ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬਿਰਧ ਆਸ਼ਰਮਾਂ ਵਿੱਚ ਰਹਿੰਦੇ ਬਜ਼ੁਰਗਾਂ ਦੀ ਸਥਿਤੀ ਬਾਰੇ ਅਹਿਮ ਖੋਜ

206
Social Share

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬਿਰਧ ਆਸ਼ਰਮਾਂ ਵਿੱਚ ਰਹਿੰਦੇ ਬਜ਼ੁਰਗਾਂ ਦੀ ਸਥਿਤੀ ਬਾਰੇ ਅਹਿਮ ਖੋਜ

ਪਟਿਆਲਾ /21 ਅਗਸਤ, 2022

‘ਬਿਰਧ ਆਸ਼ਰਮਾਂ ਵਿੱਚ ਰਹਿੰਦੇ ਬਜ਼ੁਰਗ ਬੇਸ਼ੱਕ ਘਰਾਂ ਨੂੰ ਛੱਡ ਕੇ ਬਿਰਧ ਆਸ਼ਰਮਾਂ ਵਿੱਚ ਤਾਂ ਆ ਜਾਂਦੇ ਹਨ ਪਰ ਉਨ੍ਹਾਂ ਦਾ ਆਪਣੇ ਘਰਾਂ ਵੱਲ ਝੁਕਾਅ, ਪੋਤੇ-ਪੋਤਰੀਆਂ ਨਾਲ ਮੋਹ ਅਤੇ ਆਪਣੇ ਹੱਥੀਂ ਬਣਾਈ ਜਾਇਦਾਦ ਦਾ ਵਿਛੋੜਾ ਆਦਿ ਉਨ੍ਹਾਂ ਨੂੰ ਬਿਰਧ ਆਸ਼ਰਮਾਂ ਵਿੱਚ ਜਿਉਣ ਨਹੀਂ ਦਿੰਦਾ।’

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਵਿਗਿਆਨ ਤੋਂ ਪ੍ਰੋ. ਮਨਿੰਦਰ ਸਿੰਘ ਰੰਧਾਵਾ ਦੀ ਨਿਗਰਾਨੀ ਵਿੱਚ ਖੋਜਾਰਥੀ ਸਤਵੀਰ ਕੌਰ ਵੱਲੋਂ ਕੀਤੀ ਗਈ ਤਾਜ਼ਾ ਖੋਜ ਵਿੱਚ ਅਜਿਹੀਆਂ ਬਹੁਤ ਸਾਰੀਆਂ ਅਹਿਮ ਲੱਭਤਾਂ ਸਾਹਮਣੇ ਆਈਆਂ ਹਨ ਜੋ ਨਿਰੋਲ ਰੂਪ ਵਿੱਚ ਅਜਿਹੇ ਬਜ਼ੁਰਗਾਂ ਦੇ ਹੱਡੀਂ ਹੰਢਾਏ ਅਨੁਭਵ ਉੱਤੇ ਅਧਾਰਿਤ ਹਨ।

ਪ੍ਰੋ. ਮਨਿੰਦਰ ਸਿੰਘ ਰੰਧਾਵਾ ਨੇ ਇਸ ਬਾਰੇ ਦੱਿਸਆ ਕਿ ‘ਬਿਰਧ ਆਸ਼ਰਮਾਂ ਵਿੱਚ ਬਿਰਧ: ਇੱਕ ਸਮਾਜ ਵਿਗਿਆਨਿਕ ਅਧਿਐਨ’ ਨਾਮਕ ਵਿਸ਼ੇ ਉੱਤੇ ਕੀਤੇ ਗਏ ਇਸ ਖੋਜ ਕਾਰਜ ਵਿੱਚ ਬਿਰਧ ਆਸ਼ਰਮਾਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਦੀ ਹਾਲਤ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਨ ਦੀ ਕੋਸਿ਼ਸ਼ ਕੀਤੀ ਗਈ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬਿਰਧ ਆਸ਼ਰਮਾਂ ਵਿੱਚ ਰਹਿੰਦੇ ਬਜ਼ੁਰਗਾਂ ਦੀ ਸਥਿਤੀ ਬਾਰੇ ਅਹਿਮ ਖੋਜ-Photo courtesy-Internet

ਉਨ੍ਹਾਂ ਦੱਸਿਆ ਕਿ ਇਸ ਖੋਜ ਲਈ ਲਈ ਪੰਜਾਬ ਵਿੱਚੋਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣੇ ਜ਼ਿਲ੍ਹੇ ਦੀ ਚੋਣ ਕੀਤੀ ਗਈ ਸੀ। ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਪੈਂਦੇ ਬਿਰਧ ਆਸ਼ਰਮਾਂ ਵਿੱਚੋਂ 100-100 ਬਜ਼ਰੁਗ ਉੱਤਰਦਾਤੇ ਚੁਣੇ ਗਏ ਤੇ ਕੁੱਲ 300 ਉੱਤਰਦਾਤਿਆਂ ਦੀ ਚੋਣ ਕਰ ਕੇ ਉਨ੍ਹਾਂ ਤੋਂ ਸਵਾਲ ਪੁੱਛੇ ਗਏ। ਇਨ੍ਹਾਂ ਵਿੱਚ 150 ਮਰਦ ਅਤੇ 150 ਔਰਤਾਂ ਸ਼ਾਮਿਲ ਸਨ।

ਖੋਜਾਰਥੀ ਸਤਵੀਰ ਕੌਰ ਨੇ ਦੱਸਿਆ ਕਿ ਖੋਜ ਦੌਰਾਨ ਸਾਹਮਣੇ ਆਏ ਸਿੱਟਿਆਂ ਅਨੁਸਾਰ ਇਨ੍ਹਾਂ ਬਿਰਧਾਂ ਦੇ ਘਰ ਨੂੰ ਛੱਡ ਕੇ ਬਿਰਧ ਆਸ਼ਰਮਾਂ ਵੱਲ ਪ੍ਰਸਥਾਨ ਕਰਨ ਦੇ ਮੁੱਖ ਕਾਰਨਾਂ ਵਿੱਚ ਘਰੇਲੂ ਕਲੇਸ਼ ਅਤੇ ਲੜਾਈ, ਨੂੰਹਾਂ ਦੀ ਕਾਰਜ ਮੁਖਤਿਆਰੀ, ਘਰ ਵਿੱਚ ਨਸ਼ਿਆਂ ਦੀ ਪ੍ਰਧਾਨਤਾ ਕਰਕੇ ਲੜਾਈ ਝਗੜਾ, ਆਮਦਨ ਸ੍ਰੋਤਾਂ ਵਿੱਚ ਕਮੀ, ਬੱਚਿਆਂ ਦੀ ਸੋਚ ਵਿਚਾਰ ਵਿੱਚ ਭਿੰਨਤਾ ਤੇ ਆਪ ਮੁਹਾਰਾਪਨ ਆਦਿ ਸ਼ਾਮਿਲ ਹਨ। ਅਜਿਹੇ ਕਾਰਨਾਂ ਕਰ ਕੇ ਹੀ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵੱਲ ਪ੍ਰਸਥਾਨ ਕਰਨਾ ਪੈਂਦਾ ਹੈ।

 

ਉਨ੍ਹਾਂ ਦੱਸਿਆ ਕਿ ਖੋਜ ਅਨੁਸਾਰ ਸਾਹਮਣੇ ਆਇਆ ਹੈ ਕਿ ਬੇਸ਼ੱਕ ਇਨ੍ਹਾਂ ਬਿਰਧ ਆਸ਼ਰਮਾਂ ਵਿੱਚ ਸਿਰ ਢੱਕਣ ਦੀ ਥਾਂ ਤਾਂ ਮਿਲ ਜਾਂਦੀ ਹੈ ਅਤੇ ਵੇਖਣ ਨੂੰ ਤਾਂ ਬਿਰਧ ਆਸ਼ਰਮਾਂ ਦਾ ਸੰਕਲਪ ਬਹੁਤ ਆਕਰਸ਼ਕ ਅਤੇ ਆਦਰਸ਼ਕ ਲੱਗਦਾ ਹੈ ਪਰ ਪੰਜਾਬ ਵਰਗੇ ਰਵਾਇਤੀ ਪੇਂਡੁ ਸਮਾਜ ਵਿੱਚ ਇਸਨੂੰ ਖਿੜੇ ਮੱਥੇ ਸਵੀਕਾਰ ਨਹੀਂ ਕੀਤਾ ਗਿਆ।

ਖੋਜ ਵਿੱਚ ਸਾਹਮਣੇ ਆਏ ਹੋਰ ਸਿੱਟਿਆਂ ਵਿੱਚ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਕਿ ਬਿਰਧ ਆਸ਼ਰਮਾਂ ਵਿੱਚ ਵਧੇਰੇ ਲੋਕ ਸ਼ਹਿਰਾਂ ਜਾਂ ਕਸਬਿਆਂ ਵਿੱਚੋਂ ਹੀ ਸਨ ਅਤੇ ਪਿੰਡਾਂ ਨਾਲ ਸੰਬੰਧਤ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ। ਜੇਕਰ ਜਾਤ ਵੱਜੋਂ ਵੇਖਿਆ ਜਾਵੇ ਤਾਂ ਖੱਤਰੀ ਅਤੇ ਧਰਮ ਵੱਜੋਂ ਹਿੰਦੂ ਧਰਮ ਨਾਲ ਸੰਬੰਧਿਤ ਬਜ਼ੁਰਗ ਵਧੇਰੇ ਹਨ ਕਿਉਂਕਿ ਸ਼ਹਿਰਾਂ ਵਿੱਚ ਇਨ੍ਹਾਂ ਦੀ ਸੰਖਿਆ ਵੱਧ ਹੈ। ਵੱਖ-ਵੱਖ ਬਜ਼ੁਰਗ ਉੱਤਰਦਾਤਿਆਂ ਨੇ ਇਹ ਵੀ ਦੱਸਿਆ ਕਿ ਬਿਰਧ ਆਸ਼ਰਮ ਵਿੱਚ ਉਨ੍ਹਾਂ ਦਾ ਜੀਵਨ ਸੁਖਾਵਾਂ ਨਹੀਂ ਹੈ। ਮਨ ਦੇ ਭਰੇ ਪੀਤੇ ਬਿਰਧ ਆਸ਼ਰਮ ਵਿੱਚ ਬੈਠੇ ਹਨ, ਪਰ ਘਰ ਦੀ ਯਾਦ ਬਹੁਤ ਸਤਾਉਂਦੀ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬਿਰਧ ਆਸ਼ਰਮਾਂ ਵਿੱਚ ਰਹਿੰਦੇ ਬਜ਼ੁਰਗਾਂ ਦੀ ਸਥਿਤੀ ਬਾਰੇ ਅਹਿਮ ਖੋਜ

ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਬਿਰਧ ਆਸ਼ਰਮਾਂ ਵਿੱਚ ਸੁਵਿਧਾਵਾਂ ਦੀ ਬਹੁਤ ਹੀ ਘਾਟ ਹੈ ਅਤੇ ਬਹੁਤ ਸਾਰੀਆਂ ਪਾਬੰਦੀਆਂ ਵੀ ਹਨ। ਵੱਖ-ਵੱਖ ਤਰ੍ਹਾਂ ਦੇ ਪਰਿਵਾਰਿਕ ਪਿਛੋਕੜਾਂ ਵਾਲੇ ਲੋਕਾਂ ਦੇ ਇਕੱਠੇ ਹੋਣ ਕਾਰਨ ਬਜ਼ੁਰਗਾਂ ਦੇ ਵਿਚਾਰ ਵੀ ਆਪਸ ਵਿੱਚ ਨਹੀਂ ਮਿਲਦੇ ਸਨ।ਬਿਰਧ ਆਸ਼ਰਮਾਂ ਵਿੱਚ ਮੈਡੀਕਲ ਸੁਵਿਧਾਵਾਂ ਦੀ ਘਾਟ ਹੋਣ ਕਾਰਨ ਬੁਢਾਪੇ ਵਿੱਚ ਬੀਮਾਰੀਆਂ ਦੀ ਭਰਪੂਰਤਾ ਆਦਿ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਹਨ ਜਿਹੜੀਆਂ ਕਿ ਮਨੋਵਿਗਿਆਨਕ ਤੌਰ ਉੱਤੇ ਵੀ ਇਨ੍ਹਾਂ ਬਜ਼ੁਰਗਾਂ ਨੂੰ ਵਲੂੰਧਰਦੀਆਂ ਰਹਿੰਦੀਆਂ ਹਨ। ਆਪਣੇਪਨ ਦੀ ਘਾਟ ਤੇ ਅਲਗਾਉ ਦੀ ਸਥਿਤੀ ਇਨ੍ਹਾਂ ਆਸ਼ਰਮਾਂ ਵਿਚ ਬਹੁਤ ਮਹਿਸੂਸ ਹੁੰਦੀ ਹੈ।

ਇਨ੍ਹਾਂ ਬਜ਼ੁਰਗਾਂ ਦਾ ਮੰਨਣਾ ਸੀ ਕਿ ਘਰ ਵਿੱਚ ਉਹ ਜਿੰਨੇ ਮਰਜ਼ੀ ਔਖੇ ਹੋਏ ਹੋਣ ਪਰ ਘਰ ਛੱਡਣਾ ਨਹੀਂ ਚਾਹੀਦਾ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਖੋਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਖੇਤਰ ਵਿੱਚ ਇਹ ਇੱਕ ਲਾਹੇਵੰਦ ਅਧਿਐਨ ਹੈ ਜਿਸ ਨਾਲ ਜਿੱਥੇ ਬਜ਼ੁਰਗਾਂ ਦੀ ਦੁਰਦਸ਼ਾ ਦੇ ਵੱਖ-ਵੱਖ ਪਹਿਲੂਆਂ ਬਾਰੇ ਅਹਿਮ ਨੁਕਤੇ ਸਾਹਮਣੇ ਆਏ ਹਨ ਉੱਥੇ ਹੀ ਇਸ ਦਿਸ਼ਾ ਵਿੱਚ ਸੁਧਾਰ ਕੀਤੇ ਜਾਣ ਦੀ ਗੁੰਜਾਇਸ਼ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਇਸ ਦਿਸ਼ਾ ਵਿੱਚ ਨੀਤੀਆਂ ਘੜਨ ਮੌਕੇ ਅਜਿਹੀਆਂ ਖੋਜਾਂ ਇੱਕ ਚੰਗਾ ਅਧਾਰ ਬਣ ਕੇ ਪੇਸ਼ ਹੁੰਦੀਆਂ ਹਨ।