਦ ਹੁਣ ਤੱਕ ਚੌਵੀ ਪੁਸਤਕਾਂ ਦੀ ਸਿਰਜਣਾ ਕਰ ਚੁੱਕੇ ਹਨ ਜੋ ਸਾਡੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ।
ਇਸ ਮੌਕੇ ਗੁਰਦੁਆਰਾ ਸ੍ਰੀ ਨਾਨਕ ਨਿਵਾਸ ਲੀਅਰ ਦੇ ਸਾਬਕਾ ਪ੍ਰਧਾਨ ਮਨਜੋਰ ਸਿੰਘ ਤੇ ਸਾਬਕਾ ਕਮੇਟੀ ਮੈਂਬਰ ਅਮਰਪ੍ਰੀਤ ਕੌਰ ਨੇ “ਸੂਰਜ ਤੇ ਸ਼ਬਨਮ” ਵਿਚਲੀਆਂ ਗ਼ਜ਼ਲਾਂ ਬਾਰੇ ਚਰਚਾ ਕੀਤੀ। ਮਨਜੋਰ ਸਿੰਘ ਨੇ ਕਿਹਾ ਇਨ੍ਹਾਂ ਵਿੱਚ ਸੱਚ ਦੀ ਸੂਰਜ ਵਰਗੀ ਰੌਸ਼ਨੀ ਤੇ ਤਪਸ਼ ਵੀ ਹੈ ਤੇ ਪ੍ਰੇਮ ਤੇ ਸਬਰ ਦਾ ਸ਼ਬਨਮ ਵਰਗਾ ਅਹਿਸਾਸ ਵੀ। “ਪੰਜਾਬ ਐਜੂਕੇਟ ਪ੍ਰੋਜੈਕਟ ਲੁਧਿਆਣਾ” ਤੋਂ ਆਏ ਨਾਮਵਰ ਕੀਰਤਨੀਏ ਸਿੰਘ ਤੇ ਟਰੱਸਟ ਦੇ ਨੁਮਾਇੰਦੇ ਭਾਈ ਰਮਨਦੀਪ ਸਿੰਘ, ਭਾਈ ਪਰਵਿੰਦਰ ਸਿੰਘ ਤੇ ਭਾਈ ਗੁਰਜੀਤ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸਿੱਖ ਇਤਿਹਾਸ ਬਾਰੇ ਲਿਖਣਾ ਬੀਬੀ ਦੀ ਕਰੜੀ ਘਾਲਣਾ ਦਾ ਸਬੂਤ ਹੈ।
ਇੰਗਲੈਂਡ ਤੋਂ ਪੁੱਜੇ ਗਿਆਨੀ ਸਵਿੰਦਰ ਸਿੰਘ ਮਸਤ (ਹੁਸ਼ਿਆਰਪੁਰ ਵਾਲ਼ੇ) ਕਥਾਵਾਚਕ ਨੇ ਕਿਹਾ ਬਾਕੀ ਸਿਰਜਣਾ ਤੋਂ ਇਲਾਵਾ ਪਰਮਜੀਤ ਕੌਰ ਸਰਹਿੰਦ ਨੇ ਜੋ “ਸਿਦਕਵਾਨ ਸਿੱਖ ਬੀਬੀਆਂ” ਪੁਸਤਕ ਦੀ ਸਿਰਜਣਾ ਕੀਤੀ ਹੈ ਉਹ ਬਹੁਤ ਵੱਡਾ ਉੱਦਮ ਹੈ।
ਪਰਮਜੀਤ ਕੌਰ ਸਰਹਿੰਦ ਨੇ ਮੋਹ ਭਰੇ ਸ਼ਬਦਾਂ ਨਾਲ਼ ਪੱਤਰਕਾਰਾਂ ਤੇ ਸਾਰੇ ਪੰਜਾਬੀ ਪ੍ਰੇਮੀਆਂ ਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬੀ ਪ੍ਰਤੀ ਉਹਨਾਂ ਦਾ ਪਰਦੇਸਾਂ ਵਿੱਚ ਵਸਦਿਆਂ ਦਾ ਪਿਆਰ-ਸਤਿਕਾਰ ਦੇਖ ਕੇ ਇਹ ਗੱਲ ਯਕੀਨੀ ਹੋ ਜਾਂਦੀ ਹੈ ਕਿ ਇਹ ਗੁਰੂਆਂ-ਪੀਰਾਂ ਫ਼ਕੀਰਾਂ ਦੀ ਵਰੋਸਾਈ ਪੰਜਾਬੀ ਬੋਲੀ ਸਦੈਵ ਕਾਲ ਤੱਕ ਜੀਵੰਤ ਅਤੇ ਬੁਲੰਦੀਆਂ ‘ਤੇ ਰਹੇਗੀ।
