ਸਾਬਕਾ ਫ਼ੌਜੀਆਂ ਨੂੰ ਗਰੈਜੂਏਟ ਡਿਗਰੀ ਦੇਵੇਗੀ ਪੰਜਾਬੀ ਯੂਨੀਵਰਸਿਟੀ; ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਨਾਲ਼ ਹੋਇਆ ਇਕਰਾਰਨਾਮਾ

1746

ਸਾਬਕਾ ਫ਼ੌਜੀਆਂ ਨੂੰ ਗਰੈਜੂਏਟ ਡਿਗਰੀ ਦੇਵੇਗੀ ਪੰਜਾਬੀ ਯੂਨੀਵਰਸਿਟੀ; ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਨਾਲ਼ ਹੋਇਆ ਇਕਰਾਰਨਾਮਾ

ਪਟਿਆਲਾ/27 ਮਾਰਚ, 2023

ਲੋੜੀਂਦੀ ਪਾਤਰਤਾ ਰੱਖਣ ਵਾਲੇ ਸਾਬਕਾ ਫ਼ੌਜੀ ਹੁਣ ਪੰਜਾਬੀ ਯੂਨੀਵਰਸਿਟੀ ਤੋਂ ਗਰੈਜੂਏਟ ਡਿਗਰੀ ਹਾਸਲ ਕਰ ਸਕਣਗੇ ਜੋ ਉਨ੍ਹਾਂ ਲਈ ‘ਏ’ ਅਤੇ ‘ਬੀ’ ਸ਼ਰੇਣੀ ਦੀ ਨੌਕਰੀ ਪ੍ਰਾਪਤ ਕਰਨ ਵਿੱਚ ਸਹਾਈ ਹੋਵੇਗੀ। ਇਸ ਮਕਸਦ ਲਈ ਡਾਇਰੈਕਟੋਰੇਟ ਆਫ਼ ਡਿਫ਼ੈਂਸ ਸਰਵਿਸ ਵੈਲਫ਼ੇਅਰ ਅਤੇ ਪੰਜਾਬੀ ਯੂਨੀਵਰਸਿਟੀ ਦਰਮਿਆਨ ਇਕਰਾਰਨਾਮਾ ਸਹੀਬੱਧ ਕੀਤਾ ਗਿਆ। ਪੰਜਾਬ ਭਵਨ, ਚੰਡੀਗੜ੍ਹ ਵਿਖੇ ਹੋਏ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਹਸਤਾਖ਼ਰ ਕੀਤੇ ਅਤੇ ਦੂਜੇ ਪਾਸੇ ਡਾਇਰੈਕਟੋਰੇਟ ਆਫ਼ ਡਿਫ਼ੈਂਸ ਸਰਵਿਸ ਵੈਲਫ਼ੇਅਰ ਵੱਲੋਂ ਡਾਇਰੈਕਟਰ ਬਿਰਗੇਡੀਅਰ ਭੁਪਿੰਦਰ ਸਿੰਘ ਨੇ ਇਸ ਇਕਰਾਰਨਾਮੇ ਉੱਤੇ ਸਹੀ ਪਾਈ।

ਜ਼ਿਕਰਯੋਗ ਹੈ ਕਿ ਹਰ ਸਾਲ ਕਰੀਬ 21,000 ਸੈਨਿਕ ਫ਼ੌਜ ਦੇ ਵੱਖ-ਵੱਖ ਅੰਗਾਂ ਜਿਵੇਂ ਕਿ ਆਰਮੀ, ਨੇਵੀ, ਅਤੇ ਏਅਰ ਫ਼ੋਰਸ ਤੋਂ ਸੇਵਾ ਮੁਕਤ ਹੋ ਕੇ ਪੰਜਾਬ ਵਿੱਚ ਮੁੜ ਰੁਜ਼ਗਾਰ ਲਈ ਆਉਂਦੇ ਹਨ। ਉਨ੍ਹਾਂ ਦੇ ਮੁੜ ਵਸੇਬੇ ਨੂੰ ਧਿਆਨ ਵਿੱਚ ਰਖਦੇ ਹੋਏ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀ (ਕਲਾਸ ਏ,ਬੀ,ਸੀ,ਡੀ) ਵਿੱਚ 13 ਫ਼ੀਸਦੀ ਰਾਖਵੇਂਕਰਨ ਦਾ ਉਪਬੰਧ ਕੀਤਾ ਹੋਇਆ ਹੈ। ਉੱਧਰ ਸਾਬਕਾ ਸੈਨਿਕ ਜਦੋਂ ਆਪਣੀ 15 ਸਾਲ ਦੀ ਨੌਕਰੀ ਕਰਨ ਉਪਰੰਤ ਸੇਵਾ ਨਵਿਰਤ ਹੋ ਕੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਫ਼ੌਜ ਵੱਲੋਂ ‘ਵਿਸ਼ੇਸ਼ ਸਿੱਖਿਆ ਪ੍ਰਮਾਣ-ਪੱਤਰ’ ਪ੍ਰਦਾਨ ਕੀਤਾ ਜਾਂਦਾ ਹੈ। ਇਹ ਪ੍ਰਮਾਣ-ਪੱਤਰ ‘ਸੀ’ ਅਤੇ ‘ਡੀ’ ਸ਼ਰੇਣੀ ਦੀ ਕਿਸੇ ਵੀ ਸਰਕਾਰੀ ਨੌਕਰੀ ਲਈ ਯੋਗ ਹੁੰਦਾ ਹੈ; ਪਰ ਕਈ ਸਾਬਕਾ ਫ਼ੌਜੀ ਸਾਰੀਆਂ ਯੋਗਤਾਵਾਂ ਪੂਰੀਆਂ ਕਰਨ ਦੇ ਬਾਵਜੂਦ ਵਿੱਦਿਅਕ ਯੋਗਤਾ ਪੱਖੋਂ ਸ਼ਰੇਣੀ ‘ਏ’ ਅਤੇ ‘ਬੀ’ ਦੀ ਨੌਕਰੀ ਹਾਸਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੇਂਦਰੀ ਸੈਨਿਕ ਬੋਰਡ, ਨਵੀਂ ਦਿੱਲੀ ਵੱਲੋਂ ਆਂਧਰਾ ਯੂਨੀਵਰਸਿਟੀ, ਵਿਸ਼ਾਖਾਪਟਨਮ ਨਾਲ ਇਕਰਾਰਨਾਮਾ ਸਹੀਬੱਧ ਕੀਤਾ ਹੋਇਆ ਹੈ ਜਿਸ ਅਨੁਸਾਰ 1-01-2010 ਤੋਂ ਬਾਅਦ ਘੱਟੋ-ਘੱਟ 15 ਸਾਲ ਦੀਆਂ ਸੇਵਾਵਾਂ ਉਪਰੰਤ ਸੇਵਾ ਮੁਕਤ ਹੋਏ ਫ਼ੌਜੀ, ਜਿਨ੍ਹਾਂ ਕੋਲ਼ ਬੈਚੁਲਰ ਡਿਗਰੀ ਦੇ ਬਰਾਬਰ ਯੋਗਤਾ ਵਾਲਾ਼ ਆਰਮਡ ਫ਼ੋਰਸਜ਼ ਦਾ ‘ਆਰਮੀ ਸਪੈਸ਼ਲ ਸਰਟੀਫਿ਼ਕੇਟ ਆਫ਼ ਐਜੂਕੇਸ਼ਨ’ ਹੁੰਦਾ ਹੈ ਉਨ੍ਹਾਂ ਨੂੰ ਆਂਧਰਾ ਯੂਨੀਵਰਸਿਟੀ ਵੱਲੋਂ ਰੈਗੂਲਰ ਗਰੈਜੂਏਟ ਡਿਗਰੀ ਦੇ ਬਰਾਬਰ ਦੀ ਡਿਗਰੀ ਦਿੱਤੀ ਜਾਂਦੀ ਹੈ। ਇਸੇ ਹੀ ਤਰਜ਼ ਉੱਤੇ ਹੁਣ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਮਹਿਕਮੇ ਡਾਇਰੈਕਟੋਰੇਟ ਆਫ਼ ਡਿਫ਼ੈਂਸ ਸਰਵਿਸ ਵੈਲਫ਼ੇਅਰ ਦਰਮਿਆਨ ਇਹ ਤਾਜ਼ਾ ਸਮਝੌਤਾ ਹੋਇਆ ਹੈ।

ਸਾਬਕਾ ਫ਼ੌਜੀਆਂ ਨੂੰ ਗਰੈਜੂਏਟ ਡਿਗਰੀ ਦੇਵੇਗੀ ਪੰਜਾਬੀ ਯੂਨੀਵਰਸਿਟੀ; ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਨਾਲ਼ ਹੋਇਆ ਇਕਰਾਰਨਾਮਾ

