ਮਿਸ਼ਨ ਫ਼ਤਿਹ- ਬਠਿੰਡਾ ਜ਼ਿਲੇ ਭਰ ਵਿਚ ਚੱਲਣ ਵਾਲੀ ਜਾਗਰੂਕਤਾ ਮੁਹਿੰਮ ਦਾ ਅਗਾਜ਼

154

ਮਿਸ਼ਨ ਫ਼ਤਿਹ- ਬਠਿੰਡਾ ਜ਼ਿਲੇ ਭਰ ਵਿਚ ਚੱਲਣ ਵਾਲੀ ਜਾਗਰੂਕਤਾ ਮੁਹਿੰਮ ਦਾ ਅਗਾਜ਼

ਬਠਿੰਡਾ, 14 ਜੂਨ ( )
ਕੋਵਿਡ ਸੁਰੱਖਿਆ ਲਈ ਜ਼ਰੂਰੀ ਸਭ ਉਪਾਵਾਂ ਸਬੰਧੀ ਜਮੀਨੀ ਗਤੀਵਿਧੀਆਂ ਵਜੋਂ ਜਨ ਜਾਗਰੂਕਤਾ ਦੀ ਇਕ ਵੱਡੀ ਮੁਹਿੰਮ ਨੂੰ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਸ਼ੁਰੂ ਕਰਵਾਇਆ। ਇਸ ਤਹਿਤ ਜ਼ਿਲੇ ਦੇ ਵੱਖ ਵੱਖ ਇਲਾਕਿਆਂ ਵਿਚ ਲੋਕਾਂ ਨੂੰ ਕੋਵਿਡ ਤੋਂ ਬਚਣ ਲਈ ਜਰੂਰੀ ਸਾਵਧਾਨੀਆਂ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਲਈ ਪ੍ਰਚਾਰ ਵਾਹਨਾਂ ਨੂੰ ਉਨਾਂ ਨੇ ਇੱਥੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਨੂੰ ਕੋਵਿਡ ਤੋ ਮੁਕਤ ਕਰਨ ਲਈ ਚਲਾਈ ਗਈ ਜਨ-ਜਾਗਰੂਕਤਾ ਮੁਹਿੰਮ ‘ਮਿਸ਼ਨ ਫ਼ਤਿਹ’ ਤਹਿਤ ਜ਼ਿਲੇ ਵਿੱਚ ਜ਼ਮੀਨੀ ਗਤੀਵਿਧੀਆਂ ਸਪਤਾਹ 15 ਤੋਂ 21 ਜੂਨ ਤੱਕ ਮਨਾਇਆ ਜਾਵੇਗਾ। ਉਨਾਂ ਦੱਸਿਆ ਕਿ ਮਿਸ਼ਨ ਫ਼ਤਿਹ ਦਾ ਮੰਤਵ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸੁਝਾਈਆਂ ਗਈਆਂ ਸਾਵਧਾਨੀਆਂ ਦਾ ਅਮਲੀ ਰੂਪ ਵਿੱਚ ਪਾਲਣ ਕਰਵਾਉਣ ਲਈ ਜਾਗਰੂਕ ਕਰਨਾ ਹੈ। ਉਨਾਂ ਦੱਸਿਆ ਕਿ 15 ਜੂਨ ਨੂੰ ਅਧਿਕਾਰਿਤ ਤੌਰ ’ਤੇ ਮਿਸ਼ਨ ਫ਼ਤਿਹ ਤਹਿਤ ਹੋਣ ਵਾਲੀਆਂ ਜ਼ਮੀਨੀ ਗਤੀਵਿਧੀਆਂ ਦੀ ਅਰੰਭਤਾ ਕੀਤੀ ਜਾਵੇਗੀ।

ਬੀ ਸ੍ਰੀ ਨਿਵਾਸਨ ਨੇ ਵਿਭਾਗ ਵਾਰ ਸਪਤਾਹਿਕ ਗਤੀਵਿਧੀਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 15 ਜੂਨ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਕੋਰੋਨਾ ਯੋਧਿਆਂ ਨੂੰ ਸਰਕਾਰ ਵਲੋਂ ਮਿਸ਼ਨ ਫ਼ਤਿਹ ਦਾ ਪ੍ਰਤੀਕ ਬੈਜ ਦੇਣ ਦੀ ਰਸਮ ਨਿਭਾਈ ਜਾਵੇਗੀ। ਕੋਰੋਨਾ ਯੋਧਿਆਂ ਵਲੋਂ ਇਹ ਬੈਜ ਲਗਾਕੇ ਅਤੇ ਮਾਸਕ ਪਾ ਕੇ ਆਪਣੀ ਸੈਲਫ਼ੀ ਖਿੱਚ ਕੇ ਕੋਵਾ ਐਪ ‘ਤੇ ਅਪਲੋਡ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ। ਇਨਾਂ ਕੋਰੋਨਾ ਯੋਧਿਆਂ ਵਿੱਚ ਪ੍ਰਸ਼ਾਸਨਿਕ, ਪੁਲਿਸ, ਡਾਕਟਰ, ਮੈਡੀਕਲ ਸਟਾਫ਼, ਆਸ਼ਾ ਵਰਕਰ, ਆਂਗਨਵਾੜੀ ਵਰਕਰ, ਸਫ਼ਾਈ ਵਰਕਰ, ਜੀ ਓ ਜੀਜ਼, ਸਰਪੰਚ, ਸਵੈ ਸੇਵੀ ਸੰਗਠਨ ਆਦਿ ਸ਼ਾਮਿਲ ਹੋਣਗੇ।

ਮਿਸ਼ਨ ਫ਼ਤਿਹ- ਬਠਿੰਡਾ ਜ਼ਿਲੇ ਭਰ ਵਿਚ ਚੱਲਣ ਵਾਲੀ ਜਾਗਰੂਕਤਾ ਮੁਹਿੰਮ ਦਾ ਅਗਾਜ਼

ਇਸ ਤੋਂ ਬਾਅਦ 16 ਜੂਨ ਨੂੰ ਆਂਗਨਵਾੜੀ ਵਰਕਰਾਂ ਵਲੋਂ ਬੈਜ ਲਗਾ ਕੇ ਆਪੋ ਆਪਣੇ ਪਿੰਡ ਦੇ ਆਂਗਨਵਾੜੀਆਂ ਵਿੱਚ ਆਉਣ ਵਾਲੇ ਬੱਚਿਆਂ ਦੇ ਘਰਾਂ ਦਾ ਦੌਰਾ ਕੀਤਾ ਜਾਵੇਗਾ ਅਤੇ ਉਨਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਦੱਸ ਕੇ ਪ੍ਰੇਰਿਤ ਕੀਤਾ ਜਾਵੇਗਾ। 17 ਜੂਨ ਨੂੰ ਪਿੰਡਾਂ ਦੇ ਸਰਪੰਚਾਂ ਵਲੋਂ ਬੈਜ ਲਗਾ ਕੇ ਪਿੰਡ ਦੇ ਲੋਕਾਂ ਨੂੰ ਮਿਲਿਆ ਜਾਵੇਗਾ ਅਤੇ ਕੋਵਿਡ ਦੀ ਰੋਕਥਾਮ ਲਈ ਅਹਿਮ ਬਚਾਅ ਪ੍ਰਬੰਧਾਂ ਬਾਰੇ ਜਾਗਰੂਕ ਕੀਤਾ ਜਾਵੇਗਾ। 18 ਜੂਨ ਨੂੰ ਜ਼ਿਲੇ ਵਿੱਚ ਮੁੜ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਜ਼ਿਲੇ ਦੀਆਂ ਐਨ.ਜੀ.ਓਜ਼. ਵਲੋਂ ਬੈਜ ਲਗਾ ਕੇ ਆਪੋ ਆਪਣੇ ਇਲਾਕੇ ਵਿੱਚ ਅਜਿਹੀਆਂ ਜਾਗਰੂਕ ਗਤੀਵਿਧੀਆਂ 19 ਜੂਨ ਨੂੰ ਕੀਤੀਆਂ ਜਾਣਗੀਆਂ। ਜ਼ਿਲਾ ਪੁਲਿਸ ਵਲੋਂ ਬੈਜ ਲਗਾ ਕੇ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨ ਕਰਨ ਦੀ ਗਤੀਵਿਧੀ ਦਾ ਦਿਨ 20 ਜੂਨ ਮਿਥਿਆ ਗਿਆ ਹੈ, ਜਦਕਿ ਨਗਰ ਕੌਂਸਲਾਂ ਵਲੋਂ ਰੈਜੀਡੈਂਟ ਵੈਲਫੇਅਰ ਕਮੇਟੀਆਂ ਤੇ ਸ਼ਹਿਰੀਆਂ ਰਾਹੀਂ ਜਾਗਰੂਕਤਾ ਮੁਹਿੰਮ 21 ਜੂਨ ਨੂੰ ਚਲਾਈ ਜਾਵੇਗੀ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕੋਵਾ ਐਪ ‘ਤੇ ਕੋਵਿਡ ਦੀਆਂ ਸਾਵਧਾਨੀਆਂ ਤਹਿਤ ਆਪਣੀ ਫੋਟੋ ਅਪਲੋਡ ਕਰਨ ਵਾਲੇ ਵਿਅਕਤੀ/ਸੰਸਥਾ ਦੀ ਚੋਣ ਸੂਬਾਈ ਪੱਧਰ ‘ਤੇ ਕੀਤੀ ਜਾਵੇਗੀ, ਜਿਸ ਦੀ ਸੂਚੀ ਜ਼ਿਲਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ ਤਾਂ ਜੋ ਉਨਾਂ ਨੂੰ ਬੈਜ ਅਤੇ ਟੀਸ਼ਰਟ ਰਾਹੀਂ ਹੌਸਲਾ ਅਫ਼ਜਾਈ ਕੀਤੀ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਯੋਧਿਆਂ ਦੀ ਚੋਣ ਹੋਵੇਗੀ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਲੋਕ ਕੋਵਾ ਐਪ ਆਪਣੇ ਮੋਬਾਇਲ ਵਿਚ ਡਾਊਨਲੋਡ ਕਰਨ ਅਤੇ ਇਸ ਤਹਿਤ ਕੋਵਾ ਐਪ ਤੇ ਰਜਿਸਟ੍ਰੇਸ਼ਨ 17 ਜੂਨ ਤੋਂ ਸ਼ੁਰੂ ਹੋਵੇਗੀ।