ਇਸੇ ਸਮਾਗਮ ਵਿੱਚ ਪਰਮਜੀਤ ਕੌਰ ਸਰਹਿੰਦ ਨੇ ਬਲਦੇਵ ਸਿੰਘ ਬੁੱਧ ਸਿੰਘ ਵਾਲ਼ਾ ਦਾ ਨਾਵਲ “ਨਾ ਜਾਹ ਬਰ੍ਹਮਾ ਨੂੰ” ਵੀ ਰਿਲੀਜ਼ ਕੀਤਾ ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਪਰਮਜੀਤ ਕੌਰ ਦੇ ਪਤੀ ਮੈਨੇਜਰ ਊਧਮ ਸਿੰਘ,ਦਾਮਾਦ ਅੰਮ੍ਰਿਤਪਾਲ ਸਿੰਘ ਮਿਉਂਸਪਲ ਕੌਂਸਲਰ ਤੇ ਇਨਕਮ ਟੈਕਸ ਕਮਿਸ਼ਨਰ, ਬੇਟੀ ਡਾ਼ ਮਨਦੀਪ ਕੌਰ,ਦੋਹਤਾ-ਦੋਹਤੀ ਪਾਹੁਲ ਸਿੰਘ ਤੇ ਰਿਦਮ ਕੌਰ ਉਨ੍ਹਾਂ ਨਾਲ਼ ਹਾਜ਼ਰ ਸਨ।ਉਨ੍ਹਾਂ ਦੀ ਵੱਡੀ ਬੇਟੀ ਡਾ. ਸਨਦੀਪ ਕੌਰ ਦੋਹਤਾ-ਦੋਹਤੀ ਗੁਰਅਨੂਪ ਸਿੰਘ ਤੇ ਅਵਿਨਾਸ਼ ਕੌਰ ਵਿਸ਼ੇਸ਼ ਤੌਰ ‘ਤੇ ਬ੍ਰਮਿੰਘਮ (ਇੰਗਲੈਂਡ) ਤੋਂ ਪਹੁੰਚੇ।
ਇਸ ਮੌਕੇ ਪੱਤਰਕਾਰ ਡਿੰਪਾ ਵਿਰਕ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਪਰਮਜੀਤ ਕੌਰ ਸਰਹਿੰਦ ਦੇ ਨੌਰਵੇ ਵਿਚਲੇ ਪੰਜਾਬੀ ਪਾਠਕਾਂ ਨੇ ਵੀ ਸ਼ਿਰਕਤ ਕੀਤੀ ਸ. ਹਰਿੰਦਰ ਸਿੰਘ ਕੱਥੂਨੰਗਲ ਸਮੇਤ ਪਰਿਵਾਰ ਹਾਜ਼ਰ ਹੋਏ। ਪੰਜਾਬੀ ਦੀ ਪ੍ਰਸਿੱਧ ਲੇਖਕਾ ਸੁਰਿੰਦਰ ਅਤੈ ਸਿੰਘ ਦੀ ਭਤੀਜੀ ਸਵੀਕਿਰਨ ਕੌਰ ਚਹਿਲ ਤੇ ਉਨ੍ਹਾਂ ਦੇ ਹਮਸਫ਼ਰ ਡਾ. ਸੁਤੰਤਰ ਚਹਿਲ ਪੰਜਾਬੀ ਲੇਖਕਾਂ ਦੀ ਭਾਈਚਾਰਕ ਸਾਂਝ ਦਾ ਪ੍ਰਤੀਕ ਬਣ ਕੇ ਪੁੱਜੇ। ਪੰਜਾਬੀ ਪ੍ਰੇਮੀਆਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ਼ ਜੁੜੇ ਹੋਣ ਦਾ ਮਾਣਮੱਤਾ ਪ੍ਰਗਟਾਵਾ ਕਰਦਿਆਂ ਭਰਵੀਂ ਸ਼ਮੂਲੀਅਤ ਕੀਤੀ।
ਇਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਕੁਲਦੀਪ ਕੌਰ ਔਜਲਾ , ਸ. ਸਰਬਜੀਤ ਸਿੰਘ ਰੰਧਾਵਾ ,ਅਮਰਿੰਦਰ ਸਿੰਘ ਔਜਲਾ, ਗੁਰਜੋਤ ਸਿੰਘ, ਹਰਪ੍ਰੀਤ ਕੌਰ, ਪਰਮਪ੍ਰੀਤ ਕੌਰ,ਦਰਸ਼ਪ੍ਰੀਤ ਕੌਰ, ਕੁਲਵਿੰਦਰ ਕੌਰ, ਜਗਤਦੀਪ ਸਿੰਘ ਤੇ ਗੁਰਕਿਰਪਾਲ ਸਿੰਘ ਬੌਬੀ ਨੇ ਪੁੱਜਕੇ ਪੰਜਾਬੀ ਭਾਸ਼ਾ ਦਾ ਮਾਣ ਵਧਾਇਆ।
ਪਰਮਜੀਤ ਕੌਰ ਸਰਹਿੰਦ ਦੀ ਪੁਸਤਕ “ਸੂਰਜ ਤੇ ਸ਼ਬਨਮ” ਨੌਰਵੇ ਦੇ ਪੰਜਾਬੀ ਪੱਤਰਕਾਰ ਭਾਈਚਾਰੇ ਤੇ ਪੰਜਾਬੀ ਪ੍ਰੇਮੀਆਂ ਵੱਲੋ ਲੋਕ ਅਰਪਣI ਅੰਤ ਵਿੱਚ ਲੇਖਕਾਂ ਦੇ ਪਤੀ ਮੈਨੇਜਰ ਊਧਮ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਪੱਤਰਕਾਰ/ਸੰਪਾਦਕ ਰੁਪਿੰਦਰ ਢਿੱਲੋਂ ਦਾ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ।