ਪੰਜਾਬੀ ਯੂਨੀਵਰਸਿਟੀ ਨੇ ਧਾਰਮਿਕ ਗ੍ਰੰਥਾਂ ਪ੍ਰਤੀ ਨਿਸ਼ਠਾ ਦ੍ਰਿੜਾਈ

406

ਪੰਜਾਬੀ ਯੂਨੀਵਰਸਿਟੀ ਨੇ ਧਾਰਮਿਕ ਗ੍ਰੰਥਾਂ ਪ੍ਰਤੀ ਨਿਸ਼ਠਾ ਦ੍ਰਿੜਾਈ

ਪਟਿਆਲਾ/ 25 ਅਗਸਤ, 2022

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ‘ਬੇਅਦਬੀ ਦੀਆਂ ਬੇਬੁਨਿਆਦ ਖ਼ਬਰਾਂ’ ਦਾ ਧਿਆਨ ਕਰਦੇ ਹੋਏ ਧਾਰਮਿਕ ਗ੍ਰੰਥਾਂ ਪ੍ਰਤੀ ਨਿਸ਼ਠਾ ਨੂੰ ਦ੍ਰਿੜਾਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕੀ ਕਮੇਟੀ ਦੀ ਨਾਮਜ਼ਦ ਤਿੰਨ ਮੈਂਬਰੀ ਟੀਮ ਨਾਲ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਲਾਇਬਰੇਰੀ ਦਾ ਦੌਰਾ ਕੀਤਾ ਅਤੇ ਸਮੁੱਚੇ ਇੰਤਜ਼ਾਮ ਦਾ ਜਾਇਜ਼ਾ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਤਿੰਨ ਮੈਂਬਰੀ ਕਮੇਟੀ ਵਿੱਚ ਜਰਨੈਲ ਸਿੰਘ ਕਰਤਾਰਪੁਰੀ, ਡਾ. ਚਮਕੌਰ ਸਿੰਘ ਅਤੇ ਪ੍ਰੋ. ਪਰਮਵੀਰ ਸਿੰਘ ਸ਼ਾਮਿਲ ਹਨ।

ਇਹ ਦੱਸਣਾ ਅਹਿਮ ਹੈ ਕਿ ਪਿਛਲੇ ਦਿਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਭਾਈ ਕਾਹਨ ਸਿੰਘ ਨਾਭਾ ਲਾਈਬਰੇਰੀ ਵਿੱਚ ਦੁਰਲੱਭ ਕਿਤਾਬਾਂ ਵਾਲੀ ਡਾ. ਗੰਡਾ ਸਿੰਘ ਪੰਜਾਬੀ ਰੈਂਫਰੈਂਸ ਲਾਈਬਰੇਰੀ ਦਾ ਬਾਰੀਕੀ ਨਾਲ ਜਾਇਜ਼ਾ (ਸਟੌਕ ਟੇਕਿੰਗ) ਲਿਆ ਗਿਆ ਸੀ। ਇਸ ਕਾਰਵਾਈ ਵਿੱਚ ਰਜ਼ਾਕਾਰ (ਵਲੰਟੀਅਰ) ਵਜੋਂ ਸ਼ਾਮਿਲ ਕਿਸੇ ਵਿਦਿਆਰਥੀ ਨੇ ਕੁਝ ਅਕਾਦਮਿਕ ਕਿਤਾਬਾਂ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ਉੱਤੇ ਪਾਈਆਂ। ਹੁਣ ਇਨ੍ਹਾਂ ਤਸਵੀਰਾਂ ਨੂੰ ਹੀ ‘ਬੇਅਦਬੀ’ ਦੇ ਸਬੂਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕਰਨਾ ਪੇਂਡੂ ਅਤੇ ਗ਼ਰੀਬ ਤਬਕੇ ਦੇ ਸਵਾ ਦੋ ਲੱਖ ਵਿਦਿਆਰਥੀਆਂ ਨੂੰ ਵਿਦਿਆ ਦੇਣ ਵਾਲੀ ਯੂਨੀਵਰਸਿਟੀ ਨੂੰ ਕਮਜ਼ੋਰ ਕਰਨ ਦੀ ਵਿਓਂਤ ਹੈ।

ਇਸ ਸਮੁੱਚੇ ਮਾਮਲੇੇ ਵਿੱਚ ਯੂਨੀਵਰਸਿਟੀ ਦੀ ਰਜਿਸਟਰਾਰ ਪ੍ਰੋ ਨਵਜੋਤ ਕੌਰ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਹਰ ਧਰਮ ਅਤੇ ਉਸ ਦੇ ਮੁਕੱਦਸ ਗ੍ਰੰਥਾਂ ਦਾ ਸਤਿਕਾਰ ਕਰਦੀ ਹੈ ਅਤੇ ਇਸ ਮਕਸਦ ਨਾਲ ਮਰਿਆਦਾ ਮੁਤਾਬਕ ਲੋੜੀਂਦਾ ਆਚਾਰ-ਵਿਹਾਰ ਤੈਅ ਕੀਤਾ ਹੋਇਆ ਹੈ।

ਪੰਜਾਬੀ ਯੂਨੀਵਰਸਿਟੀ ਨੇ ਧਾਰਮਿਕ ਗ੍ਰੰਥਾਂ ਪ੍ਰਤੀ ਨਿਸ਼ਠਾ ਦ੍ਰਿੜਾਈ

ਪੰਜਾਬੀ ਯੂਨੀਵਰਸਿਟੀ ਵਿੱਚ ਡਿਪਟੀ ਲਾਇਬਰੇਰੀਅਨ ਅਤੇ ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬਰੇਰੀ ਦੇ ਇੰਚਾਰਜ ਡਾ. ਗਿਆਨ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਧਰਮ, ਪੰਜਾਬੀ ਇਤਿਹਾਸ ਅਤੇ ਸਭਿਆਚਾਰ ਨਾਲ ਸੰਬੰਧਤ ਪੁਸਤਕਾਂ ਪਾਠਕਾਂ ਦੀ ਵਰਤੋਂ ਲਈ ਸਾਂਭ-ਸੰਭਾਲ ਕੇ ਰੱਖੀਆਂ ਹੋਈਆਂ ਹਨ। ‘ਸੀਮਤ ਪਹੁੰਚ’ ਵਾਲੀਆਂ ਦੁਰਲੱਭ ਅਤੇ ਧਾਰਮਿਕ ਪੁਸਤਕਾਂ ਪੜ੍ਹਨ ਵਾਸਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਪੁਸਤਕਾਂ ਦੀ ਸਾਂਭ-ਸੰਭਾਲ ਅਤੇ ਪਾਠਕਾਂ ਨੂੰ ਪੜ੍ਹਨ ਲਈ ਮੁਹੱਈਆ ਕਰਵਾਉਣ ਦੀ ਸੇਵਾ ਕਰਮਚਾਰੀਆਂ ਦੁਆਰਾ ਮਰਿਆਦਾ ਮੁਤਾਬਕ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਲਾਇਬਰੇਰੀ ਵਿੱਚ ਕਦੇ ਵੀ ਧਾਰਮਿਕ ਪੁਸਤਕਾਂ ਅਤੇ ਹੋਰ ਪੜ੍ਹਨ ਸਮੱਗਰੀ ਦੀ ਕਿਸੇ ਵੀ ਤਰ੍ਹਾਂ ਨਾਲ ਬੇਅਦਬੀ ਜਾਂ ਨਿਰਾਦਰ ਨਹੀਂ ਹੋਇਆ ਹੈ।

ਰਜਿਸਟਰਾਰ ਡਾ. ਨਵਜੋਤ ਕੌਰ ਨੇ ਇਸ ਮਸਲੇ ਵਿੱਚ ਅੱਗੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਜਿਸ ਨੂੰ ‘ਬੇਅਦਬੀ’ ਕਰਾਰ ਦਿੱਤਾ ਜਾ ਸਕੇ।

ਯੂਨੀਵਰਸਿਟੀ ਵਿੱਚ ਧਾਰਮਿਕ ਗ੍ਰੰਥਾਂ ਨੂੰ ਵਿਸ਼ੇਸ਼ ਕਮਰੇ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਪਹੁੰਚਣ ਲਈ ਸਿਰ ਢਕਣਾ ਅਤੇ ਜੁੱਤੀਆਂ ਉਤਾਰਨਾ ਲਾਜ਼ਮੀ ਹੈ। ਇਨ੍ਹਾਂ ਗ੍ਰੰਥਾਂ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਕਮਰੇ ਵਿੱਚ ਅੱਗ ਲੱਗਣ ਵਰਗੇ ਹਾਦਸੇ ਤੋਂ ਬਚਾਅ ਕਰਨ ਲਈ ‘ਅੱਗ ਬੁਝਾਊ ਗੈਸ ਦੇ ਚਾਰ ਸਿਲੰਡਰਾਂ’ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮਾਹੌਲ ਵਿੱਚ ਰਜਿਸਟਰਾਰ ਪ੍ਰੋ. ਨਵਜੋਤ ਕੌਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਅਦਾਰੇ ਨੂੰ ਬਿਹਤਰ ਬਣਾਉਣ ਲਈ ਯੂਨੀਵਰਸਿਟੀ ਢੁਕਵੇਂ ਸੁਝਾਵਾਂ ਦਾ ਸਦਾ ਸਤਿਕਾਰ ਕਰਦੀ ਹੈ।