ਇਸ ਇਕਰਾਰਨਾਮੇ ਅਨੁਸਾਰ ਹੁਣ ਲੋੜੀਂਦੀ ਪਾਤਰਤਾ ਰੱਖਣ ਵਾਲੇ ਫ਼ੌਜੀ ਆਪਣੇ ਜਿਲ੍ਹੇ ਦੇ ਡਿਫ਼ੈਂਸ ਸਰਵਿਸ ਵੈਲਫ਼ੇਅਰ ਅਫ਼ਸਰ ਰਾਹੀਂ ਡਿਗਰੀ ਪ੍ਰਾਪਤ ਕਰਨ ਹਿਤ ਅਰਜ਼ੀ ਦੇ ਸਕਣਗੇ। ਡਿਫ਼ੈਂਸ ਸਰਵਿਸ ਵੈਲਫ਼ੇਅਰ ਅਫ਼ਸਰ ਦੀ ਸਿਫ਼ਾਰਿਸ਼ ਉਪਰੰਤ ਅਗਲੇਰੀ ਕਾਰਵਾਈ ਲਈ ਕੇਸ ਸੰਬੰਧਤ ਨੋਡਲ ਅਫ਼ਸਰ ਕੋਲ਼ ਆਵੇਗਾ ਜਿੱਥੋਂ ਅੱਗੇ ਸਾਰੇ ਕੇਸ ਸੂਚੀਬੱਧ ਰੂਪ ਵਿੱਚ ਪੰਜਾਬੀ ਯੂਨੀਵਰਸਿਟੀ ਕੋਲ਼ ਭੇਜੇ ਜਾਇਆ ਕਰਨਗੇ। ਇਸ ਮਕਸਦ ਲਈ ਲੋੜੀਂਦੀ ਫ਼ੀਸ ਸੰਬੰਧਤ ਸਾਬਕਾ ਫ਼ੌਜੀ ਵੱਲੋਂ ਅਦਾ ਕੀਤੀ ਜਾਵੇਗੀ। ਕਾਰਵਾਈ ਮੁਕੰਮਲ ਹੋਣ ਉਪਰੰਤ ਤਿੰਨ ਮਹੀਨੇ ਦੇ ਸਮੇਂ ਅੰਦਰ ਪੰਜਾਬੀ ਯੂਨੀਵਰਸਿਟੀ ਵੱਲੋਂ ਪਾਤਰਤਾ ਰੱਖਣ ਵਾਲੇ ਸੰਬੰਧਤ ਸਾਬਕਾ ਫ਼ੌਜੀਆਂ ਨੂੰ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਇਸ ਸਮੁੱਚੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ਼ ਚਲਾਉਣ ਲਈ ਦੋਹੇਂ ਅਦਾਰੇ ਆਪੋ ਆਪਣੇ ਪੱਧਰ ਉੱਤੇ ਇੱਕ-ਇੱਕ ਕੋਆਰਡੀਨੇਟਰ ਤਾਇਨਾਤ ਕਰਨਗੇ ਜੋ ਸਮੁੱਚੀ ਪ੍ਰਕਿਰਿਆ ਉੱਤੇ ਨਜ਼ਰਸਾਨੀ ਰੱਖਣਗੇ। ਇਹ ਇਕਰਾਰਨਾਮਾ ਦਸਤਖ਼ਤ ਹੋਣ ਦੀ ਮਿਤੀ ਤੋਂ ਲਾਗੂ ਹੈ। ਪੰਜ ਸਾਲ ਦਾ ਸਮਾਂ ਹੋਣ ਉਪਰੰਤ ਇਸ ਨੂੰ ਮੁੜ ਪੜਚੋਲਿਆ ਜਾਵੇਗਾ।

ਚੰਡੀਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਡਾ. ਸੰਜੀਵ ਪੁਰੀ, ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਅਤੇ ਡਾਇਰੈਕਟੋਰੇਟ ਆਫ਼ ਡਿਫ਼ੈਂਸ ਸਰਵਿਸ ਵੈਲਫ਼ੇਅਰ ਵੱਲੋਂ ਡਿਪਟੀ ਡਾਇਰੈਕਟਰ ਸੀ.ਡੀ.ਆਰ. ਬੀ. ਅੇੱਸ. ਵਿਰਕ (ਸੇਵ ਨਵਿਰਤ) ਨੇ ਇਸ ਇਕਰਾਰਨਾਮੇ ਉੱਤੇ ਗਵਾਹਾਂ ਵਜੋਂ ਦਸਤਖ਼ਤ ਕੀਤੇ।